ਨਵੀਂ ਦਿੱਲੀ (ਸਮਾਜ ਵੀਕਲੀ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਉਹ ਜਲਦੀ ਹੀ ਹਰਿਆਣਾ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਕਾਨੂੰਨ ਲਿਆਉਣਗੇ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਸ਼ੁਰੂਆਤ ’ਚ ਆਰਡੀਨੈਂਸ ਲਿਆਂਦਾ ਜਾਵੇਗਾ ਤੇ ਮਗਰੋਂ ਅਸੈਂਬਲੀ ’ਚ ਇਸ ਸਬੰਧੀ ਬਿੱਲ ਲਿਆ ਕੇ ਇਸ ਨੂੰ ਕਾਨੂੰਨ ਦੀ ਸ਼ਕਲ ਦਿੱਤੀ ਜਾਵੇਗੀ। ਖੱਟਰ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੀਟਿੰਗ ਉਪਰੰਤ ਇਥੇ ਹਰਿਆਣਾ ਭਵਨ ’ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਖੱਟਰ ਨੇ ਕਿਹਾ ਕਿ ਤਕਰੀਬਨ ਇੱਕ ਮਹੀਨੇ ਬਾਅਦ ਹੋਈ ਮੀਟਿੰਗ ਦੌਰਾਨ ਕਿਸਾਨਾਂ ਦੇ ਮੁੱਦੇ ’ਤੇ ਵੀ ਚਰਚਾ ਹੋਈ।
ਹਰਿਆਣਾ ਮੰਤਰੀ ਮੰਡਲ ਵਿੱਚ ਵਾਧੇ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸ੍ਰੀ ਨੱਡਾ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਖੱਟਰ ਨੇ ਕਿਹਾ ਕਿ ਮੀਟਿੰਗ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਹਰਿਆਣਾ ਵਿੱਚ ਕੀਤੇ ਪ੍ਰਬੰਧਾਂ ਦੇ ਪ੍ਰਸੰਗ ਵਿੱਚ ਵਿਚਾਰ ਵਟਾਂਦਰਾ ਹੋਇਆ। ਹਰਿਆਣਾ ਵਿੱਚ ਫ਼ਿਲਮ ਸਿਟੀ ਦੀ ਉਸਾਰੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਜੌਰ ਵਿੱਚ ਐੱਚਐੱਮਟੀ ਦੀ ਜ਼ਮੀਨ ਵਿੱਚੋਂ ਕੁਝ ਜ਼ਮੀਨ ਇਸ ਕੰਮ ਲਈ ਰਾਖਵੀਂ ਰੱਖੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ 12 ਸਾਲ ਉਮਰ ਦੀਆਂ ਲੜਕੀਆਂ ਖ਼ਿਲਾਫ਼ ਹੁੰਦੇ ਫੌਜਦਾਰੀ ਅਪਰਾਧਾਂ ਦੀ ਸੁਣਵਾਈ ਨੂੰ ਫਾਸਟ ਟਰੈਕ ਅਦਾਲਤ ਵਿਚ ਲਿਆਂਦਾ ਗਿਆ, ਉਸੇ ਤਰ੍ਹਾਂ ਹੋਰ ਕੇਸ ਵੀ ਫਾਸਟ ਟਰੈਕ ਅਦਾਲਤ ਵਿਚ ਤਬਦੀਲ ਕੀਤੇ ਜਾਣਗੇ।