ਸ਼ੀ ਵਲੋਂ ਫ਼ੌਜ ਨੂੰ ਜੰਗੀ ਤਿਆਰੀ ਦਾ ਹੋਕਾ

ਪੇਈਚਿੰਗ (ਸਮਾਜਵੀਕਲੀ) : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਫ਼ੌਜ ਨੂੰ ਜੰਗੀ ਤਿਆਰੀਆਂ ਤੇਜ਼ ਕਰਨ ਲਈ ਆਖਦਿਆਂ ਮੁਲਕ ਦੀ ਹਕੂਮਤ/ਪ੍ਰਭੂਸੱਤਾ ਦਾ ਪੂਰੀ ਦਲੇਰੀ ਨਾਲ ਬਚਾਅ ਕਰਨ ਦੀ ਤਾਕੀਦ ਕੀਤੀ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਕੱਤਰ ਜਨਰਲ ਤੇ 20 ਲੱਖ ਦੀ ਨਫ਼ਰੀ ਵਾਲੀ ਤਾਕਤਵਾਰ ਫ਼ੌਜ ਦੇ ਮੁਖੀ ਸ਼ੀ (66) ਨੇ ਇਹ ਟਿੱਪਣੀਆਂ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤੇ ਪੀਪਲਜ਼ ਆਰਮਡ ਫੋਰਸ ਦੇ ਡੈਲੀਗੇਸ਼ਨਾਂ ਦੀ ਪਲੈਨਰੀ ਮੀਟਿੰਗ ਵਿੱਚ ਹਾਜ਼ਰੀ ਭਰਨ ਮੌਕੇ ਕੀਤੀਆਂ।

ਸ਼ੀ ਨੇ ਫ਼ੌਜ ਨੂੰ ਹੁਕਮ ਦਿੱਤੇ ਕਿ ਉਹ ਮੁਸ਼ਕਲ ਤੋਂ ਮੁਸ਼ਕਲ ਤੇ ਮਾੜੇ ਤੋਂ ਮਾੜੇ ਹਾਲਾਤ ਦੇ ਟਾਕਰੇ ਲਈ ਹੁਣ ਤੋਂ ਹੀ ਤਿਆਰੀ ਕਸਦਿਆਂ ਆਪਣੀ ਸਿਖਲਾਈ ਤੇ ਜੰਗੀ ਤਿਆਰੀਆਂ ਨੂੰ ਤੇਜ਼ ਕਰ ਦੇਣ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਨੇ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਸਦਰ ਨੇ ਫ਼ੌਜ ਨੂੰ ਪੂਰੀ ਦਲੇਰੀ ਤੇ ਹਿੰਮਤ ਨਾਲ ਦੇਸ਼ ਦੀ ਪ੍ਰਭੂਸੱਤਾ, ਸਲਾਮਤੀ ਤੇ ਵਿਕਾਸ ਨਾਲ ਜੁੜੇ ਹਿੱਤਾਂ ਦਾ ਬਚਾਅ ਕਰਨ ਲਈ ਕਿਹਾ। ਸ਼ੀ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਆਈਆਂ ਹਨ ਜਦੋਂ ਪਿਛਲੇ 20 ਦਿਨਾਂ ਤੋਂ ਚੀਨ ਤੇ ਭਾਰਤ ਦੀਆਂ ਫੌਜਾਂ ਵਿਚਾਲੇ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਹਾਲਾਤ ਟਕਰਾਅ ਵਾਲੇ ਬਣੇ ਹੋਏ ਹਨ।

ਉਧਰ ਵਿਵਾਦਤ ਦੱਖਣੀ ਚੀਨ ਸਾਗਰ ਤੇ ਤਾਇਵਾਨ ਜਲਡਮਰੂ ਵਿੱਚ ਅਮਰੀਕੀ ਜਲਸੈਨਾ ਦੇ ਬੇੜਿਆਂ ਦੀ ਗਸ਼ਤ ਵਧਣ ਮਗਰੋਂ ਅਮਰੀਕਾ ਤੇ ਚੀਨ ਦੀਆਂ ਫੌਜਾਂ ਵਿੱਚ ਮੱਤਭੇਦ ਸਿਖਰ ’ਤੇ ਹਨ। ਕਰੋਨਾਵਾਇਰਸ ਮਹਾਮਾਰੀ ਚੀਨ ਦੇ ਸ਼ਹਿਰ ਵੂਹਾਨ ਤੋਂ ਉਪਜਣ ਨੂੰ ਲੈ ਕੇ ਵੀ ਵਾਸ਼ਿੰਗਟਨ ਤੇ ਪੇਈਚਿੰਗ ਵਿਚ ਸ਼ਬਦੀ ਜੰਗ ਵੀ ਆਪਣੇ ਸਿਖਰ ’ਤੇ ਹੈ।

Previous articleਪਾਸਪੋਰਟ ਦਫ਼ਤਰ ’ਚ ਕੰਮਕਾਜ ਸ਼ੁਰੂ; ਲੋਕ ਖੁਆਰ
Next articleIMD issues advisory to fishermen over rough Arabian sea