ਧਾਰਾ 370 ਤੇ ਸੀਏਏ ਬਾਰੇ ਮੁੜ ਵਿਚਾਰ ਦਾ ਕੋਈ ਸਵਾਲ ਨਹੀਂ: ਮੋਦੀ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਧਾਰਾ 370 ਬਾਰੇ ਲਏ ਫ਼ੈਸਲਿਆਂ ’ਤੇ ਮੁੜ ਵਿਚਾਰ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਤਰ੍ਹਾਂ ਦੇ ਦਬਾਅ ਦੇ ਬਾਵਜੂਦ ਚੁੱਕੇ ਗਏ ਕਦਮਾਂ ’ਤੇ ਕਾਇਮ ਹੈ ਅਤੇ ਭਵਿੱਖ ਵਿਚ ਵੀ ਕਾਇਮ ਰਹੇਗੀ। ਆਪਣੇ ਲੋਕ ਸਭਾ ਹਲਕੇ ਵਾਰਾਨਸੀ ਵਿਚ ਮੋਦੀ ਨੇ ਜਨਤਕ ਇਕੱਠ ’ਚ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਲਈ ਲੋਕਾਂ ਨੇ ਸਾਲਾਂਬੱਧੀ ਇੰਤਜ਼ਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਵਿਚ ਇਹ ਫ਼ੈਸਲੇ ਜ਼ਰੂਰੀ ਸਨ। ਮੋਦੀ ਨੇ ਇਸ ਮੌਕੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਗਠਿਤ ਟਰਸੱਟ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ‘ਤੇਜ਼ੀ’ ਨਾਲ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 67 ਏਕੜ ਜ਼ਮੀਨ ਇਸ ਲਈ ਟਰੱਸਟ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਹਲਕੇ ਵਿਚ 1,254 ਕਰੋੜ ਰੁਪਏ ਦੇ ਕਰੀਬ 50 ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਵੀਡੀਓ ਲਿੰਕ ਰਾਹੀਂ ਆਈਆਰਸੀਟੀਸੀ ਦੀ ‘ਮਹਾਕਾਲ ਐਕਸਪ੍ਰੈੱਸ’ ਨੂੰ ਵੀ ਹਰੀ ਝੰਡੀ ਦਿਖਾਈ। ਰਾਤ ਨੂੰ ਚੱਲਣ ਵਾਲੀ ਇਹ ਪਹਿਲੀ ਪ੍ਰਾਈਵੇਟ ਰੇਲੱਗਡੀ ਹੋਵੇਗੀ ਜੋ ਵਾਰਾਨਸੀ, ਉਜੈਨ ਤੇ ਓਮਕਾਰੇਸ਼ਵਰ ’ਚ ਤਿੰਨ ਜਯੋਤਿਰਲਿੰਗ ਤੀਰਥਾਂ ਨੂੰ ਜੋੜੇਗੀ। ਉਨ੍ਹਾਂ ਇਸ ਮੌਕੇ ਪੰਡਿਤ ਦੀਨਦਿਆਲ ਉਪਾਧਿਆਏ ਯਾਦਗਾਰੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤਾ ਤੇ ਆਰਐੱਸਐੱਸ ਵਿਚਾਰਕ ਦੇ 63 ਫੁੱਟ ਉੱਚੇ ਬੁੱਤ ਤੋਂ ਵੀ ਪਰਦਾ ਹਟਾਇਆ। ਇਹ ਉਪਾਧਿਆਏ ਦਾ ਮੁਲਕ ’ਚ ਸਭ ਤੋਂ ਉੱਚਾ ਬੁੱਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੀ ਰੂਹ ਪ੍ਰੇਰਣਾ ਦਿੰਦੀ ਹੈ। ਸਰਕਾਰ ਦਲਿਤਾਂ ਤੇ ਹੋਰ ਪੱਛੜੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਪਾਧਿਆਏ ਦੀ ‘ਅੰਤੋਦਯ’ ਵੀ ਇਹੀ ਕਹਿੰਦੀ ਹੈ ਕਿ ਕਤਾਰ ਵਿਚ ਸਭ ਤੋਂ ਪਿੱਛੇ ਖੜ੍ਹੇ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਮੋਦੀ ਨੇ ਇਸ ਮੌਕੇ 430 ਬਿਸਤਰਿਆਂ ਵਾਲੇ ਅਤਿ-ਆਧੁਨਿਕ ਸਰਕਾਰੀ ਹਸਪਤਾਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਵਾਰਾਨਸੀ ਹਿੱਸੇ 25,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਆਏ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਿਰਾਸਤੀ ਤੇ ਧਾਰਮਿਕ ਅਸਥਾਨਾਂ ਦੇ ਬਿਹਤਰ ਸੰਪਰਕ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਹਾਜ਼ਰ ਸਨ।

Previous articleਬਜਟ ਵਿੱਚ ਦੂਰਅੰਦੇਸ਼ੀ ਦੀ ਘਾਟ ਕਾਰਨ ਨਿਰਾਸ਼ਾ ਪੱਲੇ ਪਈ: ਗੋਇਲ
Next articleਜਦੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਮਨਮੋਹਨ ਸਿੰਘ