ਸਿਹਤ ਕਾਮਿਆਂ ਤੇ ਬਜ਼ੁਰਗਾਂ ਨੂੰ ਪਹਿਲਾਂ ਮਿਲੇਗੀ ਵੈਕਸੀਨ: ਵਰਧਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ- 19 ਵੈਕਸੀਨ ਦੇ ਅਗਲੇ ਤਿੰਨ-ਚਾਰ ਮਹੀਨਿਆਂ ’ਚ ਤਿਆਰ ਹੋ ਜਾਣ ਸਬੰਧੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਨੇ ਸਿਹਤ ਕਾਮਿਆਂ ਅਤੇ 65 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਪ੍ਰਮੁੱਖਤਾ ਨਾਲ ਇਹ ਵੈਕਸੀਨ ਦੇਣ ਸਬੰਧੀ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ। ‘ਫਿੱਕੀ’ ਦੇ ਐੱਫਐੱਲਓ ਦੇ ਕੌਮੀ ਵੈਬਿਨਾਰ ਮੌਕੇ ਉਨ੍ਹਾਂ ਕਿਹਾ ਕਿ ਜੁਲਾਈ-ਅਗਸਤ ਤੱਕ 250-300 ਮਿਲੀਅਨ ਲੋਕਾਂ ਲਈ 400-500 ਮਿਲੀਅਨ ਵੈਕਸੀਨ ਦੀਆਂ ਖ਼ੁਰਾਕਾਂ ਉਪਲੱਬਧ ਹੋ ਜਾਣਗੀਆਂ। ਉਨ੍ਹਾਂ ਕਿਹਾ,‘ਇਹ ਸੁਭਾਵਿਕ ਹੈ ਕਿ ਵੈਕਸੀਨ ਦੀ ਵੰਡ ਪ੍ਰਣਾਲੀ ਨੂੰ ਪ੍ਰਮੁੱਖਤਾ ਦੇ ਆਧਾਰ ’ਤੇ ਤਿਆਰ ਕਰਨਾ ਪਵੇਗਾ।

ਜਿਵੇਂ ਕਿ ਤੁਸੀਂ ਜਾਣਦੇ ਹੋ ਸਿਹਤ ਕਾਮੇ ਜੋ ਕਿ ਕਰੋਨਾ ਯੋਧੇ ਹਨ, ਨੂੰ ਪ੍ਰਮੁੱਖਤਾ ਨਾਲ ਇਹ ਵੈਕਸੀਨ ਦਿੱਤੀ ਜਾਵੇਗੀ, ਇਸ ਤੋਂ ਬਾਅਦ 65 ਸਾਲ ਤੋਂ ਉੱਪਰ ਦੇ ਲੋਕਾਂ, ਇਸ ਮਗਰੋਂ 50-65 ਸਾਲ ਦੇ ਲੋਕਾਂ ਤੇ ਇਸ ਮਗਰੋਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਵੀ ਹੈ, ਨੂੰ ਪ੍ਰਮੁੱਖਤਾ ਨਾਲ ਇਹ ਵੈਕਸੀਨ ਦਿੱਤੀ ਜਾਵੇਗੀ।’ ਸ੍ਰੀ ਵਰਧਨ ਨੇ ਕਿਹਾ ਕਿ ਹਰ ਗੱਲ ਮਾਹਿਰਾਂ ਵੱਲੋਂ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਤੈਅ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,‘ਅਸੀਂ ਇਸ ਸਬੰਧੀ ਇੱਕ ਵਿਸਤ੍ਰਿਤ ਅਤੇ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਜੋ ਕੰਮ ਸਾਨੂੰ ਅਗਲੇ ਵਰ੍ਹੇ ਮਾਰਚ-ਅਪਰੈਲ ਮਹੀਨੇ ’ਚ ਕਰਨਾ ਹੈ, ਅਸੀਂ ਉਸ ਲਈ ਹੁਣ ਤੋਂ ਹੀ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਕੋਵਿਡ- 19 ਖ਼ਿਲਾਫ਼ ਸਾਂਝੀ ਪ੍ਰਤੀਕਿਰਿਆ ਪ੍ਰਣਾਲੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਸਾਰੀਆਂ ਵੈਕਸੀਨਾਂ ਦੇ ਕਲਿਨੀਕਲ ਟਰਾਇਲ ਕਰਾਂਗੇ।’

Previous articleਨਗਰੋਟਾ ਨੇੜੇ ਮੁਕਾਬਲੇ ’ਚ ਜੈਸ਼ ਦੇ ਚਾਰ ਅਤਿਵਾਦੀ ਹਲਾਕ
Next articlePunjab CM asks Centre to show magnanimity in restoring rail traffic