ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦਾ ਭਰਾ ਗ੍ਰਿਫ਼ਤਾਰ

ਉੱਘੇ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦੇ ਭਰਾ ਪ੍ਰਮੋਦ ਮਿੱਤਲ ਨੂੰ ਬੋਸਨੀਆ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ’ਤੇ ਧੋਖਾਧੜੀ ਅਤੇ ‘ਰਸੂਖ਼ ਦੀ ਦੁਰਵਰਤੋਂ’ ਦਾ ਸ਼ੱਕ ਹੈ। ਮਾਮਲੇ ਨਾਲ ਜੁੜੇ ਵਕੀਲ ਨੇ ਦੱਸਿਆ ਕਿ ਇਹ ਮਾਮਲਾ ਉੱਤਰ ਪੂਰਬੀ ਸ਼ਹਿਰ ਲੁਕਾਵਾਕ ਵਿਚ ਕੋਕਿੰਗ ਪਲਾਂਟ ਚਲਾਉਣ ਨਾਲ ਸਬੰਧਤ ਹੈ। ਇਸ ਪਲਾਂਟ ਵਿਚ ਕਰੀਬ 1000 ਕਰਮਚਾਰੀ ਹਨ। ਵਕੀਲ ਕਾਜ਼ਿਮ ਸੇਰਹੈਟਲਿਕ ਨੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਨੇ ਜੀਆਈਕੇਆਈਐਲ ਗਰੁੱਪ ਦੇ ਸੁਪਰਵਾਈਜ਼ਰੀ ਬੋਰਡ ਦੇ ਪ੍ਰਧਾਨ ਪ੍ਰਮੋਦ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜੀਆਈਕੇਆਈਐਲ ਦੀ ਸਥਾਪਨਾ 2003 ਵਿਚ ਹੋਈ ਸੀ। ਇਸ ਕੰਪਨੀ ਨੂੰ ਪ੍ਰਮੋਦ ਮਿੱਤਲ ਦੀ ਗਲੋਬਲ ਸਟੀਲ ਹੋਲਡਿੰਗਜ਼ ਤੇ ਇਕ ਸਥਾਨਕ ਕੰਪਨੀ (ਕੇਐਚਕੇ) ਮਿਲ ਕੇ ਚਲਾਉਂਦੀ ਹੈ। ਇਸ ਮਾਮਲੇ ਵਿਚ ਜਨਰਲ ਮੈਨੇਜਰ ਪ੍ਰਮੇਸ਼ ਭੱਟਾਚਾਰੀਆ ਤੇ ਸੁਪਰਵਾਈਜ਼ਰੀ ਬੋਰਡ ਦੇ ਇਕ ਹੋਰ ਮੈਂਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਤੇ ਤਾਕਤ ਦੀ ਦੁਰਵਰਤੋਂ ਤੇ ਆਰਥਿਕ ਅਪਰਾਧ ਦਾ ਸ਼ੱਕ ਹੈ। ਦੋਸ਼ੀ ਪਾਏ ਜਾਣ ’ਤੇ ਇਨ੍ਹਾਂ ਨੂੰ 45 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ।

Previous articleਤੇਜ਼ ਰਫਤਾਰ ਬੱਸ ਦੁਕਾਨ ’ਚ ਵੜੀ; ਦੁਕਾਨਦਾਰ ਦੀ ਹਾਲਤ ਗੰਭੀਰ
Next articleਮੀਂਹ ਪੈਣ ਨਾਲ ਗਰਮੀ ਤੋਂ ਰਾਹਤ