ਨਵਜੋਤ ਸਿੱਧੂ ਦੀ ਮੁੱਖ ਧਾਰਾ ’ਚ ਵਾਪਸੀ ਦਾ ਪੇਚ ਮੁੜ ਫਸਿਆ

  • ਮੁੱਖ ਮੰਤਰੀ ਨੇ ਗੇਂਦ ਸਿੱਧੂ ਦੇ ਪਾਲੇ ਵਿੱਚ ਸੁੱਟੀ
  • ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼

ਚੰਡੀਗੜ੍ਹ (ਸਮਾਜ ਵੀਕਲੀ): ਵਿਧਾਇਕ ਨਵਜੋਤ ਸਿੱਧੂ ਦੀ ਮੁੱਖ ਧਾਰਾ ’ਚ ਵਾਪਸੀ ਦਾ ਪੇਚ ਮੁੜ ਫਸ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਪੱਤੇ ਖੋਲ੍ਹ ਦਿੱਤੇ ਹਨ ਕਿ ਉਨ੍ਹਾਂ ਨਵਜੋਤ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼ ਕੀਤੀ ਹੈ ਜਿਸ ਮਗਰੋਂ ਨਵਜੋਤ ਸਿੱਧੂ ਦੇ ਉੱਪ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ’ਤੇ ਫਿਲਹਾਲ ਵਿਰਾਮ ਲੱਗ ਗਿਆ ਹੈ।

ਨਵਜੋਤ ਸਿੱਧੂ ਆਖਰੀ ਵਾਰ 17 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ’ਤੇ ਮਿਲੇ ਸਨ। ਉਸ ਤੋਂ ਪਹਿਲਾਂ ਵੀ ਉਹ ਇੱਕ ਦਫ਼ਾ ਮੁੱਖ ਮੰਤਰੀ ਨੂੰ ਲੰਚ ’ਤੇ ਮਿਲ ਚੁੱਕੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ’ਚ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਪਹਿਲੇ ਦਿਨ ਤੋਂ ਮਹਿਕਮਾ ਖਾਲੀ ਰੱਖਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫ਼ੈਸਲਾ ਨਵਜੋਤ ਸਿੱਧੂ ਨੇ ਕਰਨਾ ਹੈ ਕਿ ਉਸ ਨੇ ਕਦੋਂ ਵਾਪਸ ਆਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇਸ ਬਾਰੇ ਹਾਈ ਕਮਾਨ ਨਾਲ ਗੱਲ ਕਰਨੀ ਹੈ ਤਾਂ ਉਹ ਕਰ ਸਕਦੇ ਹਨ। ਅਮਰਿੰਦਰ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਘੱਟ ਹੈ ਅਤੇ ਨਵਜੋਤ ਸਿੱਧੂ ਨੂੰ ਜਲਦੀ ਮਨ ਬਣਾਉਣਾ ਚਾਹੀਦਾ ਹੈ। ਅਮਰਿੰਦਰ ਦੀ ਪੇਸ਼ਕਸ਼ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਮੁੱਖ ਮੰਤਰੀ ਹੁਣ ਨਵਜੋਤ ਸਿੱਧੂ ਨੂੰ ਬਿਜਲੀ ਮਹਿਕਮਾ ਦੇਣ ਦੇ ਹੀ ਇੱਛੁਕ ਹਨ।

ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਮੁੜ ਸੰਪਰਕ ਵਿਚ ਆ ਗਏ ਹਨ। ਕਾਂਗਰਸ ਹਾਈ ਕਮਾਨ ਇਸ ਵੇਲੇ ਪੰਜ ਸੂਬਿਆਂ ਦੀਆਂ ਚੋਣਾਂ ਵਿੱਚ ਉਲਝੀ ਹੋਈ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਇਸ ਵੇਲੇ ਚੋਣ ਵਿਚਾਰ ’ਤੇ ਹਨ ਜਿਸ ਕਰਕੇ ਉਨ੍ਹਾਂ ਨੂੰ ਮਿਲਣ ’ਚ ਫਿਲਹਾਲ ਨਵਜੋਤ ਸਿੱਧੂ ਨੂੰ ਦਿੱਕਤ ਆਵੇਗੀ। ਭਲਕੇ ਕੋਈ ਵੀ ਨਤੀਜਾ ਸਾਹਮਣੇ ਆਉਂਦਾ ਹੈ ਪਰ ਮੁੱਖ ਮੰਤਰੀ ਨੇ ਇੱਕ ਗੱਲ ਸਾਫ ਕੀਤੀ ਹੈ ਕਿ ਉਹ ਨਵਜੋਤ ਸਿੱਧੂ ਨੂੰ ਵਜ਼ੀਰੀ ਤੋਂ ਵੱਧ ਕੁਝ ਨਹੀਂ ਦੇਣਾ ਚਾਹੁੰਦੇ।

Previous articleਅਰਥਚਾਰੇ ਨੂੰ ਪੈਰਾਂ ਸਿਰ ਕਰਨ ਦਾ ਅਮਲ ‘ਬੇਰੋਕ ਜਾਰੀ ਰਹੇਗਾ: ਸ਼ਕਤੀਕਾਂਤ ਦਾਸ
Next articleਨਸ਼ਾ ਤਸਕਰੀ: ਆਈਜੀ ਉਮਰਾਨੰਗਲ, ਦੋ ਐੱਸਪੀ ਅਤੇ ਦੋ ਡੀਐੱਸਪੀ ਮੁਅੱਤਲ