ਨਗਰੋਟਾ ਨੇੜੇ ਮੁਕਾਬਲੇ ’ਚ ਜੈਸ਼ ਦੇ ਚਾਰ ਅਤਿਵਾਦੀ ਹਲਾਕ

ਜੰਮੂ/ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਕੌਮੀ ਮਾਰਗ ’ਤੇ ਅੱਜ ਤੜਕੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਚਾਰ ਸ਼ੱਕੀ ਅਤਿਵਾਦੀ ਮਾਰੇ ਗਏ ਜਦਕਿ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ। ਜੰਮੂ ਪੁਲੀਸ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਹਲਾਕ ਹੋਏ ਅਤਿਵਾਦੀ ਕੋਈ ਵੱਡੀ ਵਾਰਦਾਤ ਅੰਜਾਮ ਦੇਣ ਦੇ ਇਰਾਦੇ ਨਾਲ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜਖੀਰਾ ਲਿਜਾ ਰਹੇ ਸੀ। ਸੁਰੱਖਿਆ ਬਲਾਂ ਵੱਲੋਂ ਨਗਰੋਟਾ ਦੇ ਬਾਨ ਟੌਲ ਪਲਾਜ਼ਾ ਨੇੜੇ ਅਤਿਵਾਦੀਆਂ ਦਾ ਵਾਹਨ ਰੋਕੇ ਜਾਣ ਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ।

ਸ੍ਰੀਨਗਰ ’ਚ ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚਾਰ ਅਤਿਵਾਦੀ ਕਸ਼ਮੀਰ ’ਚ ਇਸ ਮਹੀਨੇ ਹੋਣ ਵਾਲੀਆਂ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਚੋਣਾਂ ’ਚ ਗੜਬੜ ਕਰਨ ਦੇ ਇਰਾਦੇ ਨਾਲ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਤਿਵਾਦੀਆਂ ਦੇ ਟਰੱਕ ਨੂੰ ਤੜਕੇ ਪੰਜ ਵਜੇ ਨਗਰੋਟਾ ਨੇੜਲੇ ਬਾਨ ਟੌਲ ਪਲਾਜ਼ਾ ਨੇੜੇ ਜਾਂਚ ਲਈ ਰੋਕਿਆ ਗਿਆ ਤਾਂ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੀਆਰਪੀਐੱਫ ਤੇ ਪੁਲੀਸ ਦੇ ਜਵਾਨ ਟਰੱਕ ਦੀ ਜਾਂਚ ਕਰਨ ਲੱਗੇ ਤਾਂ ਟਰੱਕ ਅੰਦਰ ਲੁਕੇ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਇਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ।

ਅਤਿਵਾਦੀਆਂ ਨੇ ਸੁਰੱਖਿਆਂ ਬਲਾਂ ’ਤੇ ਗਰਨੇਡ ਵੀ ਸੁੱਟੇ। ਉਨ੍ਹਾਂ ਦੱਸਿਆ ਕਿ ਤਿੰਨ ਘੰਟੇ ਚੱਲੇ ਇਸ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀ ਮਾਰ ਮੁਕਾਏ ਜਦਕਿ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਇਸ ਮੁਕਾਬਲੇ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ ’ਤੇ ਅੰਦਰੋਂ 11 ਏਕੇ 47 ਰਾਈਫਲਾਂ, 3 ਪਿਸਤੌਲਾਂ, 29 ਗਰਨੇਡ ਅਤੇ 6 ਯੂਬੀਜੀਐੱਲ ਗਰਨੇਡ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮੌਕੇ ਤੋਂ ਬਰਾਮਦ ਹੋਏ ਹਥਿਆਰਾਂ ਦੇ ਜ਼ਖੀਰੇ ਤੋਂ ਲੱਗਦਾ ਹੈ ਕਿ ਮਾਰੇ ਗਏ ਅਤਿਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਕਸ਼ਮੀਰ ’ਚ ਹੋਣ ਵਾਲੀਆਂ ਡੀਡੀਸੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਅਤਿਵਾਦੀਆਂ ਦੇ ਘੁਸਪੈਠ ਦੀਆਂ ਕੋਸ਼ਿਸ਼ਾਂ ਵਧਾ ਦਿੱਤੀਆਂ ਗਈਆਂ ਹਨ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੀ ਪਛਾਣ ਕੁਲਦੀਪ ਰਾਜ ਤੇ ਮੁਹੰਮਦ ਇਸਹਾਕ ਮਲਿਕ ਵਜੋਂ ਹੋਈ ਹੈ।

Previous articleਕਿਸਾਨ ਮੋਰਚੇ ਵੱਲੋਂ ਦੇਸ਼-ਵਿਆਪੀ ਸੰਘਰਸ਼ ਦਾ ਅਹਿਦ
Next articleਸਿਹਤ ਕਾਮਿਆਂ ਤੇ ਬਜ਼ੁਰਗਾਂ ਨੂੰ ਪਹਿਲਾਂ ਮਿਲੇਗੀ ਵੈਕਸੀਨ: ਵਰਧਨ