ਤੇਜ਼ ਰਫਤਾਰ ਬੱਸ ਦੁਕਾਨ ’ਚ ਵੜੀ; ਦੁਕਾਨਦਾਰ ਦੀ ਹਾਲਤ ਗੰਭੀਰ

ਜ਼ੀਰਾ ਦੀ ਭੀੜਭਾੜ ਵਾਲੀ ਤਲਵੰਡੀ ਰੋਡ ’ਤੇ ਪ੍ਰਾਈਵੇਟ ਰਾਜ ਕੰਪਨੀ ਦੀ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਇੱਕ ਦੁਕਾਨ ’ਚ ਜਾ ਵੜੀ। ਜਿਸ ਨਾਲ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮੌਕੇ ’ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਰਾਜ ਕੰਪਨੀ ਦੀ ਬੱਸ ਜੋ ਬਹੁਤ ਹੀ ਤੇਜ਼ ਰਫਤਾਰ ਵਿੱਚ ਬਠਿੰਡਾ ਤੋਂ ਜ਼ੀਰਾ ਵੱਲ ਨੂੰ ਆ ਰਹੀ ਸੀ, ਬੇਕਾਬੂ ਹੋ ਗਈ ਅਤੇ ਤਲਵੰਡੀ ਰੋਡ ’ਤੇ ਖੜ੍ਹੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਵਿੱਚ ਵੱਜਦੀ ਹੋਈ ਇੱਕ ਦੁਕਾਨ ਵਿੱਚ ਜਾ ਵੜੀ। ਦੁਕਾਨ ਦੇ ਬਾਹਰ ਖੜ੍ਹੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਤੇ ਦੁਕਾਨ ਮਾਲਕ ਕੇਵਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਵੱਲੋਂ ਕੇਵਲ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗੁੱਸੇ ਵਿੱਚ ਲੋਕਾਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਥਾਣਾ ਸਦਰ ਜ਼ੀਰਾ ਦੇ ਇੰਚਾਰਜ ਬਚਨ ਸਿੰਘ ਤੇ ਥਾਣਾ ਸਿਟੀ ਜ਼ੀਰਾ ਦੀ ਇੰਚਾਰਜ ਸ਼ਿਮਲਾ ਰਾਣੀ ਨੇ ਸਣੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਬੱਸ ਡਰਾਈਵਰ ਨੂੰ ਕਾਬੂ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਪੁਲੀਸ ਵੱਲੋਂ ਬੱਸ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Previous articleਬੌਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ
Next articleਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦਾ ਭਰਾ ਗ੍ਰਿਫ਼ਤਾਰ