ਦੋਗਾਣਾ ਗਾਇਕੀ ਤੇ ਸਭਿਆਚਾਰਕ ਗੀਤਾਂ ਰਾਹੀਂ ਅੱਗੇ ਵਧਦੀ ਗਾਇਕ ਜੋੜੀ-ਗੁਰਵਿੰਦਰ ਸ਼ੇਰਗਿੱਲ ਸਿਮਰਨਸਿੰਮੀ

(ਸਮਾਜ ਵੀਕਲੀ)

ਗੁਰਵਿੰਦਰ ਸਿੰਘ ਸ਼ੇਰਗਿੱਲ ਪਿੰਡ ਸਿੱਧਵਾਂ ਡਾ:ਖਾਲੜਾ ਤਹਿਸਲ ਪੱਟੀ ਜਿਲਾ ਤਰਨਤਾਰਨ ਦਾ ਜੰਮਪਲ ਹੈ।ਮਾਤਾ ਮਨਜੀਤ ਕੌਰ ਅਤੇ ਪਿਤਾ ਸ:ਪਿਆਰਾ ਸਿੰਘ ਦਾ ਸਪੁੱਤਰ ਹੈ।ਭਾਂਵੇ ਪਿਛਲੇ ਤੀਹ ਸਾਲਾਂ ਤੋ ਸ਼ੇਰਗਿੱਲ ਲੁਧਿਆਣੇ ਰਹਿ ਰਿਹਾ ਹੈ ਪਰ ਫਿਰ ਵੀ ਆਪਣਾ ਪਿੰਡ ਤੇ ਆਪਣੇ ਪਿੰਡ ਦੀ ਮਿੱਟੀ ਨੂੰ ਕਦੇ ਵੀ ਨਹੀਂ ਭੁੱਲਦਾ । ਸ਼ੇਰਗਿੱਲ ਆਪਣੇ ਪਿੰਡ ਦਾ ਨਾਮ ਗੀਤਾਂ ਵਿੱਚ ਅਕਸਰ ਲੈਂਦਾ ਹੈ।

ਗੁਰਵਿੰਦਰ ਸ਼ੇਰਗਿੱਲ ਨੇ ਸਾਲ 2005 ਦੇ ਆਸ ਪਾਸ  ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਜਿੰਨ੍ਹਾਂ ਨੂੰ ਰਸਾਲਿਆਂ ਵਿੱਚ ਵਧੀਆ ਹੁੰਗਾਰਾ ਮਿਲਿਆ,ਫਿਰ ਸ਼ੇਰਗਿੱਲ ਦੀ ਮੁਲਾਕਾਤ ਜਲੰਧਰ ਤੋਂ ਛਪਦੇ ਰਜਨੀ ਰਸਾਲੇ ਰਾਹੀਂ ਡਾ:ਗੁਰਚਰਨ ਕੌਰ ਕੋਚਰ ਜੀ(ਲੁਧਿਆਣਾ)ਨਾਲ ਹੋਈ ਜਿਨਾਂ ਨੂੰ ਸ਼ੇਰਗਿੱਲ ਨੇ ਆਪਣੇ ਸਾਹਿਤਕ ਉਸਤਾਦ ਬਣਾ ਲਿਆ ਅਤੇ 2012ਵਿੱਚ ਡਾ : ਗੁਰਚਰਨ ਕੌਰ ਕੋਚਰ ਜੀ ਦੇ ਸਹਿਯੋਗ ਨਾਲ ਇੱਕ ਕਾਵਿ ਸੰਗ੍ਰਹਿ “ਖਿੜਦੇ ਫੁੱਲ ” ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ।ਸ਼ੇਰਗਿੱਲ ਨੇ ਧਾਰਮਿਕ ਗੀਤ ਵੀ ਬਹੁਤ ਵਧੀਆ ਲਿਖੇ।ਜਿਸ ਕਰਕੇ ਧਾਰਮਿਕ ਕਵੀ ਦਰਬਾਰਾਂ ਵਿੱਚ ਵੀ ਵਧੀਆ ਹਾਜਰੀ ਲੱਗਣ ਲੱਗ ਪਈ।ਫਿਰ ਤਕਰੀਬਨ ਇੱਕ ਸਾਲ ਦੇ ਕਰੀਬ ਬਤੌਰ ਐਂਕਰ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ “ਦੂਰਦਰਸ਼ਨ ਸੱਥ ” ਅਤੇ ਸ਼ੌਂਕ ਅਵੱਲੇ ਵਿੱਚ ਕੰਮ ਕੀਤਾ।

ਫਿਰ ਸ਼ੇਰਗਿੱਲ ਦੀ ਮੁਲਾਕਾਤ ਉਸ ਦੇ ਸੰਗੀਤ ਦੇ ਉਸਤਾਦ ਸ਼੍ਰੀ ਹਰਬੰਸ ਲਾਲ ਬੰਸੀ ਜੀ(ਲੁਧਿਆਣਾ)ਨਾਲ ਹੋਈ ਅਤੇ ਸੰਗੀਤ ਦੀ ਸਿੱਖਿਆ ਲੈਂਦੇ ਹੋਏ ਕੁੱਝ ਗੀਤ ਸਿਮਰਨ ਸਿੰਮੀ ਨਾਲ ਰਿਕਾਰਡ ਕਰਵਾਏ। 2018 ਵਿੱਚ  “ਅਖਾੜਾ ਦੂਰਦਰਸ਼ਨ ” ਅਤੇ ਹੋਰ ਵੀ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਗੁਰਵਿੰਦਰ ਸ਼ੇਰਗਿੱਲ ਅਤੇ   ਸਿਮਰਨ ਸਿੰਮੀ ਦੇ ਗੀਤ ਚੱਲੇ ਜਿੰਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ।ਅੱਜ ਵੀ ਇਸ ਗਾਇਕ ਜੋੜੀ ਦੇ ਗੀਤਾਂ ਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ

ਸਿਮਰਨ ਸਿੰਮੀ ਬਹੁਤ ਹੀ ਮਿੱਠੀ ਆਵਾਜ਼ ਦੀ ਮਲਿਕਾ ਹੈ ਜਿਸ ਦੇ ਪਹਿਲਾਂ ਵੀ ਕਈ ਗੀਤ ਰਿਕਾਰਡ ਹੋ ਚੁੱਕੇ ਹਨ। ਹੁਣ  ਗੁਰਵਿੰਦਰ ਸ਼ੇਰਗਿੱਲ ਅਤੇ ਸਿਮਰਨ ਸਿੰਮੀ ਦੇ ਗੀਤਾਂ ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਜਿੱਥੇ ਗੁਰਵਿੰਦਰ ਸ਼ੇਰਗਿੱਲ ਅਤੇ ਸਿਮਰਨ ਸਿੰਮੀ ਦੀ ਬੁਲੰਦ ਅਵਾਜ਼ ਦਿਲਾਂ ਨੂੰ ਖਿੱਚ ਪਾਉਂਦੀ ਹੈ ਉੱਥੇ ਦੋਹਾਂ ਦਾ ਸਟੇਜ ਤੇ ਆਪਸੀ ਤਾਲਮੇਲ ਬਾ- ਕਮਾਲ ਹੈ।

ਜਦੋਂ ਮੈਂ ਸ਼ੇਰਗਿੱਲ ਨੂੰ ਪੁੱਛਿਆ ਕਿ ਤੁਹਾਡੇ ਮਨਪਸੰਦ ਗਾਇਕ ਕੌਣ ਹਨ ਤਾਂ ਉਨ੍ਹਾਂ ਨੇ ਕਿਹਾ ਕੀ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ, ਆਸਾ ਸਿੰਘ ਮਸਤਾਨਾ, ਗੁਰਦਾਸ ਮਾਨ ਜੀ,ਸਰਦੂਲ ਸਿਕੰਦਰ ਜੀ, ਸਾਬਰਕੋਟੀ ਜੀ, ਮੁਹੰਮਦ ਸਦੀਕ ਜੀ, ਕੁਲਦੀਪ ਮਾਣਕ ਜੀ, ਸੁਰਿੰਦਰ ਕੌਰ ਜੀ, ਪ੍ਰਕਾਸ਼ ਕੌਰ ਜੀ, ਨਰਿੰਦਰ ਬੀਬਾ ਜੀ,ਜਸਪਿੰਦਰ ਨਰੂਲਾ ਜੀ, ਸਤਵਿੰਦਰ ਬਿੱਟੀ ਜੀ ਤੇ ਹੋਰ ਵੀ ਬਹੁਤ ਸਾਰੇ ਜੋ ਸੱਭਿਆਚਾਰਕ ਗੀਤ ਗਾਉਂਦੇ ਹਨ। ਉਹ ਸਾਰੇ ਮੇਰੇ ਮਨਪਸੰਦ ਹਨ।ਜਿਨ੍ਹਾਂ ਨੂੰ ਸੁਣ-ਸੁਣ ਕੇ ਮੈਂ ਵੀ ਗਾਉਣ ਦੀ ਕੋਸ਼ਿਸ਼ ਕੀਤੀ।ਇਨ੍ਹਾਂ ਦੀ ਸਾਫ਼ ਸੁਥਰੇ ਗੀਤਾਂ ਨੇ ਹੀ ਮੈਨੂੰ ਗਾਇਕੀ ਵੱਲ ਖਿੱਚਿਆ।ਬਾਬਾ ਬੋਹੜ ਲਾਲ ਯਮਲਾ ਜੱਟ ਦੇ ਗਾਏ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਗਏ ਜੋ  ਮੇਰੇ ਲਈ ਬਹੁਤ ਵੱਡੀ ਸੇਧ ਹਨ ਜਿਸ ਤੇ ਮੈ ਚੱਲਣ ਦੀ ਪੂਰੀ ਕੋਸ਼ਿਸ਼ ਕਰਾਗਾ।

ਗੁਰਵਿੰਦਰ ਸ਼ੇਰਗਿੱਲ ਨੂੰ ਜਦੋਂ ਪੁੱਛਿਆ ਕਿ ਪੰਜਾਬੀ ਗਾਇਕੀ ਨਸ਼ਿਆਂ ਤੇ ਹਥਿਆਰਾਂ ਵੱਲ ਜਾ ਰਹੀ ਹੈ,ਇਸ ਬਾਰੇ ਤੁਹਾਡੀ ਕੀ ਰਾਇ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵੱਖਰੀ ਗੱਲ ਹੈ ਕਿ ਅਸੀਂ ਪੰਜਾਬੀ ਹੋ ਕੇ ਵੀ ਪੰਜਾਬੀ ਸੱਭਿਆਚਾਰ ਤੇ ਵਿਰਸੇ ਤੋਂ ਮੁੱਖ ਮੋੜਦੇ ਜਾ ਰਹੇ ਹਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੈ।ਅਜਿਹੇ ਕੁਝ ਕੁ ਗਾਇਕ ਹਨ,ਜਿਨ੍ਹਾਂ ਨੇ ਗਾਇਕੀ ਨੂੰ ਸਿਰਫ਼ ਧੰਦਾ ਬਣਾ ਰੱਖਿਆ ਹੈ।ਜਦੋਂ ਕਿਸਾਨ ਮੋਰਚਾ ਚਾਲੂ ਹੋਇਆ ਹੈ ਜਿੰਨੇ ਵੀ ਗੀਤ ਰਿਕਾਰਡ ਹੋਏ ਹਨ ਉਨ੍ਹਾਂ ਵਿਚੋਂ ਨੱਬੇ ਪ੍ਰਤੀਸ਼ਤ ਇਨਕਲਾਬੀ ਤੇ ਸਮਾਜਿਕ ਸੋਚ ਭਰਪੂਰ ਹਨ।ਕਿਸਾਨ ਮਜ਼ਦੂਰ ਏਕਤਾ ਮੋਰਚੇ ਨੇ ਪੰਜਾਬੀ ਗਾਇਕੀ ਦਾ ਮੂੰਹ ਮੁਹਾਂਦਰਾ ਵੀ ਸੁਧਾਰ ਦਿੱਤਾ ਹੈ।

ਬਾਜ਼ਾਰੂ ਕੰਪਨੀਆਂ ਦੀ ਇਹ ਗ਼ਲਤੀ ਸੀ ਪਰ ਹੁਣ ਗਾਇਕ ਤੇ ਗੀਤਕਾਰ ਵੀ ਜਾਗਰੂਕ ਹੋ ਗਏ ਹਨ  ਹੁਣ ਗਾਇਕੀ ਮਾਂ ਬੋਲੀ ਪੰਜਾਬੀ ਦੀ ਹਾਮੀ ਭਰੇਗੀ। ਪੰਜਾਬੀ ਭਾਸ਼ਾ ਨੂੰ ਸਾਡੇ ਗੁਰੂਆਂ ਪੀਰਾਂ ਦੀ ਗੁੜ੍ਹਤੀ ਹੀ ਨਹੀਂ ਮਿਲੀ ਸਗੋਂ ਪੰਜਾਬੀ ਭਾਸ਼ਾ ਨੂੰ ਸਾਡੇ ਗੁਰੂਆਂ ਪੀਰਾਂ ਦੀ ਗੋਦ ਮਿਲੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਦਨਾ ਹੀ ਪੰਜਾਬੀ ਵਿੱਚ ਹੈ ਜਿਸ ਵਿੱਚ  ਗੁਰੂ ਸਾਹਿਬਾਨ,ਭਗਤ  ਸਾਹਿਬਾਨ ,ਭੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਹੈ। ਬਾਬਾ ਬੁੱਲ੍ਹੇ ਸ਼ਾਹ ਜੀ ਦੀਆਂ ਕਾਫੀਆਂ ਅਤੇ ਹਜਰਤ ਸੁਲਤਾਨ ਬਾਹੂ ਜੀ ਦੀਆਂ ਰੁਬਾਈਆਂ ਵੀ ਪੰਜਾਬੀ ਵਿਚ ਹਨ।

ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਤਕਰੀਬਨ 7000 ਭਾਸ਼ਾਵਾਂ ਵਿੱਚੋਂ   ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਹੈ।ਇਹ ਸਾਡੇ ਵਾਸਤੇ ਬੜੇ ਹੀ ਫ਼ਖ਼ਰ ਅਤੇ ਮਾਣ ਵਾਲੀ ਗੱਲ ਹੈ। ਸਾਡੀ ਪੰਜਾਬੀ ਭਾਸ਼ਾ, ਦੁਨੀਆ ਤੇ, ਗੁਰੂਆਂ ਪੀਰਾਂ ਦੀ ਮਿਹਰ ਸਦਕਾ ਹਮੇਸ਼ਾ ਅਮਰ ਰਹੇਗੀ।ਹਿੰਦੀ ਫਿਲਮਾਂ ਨੂੰ ਵੇਖ ਲਵੋ ਜਿਸ ਫਿਲਮ ਦੇ ਗੀਤ ਸੰਗੀਤ ਵਿੱਚ ਪੰਜਾਬੀ ਦਾ ਮਿਸ਼ਰਣ ਹੁੰਦਾ ਹੈ ਉਹ ਗੀਤਾਂ ਦੇ ਆਧਾਰ ਤੇ ਹੀ ਫ਼ਿਲਮ ਸਫ਼ਲ ਹੋ ਜਾਂਦੀ ਹੈ।ਪੰਜਾਬੀ ਗਾਇਕੀ ਤੇ ਮਾਂ ਬੋਲੀ ਨੂੰ ਕੋਈ ਖ਼ਤਰਾ ਨਹੀਂ ਇਸ ਦਾ ਭਵਿੱਖ ਬਹੁਤ  ਰੋਸ਼ਨ ਸੀ ਤੇ ਰੋਸ਼ਨ ਹੀਂ ਰਹੇਗਾ।

ਤੁਹਾਡਾ ਸਿਮਰਨ ਸਿੰਮੀ ਨਾਲ ਗਾਇਕੀ ਦਾ ਸਬੰਧ ਕਿਵੇਂ ਬਣਿਆ, ਸਿਮਰਨ ਸਿੰਮੀ ਨੇ ਮੇਰੇ ਲਿਖੇ ਗੀਤ ਪਹਿਲਾ ਗਾਏ ਸਨ।ਉਸ ਤੋਂ ਬਾਅਦ ਜਦੋਂ ਮੇਰਾ ਵਿਚਾਰ ਦੋਗਾਣਾ ਕਰਵਾਉਣ ਦਾ ਬਣਿਆ ਤਾਂ ਮੈ  ਆਪਣੇ ਸੰਗੀਤ ਦੇ ਉਸਤਾਦ ਸ਼੍ਰੀ ਹਰਬੰਸ ਲਾਲ ਬੰਸੀ ਜੀ ਦੇ ਸਹਿਯੋਗ ਸਦਕਾ ਸਿਮਰਨ ਸਿੰਮੀ ਜੀ ਦੇ ਪਤੀ ਕੇ. ਐਸ ਬੰਗੜ ਜੀ ਨੂੰ ਕਿਹਾ ਕਿ ਮੇਰੇ ਨਾਲ ਦੋਗਾਣਾ ਕਰਵਾਉਣ ਲਈ ਕੋਈ ਗਾਇਕਾ ਹੋਵੇ ਤਾਂ ਦੱਸਿਓ ਮੈ ਗੀਤ ਕਰਵਾਂਉਣੇ ਹਨ।ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਈ ਉਨਾ ਨੇ ਕਿਹਾ ਕਿ ਤੁਸੀਂ ਸਿਮਰਨ ਸਿੰਮੀ ਨਾਲ ਹੀ ਗੀਤ ਕਰਵਾ ਲਵੋ ਜਿਸ ਵਿਚ ਸਿਮਰਨ ਸਿੰਮੀ ਜੀ ਵੀ ਰਾਜੀ ਹੋ ਗਏ। ਮੈਂ ਉਨ੍ਹਾਂ ਦੋਹਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ।

ਸਾਡੇ ਪੰਜਾਬੀ ਸਭਿਆਚਾਰ ਦਾ ਘੇਰਾ ਬੜਾ ਵਿਸ਼ਾਲ ਹੈ ਜਿਸ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਗੀਤਾਂ ਵਿੱਚ ਗੱਲ ਹੁੰਦੀ ਹੈ। ਅਸੀ ਨੌ ਰਸਾਂ ਵਿੱਚੋ ਸ਼ਿੰਗਾਰ ਰਸ ਨੂੰ ਨਹੀਂ ਕੱਢ ਨਹੀਂ ਸਕਦੇ। ਇਹ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਸ਼ਿੰਗਾਰ ਰਸ ਨੂੰ ਸਾਡੇ ਬਹੁਤ ਹੀ ਵੱਡੇ ਵੱਡੇ ਸ਼ਾਇਰਾ ਨੇ ਵਰਤਿਆ ਹੈ।ਪਰ ਅਸੀਂ ਸੱਭਿਆਚਾਰ ਦੀ ਚਾਰ ਦੀਵਾਰੀ ਅੰਦਰ ਰਹਿ ਕੇ ਹੀ ਵਰਤੀਏ ਤਾਂ ਇਹ ਲੱਚਰਤਾ ਨਹੀਂ ਹੈ।ਪਰ ਜੇਕਰ ਅਸੀ ਹੱਦਾਂ ਬਨੇ ਪਾਰ ਕਰ ਕੇ ਵਰਤਾਂਗੇ ਤਾਂ ਇਹ ਲੱਚਰਤਾ ਹੈ ਜੋ ਸਾਨੂੰ ਨਹੀਂ ਅਪਣਾਉਣੀ ਚਾਹੀਦੀ।

ਗੁਰਵਿੰਦਰ ਸ਼ੇਰਗਿੱਲ ਨੇ ਜਿੱਥੇ ਆਪਣੇ ਗੀਤ ਆਪ ਲਿਖੇ ਹਨ ਉੱਥੇ ਉਸ ਦੇ ਲਿਖੇ ਗੀਤ ਹੋਰ ਕਲਾਕਾਰਾਂ ਨੇ ਵੀ ਗਾਏ ਹਨ । ਅੱਜ ਵੀ ਗੁਰਵਿੰਦਰ ਸ਼ੇਰਗਿੱਲ ਦੀਆਂ ਰਚਨਾਵਾਂ ਨਾਮਵਰ ਅਖਬਾਰਾਂ  ਵਿੱਚ ਛਪਦੀਆਂ ਹਨ।

ਗੁਰਵਿੰਦਰ ਸ਼ੇਰਗਿੱਲ ਦੇ ਗੀਤਾਂ ਦੀ ਸ਼ਬਦਾਵਲੀ ਸੱਭਿਆਚਾਰਕ ਅਤੇ ਪਿੰਡਾਂ ਦੇ ਆਮ ਲੋਕਾਂ ਦੀ ਬੋਲੀ ਹੈ ।ਜਿਸ ਕਰਕੇ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ
ਜਿਵੇਂ ਦੋਗਾਣਾ

ਪਤੀ-ਬੱਚਿਆਂ ਨੂੰ ਕੀ ਛੁੱਟੀਆਂ ਹੋਈਆਂ

ਨਵੀਂ ਭਸੂੜੀ ਪਾਈ
ਤੂੰ ਤੇ ਪੇਕੇ ਤੁਰ ਗਈ ਨੀ
ਇੱਥੇ ਜਿੰਦ ਮੇਰੀ ਕੁਮਲਾਈ
ਪਤਨੀ -ਤੂੰ ਕਿਹੜਾ ਡਲਹੌਜ਼ੀ ਜਾਣਾ

ਪਾਉਂਦਾ ਫਿਰੇ ਦੁਹਾਈ
ਪਹਿਲਾਂ ਲੜਦਾ ਰਹਿੰਦਾ ਸੀ
ਹੁਣ ਤੇਰੀ ਅਕਲ ਟਿਕਾਣੇ ਆਈ
ਦੋਗਾਣਾ

ਲੋਕ ਬੋਲੀਆਂ
ਅੰਬਰਸਰੀਆ ਮੁੰਡਿਆਂ ਵੇ
ਤੂੰ ਗੱਲ ਸੁਣ ਲੈ ਕੰਨ ਲਾ ਕੇ
ਧਾਰਮਿਕ ਗੀਤ

ਪਤਨੀ -ਮੁੱਖ ਮੋੜ ਲਿਆ ਇਹਨੇ ਗੁਰਸਿੱਖੀ ਤੋਂ
ਇਹ ਕੇਸ ਕਟਵਾ ਕੇ ਆ ਗਿਆ
ਪਤੀ-ਗੁਰਸਿੱਖੀ ਵਾਲੇ ਰਾਹ ਅਸੀਂ ਤੋਰਦੇ
ਕਦੇ ਨਾ ਫਿਰ ਮੁੱਖ ਮੋੜਦਾ
ਗੀਤ  (ਮਾਂ ਦੀ ਅਰਥੀ )

ਮਾਂਏਂ ਤੈਨੂੰ ਤੋਰ ਰਹੀ

ਜਿੱਥੋਂ ਮੁੜ ਵਾਪਸ ਨਹੀਂ ਆਉਣਾਂ

ਮੇਰੀ ਦਿਲੋਂ ਦੁਆ ਹੈ ਕਿ ਗੁਰਵਿੰਦਰ ਸ਼ੇਰਗਿੱਲ ਤੇ ਸਿਮਰਨ ਸਿੰਮੀ ਦੋਗਾਣਾ ਗਾਇਕ ਜੋੜੀ ਪੰਜਾਬੀ ਗੀਤਾਂ ਰਾਹੀਂ ਦਰਸ਼ਕਾਂ ਅਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੀ ਹੋਈ ਬੁਲੰਦੀਆਂ ਨੂੰ ਛੂਹੇ।

ਰਮੇਸ਼ਵਰ ਸਿੰਘ 

ਸੰਪਰਕ ਨੰਬਰ-9914880392

Previous articleਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਰੇਤ ਮਾਫੀਆ ਖਿਲਾਫ ਮੋਟਰਸਾਈਕਲ ਮਾਰਚ ਕੱਢਿਆ ਗਿਆ
Next articleWilling to support Future Retail during financial challenges: Amazon