ਨਸ਼ਾ ਤਸਕਰੀ: ਆਈਜੀ ਉਮਰਾਨੰਗਲ, ਦੋ ਐੱਸਪੀ ਅਤੇ ਦੋ ਡੀਐੱਸਪੀ ਮੁਅੱਤਲ

  • ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਵਿੱਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
  • ਭਵਿੱਖ ’ਚ ਠੋਸ ਤੱਥ ਸਾਹਮਣੇ ਆਉਣ ’ਤੇ ਪੁਲੀਸ ਅਧਿਕਾਰੀਆਂ ਨੂੰ ਕੇਸ ’ਚ ਨਾਮਜ਼ਦ ਕਰਨ ਦਾ ਦਾਅਵਾ ਕੀਤਾ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਸਰਕਾਰ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਚਰਚਿਤ ਤੇ ਵਿਵਾਦਿਤ ਪੁਲੀਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐੱਸਪੀ(ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀਐੱਸਪੀ ਤੇ ਕਰਨਸ਼ੇਰ ਸਿੰਘ ਡੀਐੱਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਡੀਜੀਪੀ ਦਫ਼ਤਰ ਵੱਲੋਂ ਕੀਤੀ ਸਿਫਾਰਿਸ਼ ਦੇ ਆਧਾਰ ‘ਤੇ ਗ੍ਰਹਿ ਵਿਭਾਗ ਨੇ ਉਕਤ ਪੁਲੀਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ।

ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਂ ਪੁਲੀਸ ਅਫ਼ਸਰਾਂ ਨੂੰ ਦੋਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪੁਲੀਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਪੁਲੀਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐੱਸਟੀਐੱਫ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ ’ਚ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਐੱਸਟੀਐੱਫ ਨੇ ਗੁਰਦੀਪ ਸਿੰਘ ਦੀ ਤਫਤੀਸ਼ ਦੇ ਅਧਾਰ ’ਤੇ ਸਰਕਾਰ ਅਤੇ ਡੀਜੀਪੀ ਦਫ਼ਤਰ ਨੂੰ ਜੋ ਰਿਪੋਰਟ ਭੇਜੀ ਸੀ, ਉਸ ਰਿਪੋਰਟ ’ਚ ਉਕਤ ਪੁਲੀਸ ਅਫਸਰਾਂ ਦੇ ਗੁਰਦੀਪ ਸਿੰਘ ਨਾਲ ਨੇੜਲੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ।

ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵਿਅਕਤੀ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਆਈਜੀ, ਐੱਸਪੀ ਤੇ ਡੀਐੱਸਪੀ ਰੈਂਕ ਦੇ ਪੁਲੀਸ ਅਫਸਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਗਠਿਤ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕੁਝ ਮਹੀਨੇ ਪਹਿਲਾਂ ਖੰਨਾ ਨੇੜਲੇ ਪਿੰਡ ਰਾਣੋ ਦੇ ਸਰਪੰਚ ਗੁਰਦੀਪ ਸਿੰਘ ਨੂੰ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਜੀਪੀ ਦਫ਼ਤਰ ਦੀਆਂ ਸਿਫਾਰਿਸ਼ਾਂ ’ਤੇ ਗ੍ਰਹਿ ਵਿਭਾਗ ਦੀ ਤਾਜ਼ਾ ਕਾਰਵਾਈ 6 ਨਵੰਬਰ 2011 ਨੂੰ ਦਰਜ ਐੱਫਆਈਆਰ ਨੰ. 147, ਜੋ ਕਿ ਐੱਨਡੀਪੀਐੱਸ ਐਕਟ ਤੇ ਅਸਲਾ ਐਕਟ ਅਧੀਨ ਦਰਜ ਕੀਤੀ ਗਈ ਸੀ, ਤਹਿਤ ਹੋਈ ਹੈ। ਇਸ ਲਈ ਮੁਕੰਮਲ ਤਫ਼ਤੀਸ਼ ਤੋਂ ਬਾਅਦ ਜੇ ਕਿਸੇ ਪੁਲੀਸ ਅਧਿਕਾਰੀ ਖਿਲਾਫ਼ ਠੋਸ ਤੱਥ ਸਾਹਮਣੇ ਆਉਂਦੇ ਹਨ ਤਾਂ ਮਾਮਲੇ ਵਿੱਚ ਨਾਮਜ਼ਦ ਵੀ ਕੀਤਾ ਜਾ ਸਕਦਾ ਹੈ।

ਐੱਸਟੀਐੱਫ ਵੱਲੋਂ ਇਸ ਕਥਿਤ ਤਸਕਰ ਦੀ ਤਫ਼ਤੀਸ਼ ਮਗਰੋਂ ਰਿਪੋਰਟ ਤਿਆਰ ਕੀਤੀ ਗਈ ਸੀ, ਜਿਸ ਮੁਤਾਬਕ ਮੁਲਜ਼ਮ ਦੇ ਡੀਐੱਸਪੀ, ਐੱਸਪੀ ਅਤੇ ਆਈਜੀ ਰੈਂਕ ਦੇ ਪੁਲੀਸ ਅਧਿਕਾਰੀਆਂ ਨਾਲ ਗੂੜ੍ਹੇ ਸਬੰਧ ਸਨ। ਇਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੁਝ ਪੁਲੀਸ ਅਫ਼ਸਰਾਂ ਨੂੰ ਗੁਰਦੀਪ ਸਿੰਘ ਦੇ ਧੰਦਿਆਂ ਬਾਰੇ ਨਾ ਸਿਰਫ਼ ਜਾਣਕਾਰੀ ਸੀ, ਬਲਕਿ ਉਨ੍ਹਾਂ ਦੀ ਸ਼ਮੂਲੀਅਤ ਦੇ ਤੱਥ ਵੀ ਸਾਹਮਣੇ ਆਏ ਹਨ।

Previous articleਨਵਜੋਤ ਸਿੱਧੂ ਦੀ ਮੁੱਖ ਧਾਰਾ ’ਚ ਵਾਪਸੀ ਦਾ ਪੇਚ ਮੁੜ ਫਸਿਆ
Next articleਕੌਮੀ ਬੈਂਕ ਦੇ ਗਠਨ ਸਬੰਧੀ ਬਿੱਲ ਰਾਜ ਸਭਾ ’ਚ ਪਾਸ