(ਸਮਾਜ ਵੀਕਲੀ)- ਭਾਵੇਂ ਪੁਰਾਣੀਆਂ ਤਵਾਰੀਖਾਂ ਦੇ ਬੜੇ ਅੱਤਿਆਚਾਰੀ ਕਾਂਡ ਅਸੀਂ ਪੜ੍ਹੇ ਹੋਏ ਸਨ, ਪਰ ਤਾਂ ਵੀ ਸਾਡੇ ਦੇਸ਼ ਵਿੱਚ ਵਿੱਚ ਸੰਨ ਚੁਰਾਸੀ ਦੇ ਨਵੰਬਰ ਮਹੀਨੇ ਸਿੱਖ ਨਸਲਕੁਸ਼ੀ ਵੇਲੇ ਜਦੋਂ ਕੁਝ ਹੋਇਆ-ਵਾਪਰਿਆ, ਕਿਸੇ ਦੀ ਕਲਪਨਾ ਵਿੱਚ ਵੀ ਅਜਿਹਾ ਖ਼ੂਨੀ ਕਾਂਡ ਨਹੀਂ ਸੀ ਆ ਸਕਦਾ। ਦੁੱਖਾਂ ਦੀਆਂ ਕਹਾਣੀਆਂ ਕਰ-ਕਰ ਕੇ ਲੋਕ ਥੱਕ ਗਏ ਸਨ, ਪਰ ਇਹ ਕਹਾਣੀਆਂ ਉਮਰ ਤੋਂ ਪਹਿਲਾਂ ਮੁੱਕਣ ਵਾਲੀਆਂ ਨਹੀਂ ਸਨ। ਮੈਂ ਲਾਸ਼ਾਂ ਤੱਕੀਆਂ ਸਨ। ਲਾਸ਼ਾਂ ਵਰਗੇ ਲੋਕ ਤੱਕੇ ਸਨ। ਇੱਕ ਰਾਤ ਮੈਂ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ।ਨੀਂਦ ਮੇਰੀਆਂ ਪਲਕਾਂ ਦੇ ਨੇੜੇ ਨਹੀਂ ਸੀ ਆਉਂਦੀ। ਮੈਂ ਦਿੱਲੀ ਜਾ ਰਿਹਾ ਸੀ, ਗੁਰਜੀਤ ਨੂੰ ਮਿਲਣ! ਗੁਰਜੀਤ ਮੇਰਾ ਗਹਿਗੱਡ ਯਾਰ ਸੀ।
ਗੱਡੀ ਤੋਂ ਬਾਹਰਲਾ ਘੁੱਪ ਹਨੇਰਾ ਸਮੇਂ ਦੀ ਤਵਾਰੀਖ਼ ਵਰਗਾ ਸੀ। ਹਵਾ ਇਸ ਤਰ੍ਹਾਂ ਸਾਂ-ਸਾਂ ਕਰਦੀ ਸੀ, ਜਿਵੇਂ ਤਵਾਰੀਖ਼ ਦੀ ਬੁੱਕਲ ਵਿੱਚ ਬਹਿ ਕੇ ਰੋਂਦੀ ਹੋਵੇ। ਬਾਹਰ ਉੱਚੇ-ਉੱਚੇ ਰੁੱਖ ਦੁੱਖਾਂ ਵਾਂਗ ਉੱਗੇ ਹੋਏ ਸਨ।ਕਈ ਵਾਰ ਰੁੱਖ ਕੋਈ ਨਾ ਹੁੰਦੇ, ਸਿਰਫ਼ ਇੱਕ ਵੀਰਾਨੀ ਹੁੰਦੀ ਤੇ ਉਸ ਵੀਰਾਨੀ ਦੇ ਟਿੱਬੇ ਇਸ ਤਰ੍ਹਾਂ ਜਾਪਦੇ, ਜਿਵੇਂ ਕਬਰਾਂ ਹੋਣ। ਸਿਗਨਲ ਦੀ ਲਾਲ ਬੱਤੀ ਵਾਂਗ ਕੋਈ ਦੂਰ ਸਾਰੀ ਤਾਰਾ ਝਾਕਦਾ। ਤਵਾਰੀਖ਼ ਦੇ ਕਹਿਰ ਦਾ ਮਾਰਿਆ ਚੰਨ ਉਦਾਸ-ਉਦਾਸ ਮੁਸਕਰਾ ਰਿਹਾ ਸੀ। ਡੁੱਬਦਾ ਚੰਨ ਮੁਸਕਾਨ ਉਘਾੜਦਾ ਏ, ਫੁੱਲ ਕੁਚਲੀਂਦਾ ਮਹਿਕ !
ਗੱਡੀ ਹੱਦੋਂ ਵੱਧ ਰਫ਼ਤਾਰ ਨਾਲ ਭੱਜੀ ਜਾਂਦੀ ਸੀ ਤੇ ਇਸ ਤੋਂ ਦੁੱਗਣੀ ਰਫ਼ਤਾਰ ਨਾਲ ਮੇਰੇ ਖਿਆਲਾਂ ਦੀ ਰੀਲ ਘੁੰਮ ਰਹੀ ਸੀ। ਗੱਡੀ ਦਾ ਕਾਲਾ ਧੂੰਆਂ ਹਨੇਰੇ ਵਿੱਚ ਰਲਦਾ ਜਾ ਰਿਹਾ ਸੀ। ਗੱਡੀ ਨੇ ਥੁਰਾਂ ਵਾਲੀ ਵਾਟ ਆਰੀ ਵਾਂਗ ਵੱਢ ਧਰੀ ਸੀ। ਅੱਗੇ ਉੱਚੇ-ਉੱਚੇ ਟਿੱਬੇ ਸਨ। ਜਿਨ੍ਹਾਂ ‘ਤੇ ਕਾਹੀਂ ਤੇ ਸਰਕੜਾ ਖੜ੍ਹਾ ਸੀ। ਬੇਢੱਬੇ ਰੁੱਖ ਸਾਂ-ਸਾਂ ਕਰ ਰਹੇ ਸੀ। ਗੱਡੀ ਦੇ ਖੜਾਕ ਨਾਲ ਖੰਭ ਘੁੱਟੀ ਪਏ ਪੰਛੀਆਂ ਨੇ ਕੰਨ ਪੁੱਟੇ। ਦੂਰ ਸਾਰੀ ਕਿੱਕਰ ‘ਤੇ ਬੈਠੀ ਇੱਲ ਨੇ ਚੀਂ-ਚੀਂ ਕੀਤੀ।ਚੁੱਪ ਰਾਤ ਦਾ ਸੀਨਾ ਪਾੜਦੀ ‘ਸਾਂਅ’ ਦੀ ਅਵਾਜ਼ ਦੂਰ ਤੱਕ ਫੈਲ ਗਈ।
ਗੱਡੀ ਲਗਾਤਾਰ ਦੌੜੀ ਜਾ ਰਹੀ ਸੀ। ਟਿੱਬੇ ਲੰਘ ਗਏ ਸਨ। ਕਾਹੀਂ ਤੇ ਸਰਕੜਾ ਮੁੱਕ ਗਿਆ। ਮੇਰੇ ਮਨ ਵਿੱਚ ਬੀਤ ਚੁੱਕੇ ਦੀ ਰੀਲ ਘੁੰਮ ਰਹੀ ਸੀ।
‘ਪਹਾੜੀ ਰਾਜਿਆਂ ਨੇ ਸੌਹਾਂ ਖਾ ਕੇ ਕਲਗੀਆਂ ਵਾਲੇ ‘ਤੇ ਮਗਰੋਂ ਹਮਲਾ ਕਰ ਦਿੱਤਾ। ਗੰਗੂ ਬ੍ਰਾਹਮਣ ਨੇ ਗੁਰੂ ਘਰ ਦਾ ਅੰਨ ਖਾ ਕੇ ਵੀ ਸਾਹਿਬਜ਼ਾਦੇ ਫੜਾ ਦਿੱਤੇ।ਇਹ ਕਿਹੋ ਜਿਹਾ ਇਤਿਹਾਸ ਏ ਕਿ ਕਲਗੀਆਂ ਵਾਲੇ ਦੇ ਸਪੁੱਤਰ ਹਿੰਦੂਆਂ ਦੀਆਂ ਬਹੂ-ਬੇਟੀਆਂ ਛਡਾਉਣ ਲਈ ਯੁੱਧ ਕਰ ਰਹੇ ਹਨ, ਪਰ ਲੱਖੂ ਖੱਤਰੀ ਸਿੰਘਾਂ ਨੂੰ ਖ਼ਤਮ ਕਰਨ ਲਈ ਪਾਨਾਂ ਦਾ ਬੀੜਾ ਚੁੱਕ ਕੇ ਪ੍ਰਣ ਕਰ ਰਿਹਾ ਏ। ਬਾਜਾਂ ਵਾਲੇ ਦੇ ਸਿੰਘ ਅਬਦਾਲੀ ਨਾਲ ਲੋਹਾ ਲੈ ਕੇ ਹਜ਼ਾਰਾਂ ਹਿੰਦੂ ਕੁੜੀਆਂ ਛੁਡਵਾ ਕੇ ਘਰੋ-ਘਰੀਂ ਪਹੁੰਚਾ ਰਹੇ ਹਨ, ਪਰ ਅਕਲਦਾਸ ਨਿਰੰਜਨੀਆ ਤੇ ਹਰਭਗਤ ਜੰਡਿਆਲਵੀ ਅਬਦਾਲੀ ਨੂੰ ਸੱਦ ਕੇ ਤੀਹ ਹਜ਼ਾਰ ਸਿੰਘਾਂ ਨੂੰ ਕਤਲ ਕਰਵਾ ਕੇ ਅਹਿਸਾਨ ਲਾਹ ਰਹੇ ਹਨ।’
ਘੜੀ ਦੀ ਨਿੱਕੀ ਸੂਈ ਸਮੇਂ ਨੂੰ ਕੁਤਰ ਰਹੀ ਸੀ। ਗੱਡੀ ਨੇ ਨਿੱਕੇ-ਨਿੱਕੇ ਕਈ ਸਟੇਸ਼ਨ ਪਿੱਛੇ ਛੱਡ ਦਿੱਤੇ ਸੀ।ਪਾਲੇ ਦੇ ਮਾਰੇ ਲੋਕ ਕੂੰਗੜੇ ਪਏ ਸਨ।ਹਰ ਸਟੇਸ਼ਨ ‘ਤੇ ਡਰ ਦਾ ਮਾਤਮ ਛਾਇਆ ਹੋਇਆ ਸੀ। ਕਿੰਨੇ ਹੀ ਸਟੇਸ਼ਨ ਲੰਘ ਗਏ ਸਨ। ਮੈਨੂੰ ਕੋਈ ਵੀ ਸਰਦਾਰ ਨਜ਼ਰ ਨਾ ਆਇਆ। ਅਜੇ ਥੋੜ੍ਹੇ ਦਿਨ ਹੀ ਹੋਏ ਸੀ, ਅੰਨ੍ਹੀ ਜਨੂੰਨੀ ਤੇ ਫਿਰਕੂ ਹਨੇਰੀ ਝੁੱਲੀ ਨੂੰ! ਇਸ ਫਿਰਕੂ ਹਨੇਰੀ ਨੇ ਅਨੇਕਾਂ ਰੁੱਖ ਅਥਵਾ ਮਨੁੱਖ ਝੰਬ ਸੁੱਟੇ ਸੀ।ਕਈ ਫੁੱਲ ਕਮਲਾ ਗਏ ਸੀ।ਕਈ ਡਾਲਾਂ ਤੋੜ ਦਿੱਤੀਆਂ ਸੀ।ਕਈ ਕਲੀਆਂ ਮਸਲ ਦਿੱਤੀਆਂ ਸਨ।ਕਈ ਪੱਤੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ।ਕਈ ਹੱਸਦੇ-ਵੱਸਦੇ ਘਰਾਂ ਦੀਆਂ ਖੁਸ਼ੀਆਂ, ਅਰਮਾਨ ਤੇ ਆਸਾਂ ਉਡਾ ਕੇ ਲੈ ਗਈ ਸੀ।
ਝੱਟ ਮੇਰੇ ਜ਼ਿਹਨ ਵਿੱਚ ਸ਼ਿੰਗਾਰਾ ਸਿੰਘ ਆ ਗਿਆ। ਦੁੱਧ ਚਿੱਟੀ ਦਾੜ੍ਹੀ, ਜਿਹੜੀ ਜਨੂੰਨੀਆਂ ਨੇ ਕੁਤਰ ਦਿੱਤੀ ਸੀ।ਉੱਤਲੇ ਦੋ ਦੰਦ ਤੋੜ ਦਿੱਤ ਸੀ। ਗੱਭਰੂ ਪੁੱਤਰ ਨੂੰ ਸਰੀਏ ਮਾਰ-ਮਾਰ ਕੇ ਸ਼ਹੀਦ ਕਰ ਦਿੱਤਾ ਸੀ।ਜਵਾਨ-ਜਹਾਨ ਧੀ ਗੁੰਡਿਆਂ ਨੇ ਗੁੰਮ ਕਰ ਲਈ, ਜਿਸਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ। ਲੱਖਾਂ ਦਾ ਵਾਪਾਰ ਸੜ ਕੇ ਸੁਆਹ ਹੋ ਚੁੱਕਾ ਏ।ਰਾਜ ਭੋਗਦਾ ਸ਼ਿੰਗਾਰਾ ਸਿੰਘ ਧੂੰਏਂ ਦਾ ਫਕੀਰ ਬਣ ਗਿਆ।
ਸ਼ਾਇਦ ਹੋਰ ਕਿੰਨੇ ਹੀ ਸ਼ਿੰਗਾਰਾ ਸਿੰਘ ਉੱਜੜ ਚੁੱਕੇ ਹਨ ? ਕਿੰਨਿਆਂ ਦੀਆਂ ਧੀਆਂ ਗੁੰਮ ਹਨ ? ਕਿੰਨਿਆਂ ਦੇ ਪੁੱਤਰ ਫਿਰਕੂ ਕਤਲੇਆਮ ਦੀ ਭੇਟਾ ਹੋ ਚੁੱਕੇ ਹਨ ? ਕੋਈ ਅੰਤ ਨਹੀਂ। ਏਥੇ ਆ ਕੇ ਮੇਰੀ ਸੋਚ ਨੂੰ ਦੰਦਲ ਪੈ ਗਈ।ਰੂਹ ਨੂੰ ਕਾਂਬਾ ਛਿੜ ਗਿਆ।ਡਰ ਨਾਲ ਮੇਰੀ ਨਾੜ-ਨਾੜ ਕੰਬ ਰਹੀ ਸੀ। ਇਉਂ ਲੱਗਦਾ ਸੀ: ਜਿਵੇਂ ਕੋਈ ਗੁੰਡਾ ਮੇਰੇ ਵੱਲ ਵਧ ਰਿਹਾ ਏ। ਗੁੰਡਿਆਂ ਦੇ ਖਿਆਲ ਨਾਲ ਮੇਰੀ ਚੀਕ ਨਿਕਲ ਚੱਲੀ ਸੀ, ਪਰ ਮੈਂ ਪੂਰੇ ਜ਼ੋਰ ਨਾਲ ਸੰਘ ਵਿੱਚ ਈ ਰੋਕ ਲਈ। ਨਵੰਬਰ ਦੀ ਗੁਲਾਬੀ ਠੰਢ ਵਿੱਚ ਵੀ ਮੈਂ ਪਸੀਨੋ-ਪਸੀਨੀ ਹੋਇਆ ਪਿਆ ਸੀ। ਮੇਰੀ ਸੁਰਤ ਇਕਦਮ ਘੁੰਮ ਗਈ।
ਅੱਖਾਂ ਅੱਗੇ ਸੰਨ ਸੰਤਾਲੀ ਦਾ ਦ੍ਰਿਸ਼। ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦਾ ਡੁੱਲਦਾ ਲਹੂ। ਧੀਆਂ ਭੈਣਾਂ ਦੀ ਹੋਈ ਦੁਰਗਤੀ। ਸਦੀਵੀ ਸਾਂਝ ਦਾ ਕਤਲ। ਮਿੱਤਰਾਂ ਦੀਆਂ ਅੱਖਾਂ ਫਿਰ ਗਈਆਂ ਸੀ।ਪੱਤ ਦੇ ਰਾਖੇ ਜਾਨ ਦੇ ਦੁਸ਼ਮਣ ਬਣ ਚੁੱਕੇ ਸੀ। ਰੰਗੀਂ ਵੱਸਦਾ ਪੰਜਾਬ ਦੋਫਾੜ ਹੋ ਚੁੱਕਾ ਸੀ। ਵੱਢੇ-ਟੁੱਕੇ ਪੰਜਾਬ ਦੀ ਰੂਹ ਕੁਰਲਾ ਰਹੀ ਸੀ।
ਹਾਲਾਤ ਬਦਲ ਗਏ ਸਨ। ਦੇਸ਼ ਬਦਲ ਗਏ ਸਨ। ਫਿਰਕੂ ਅੱਗ ਦੀ ਚੰਗਿਆੜੀ ਫਿਰ ਮੱਚ ਉੱਠੀ। ਜਿਸਨੇ ਹਿੰਦੂ-ਸਿੱਖ ਏਕਤਾ ਦਾ ਉਪਦੇਸ਼ ਸਾੜ-ਫੂਕ ਦਿੱਤਾ। ਹਿੰਦੂਆਂ ਹੱਥੋਂ ਸਿੱਖ਼ਾਂ ਦਾ ਅੰਨ੍ਹਾ ਕਤਲੇਆਮ। ਜਿਉਂਦੇ ਸੜ ਰਹੇ ਮਾਸੂਮ ਬੱਚੇ। ਕਾਰਾਂ, ਟਰੱਕਾਂ, ਮਕਾਨਾਂ ਤੇ ਦੁਕਾਨਾਂ ਵਿੱਚੋਂ ਉੱਠਦਾ ਧੂੰਆਂ। ਬਜ਼ੁਰਗਾਂ ਤੇ ਜ਼ਖ਼ਮੀਆਂ ਦੀਆਂ ਹਿਰਦੇ ਵੇਦਕ ਚੀਕਾਂ। ਅਬਲਾ ਮੁਟਿਆਰਾਂ ਦੀ ਪੁਕਾਰ ਬੁੱਚੜ ਗੁੰਡਿਆਂ ਦੇ ਪੱਥਰ ਦਿਲਾਂ ‘ਤੇ ਅਸਰ ਨਹੀਂ ਸੀ ਕਰ ਰਹੀ। ਸੰਤਾਲੀ ਦਾ ਸਾਕਾ ਫਿਰ ਦੁਹਰਾਇਆ ਜਾ ਰਿਹਾ ਸੀ।
‘ਮਨਾਂ ! ਸੱਕਿਆਂ ਦਾ ਖ਼ੂਨ ਚਿੱਟਾ ਕਿਉਂ ਹੋ ਗਿਆ ਏ ? ਦੁੱਖਾਂ-ਸੁੱਖਾਂ ਦੇ ਭਾਈਵਾਲ ਇੱਕ-ਦੂਜੇ ਦੇ ਕਾਤਲ ਕਿਉਂ ਬਣ ਗਏ ਹਨ ? ਦੁਸ਼ਮਣ ਕਿਉਂ ਬਣ ਗਏ ਨੇ ? ਇਹ ਕੀ ਹੋ ਰਿਹਾ ਏ ? ਯਕੀਨ ਨਹੀਂ ਆਉਂਦਾ ਕਿ ਇਹ ਸਾਰਾ ਸੱਚ ਏ, ਪਰ ਝੂਠ ਵੀ ਨਹੀਂ।ਸੁਪਨਾ ਵੀ ਨਹੀਂ, ਇਹ ਹਕੀਕਤ ਏ ? ਤਵਾਰੀਖੀ ਸੱਚ!’ ਮੈਂ ਮਨ ਵਿੱਚ ਸੋਚ ਰਿਹਾ ਸੀ।ਸੋਚ ਅੱਗੇ ਅਨਾੜੀ ਮਨ ਹਾਰਦਾ ਲੱਗਦਾ ਸੀ।
ਜਦ ਗੱਡੀ ਦਿੱਲੀ ਪਹੁੰਚੀ ਤਾਂ ਸੂਰਜ ਚੜ੍ਹ ਚੁੱਕਾ ਸੀ। ਇਮਾਰਤਾਂ ਸਾਫ਼ ਨਜ਼ਰ ਆਉਣ ਲੱਗ ਪਈਆਂ ਸਨ। ਦਿੱਲੀ ਪਹੁੰਚਣ ਦੇ ਨਾਲ ਈ ਮੇਰੇ ਮਨ ਵਿੱਚ ਦਿੱਲੀ ‘ਚ ਹੋਏ ਕਤਲਾਮ ਦੀ ਦਰਦਨਾਕ ਗਾਥਾ ਉਭਰਣ ਲੱਗ ਪਈ। ਮੈਂ ਸੋਚਿਆ: ‘ਏਸੇ ਦਿੱਲੀ ਵਿੱਚ ਈ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ।ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ।ਭਾਈ ਸਤੀ ਦਾਸ ਨੂੰ ਰੂੰਅ ਵਿੱਚ ਲਪੇਟ ਕੇ ਅੱਗ ਲਾ ਦਿੱਤੀ।ਭਾਈ ਦਿਆਲੇ ਨੂੰ ਉਬਲਦੇ ਪਾਣੀ ਵਿੱਚ ਰਿੰਨ੍ਹ ਦਿੱਤਾ। ਚਿੱਟੇ ਦਿਨ ਦਿੱਲੀ ਦੇ ਤਾਜਦਾਰਾਂ ਨੇ ਸਰਮਦ ਫਕੀਰ ਦਾ ਸਿਰ ਕਲਮ ਕਰਵਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਮੂਰਾਂ ਨਾਲ ਨੋਚਿਆ ਗਿਆ। ਸਿੰਘਾਂ ਦੇ ਸਿਰ ਨੇਜ਼ਿਆਂ ‘ਤੇ ਟੰਗ ਕੇ ਜਲੂਸ ਕੱਢਦੇ ਗਏ। ਸਿਰਾਂ ਦੇ ਮੁੱਲ ਪਾਏ ਗਏ।ਰਹਿੰਦੀ-ਖੂੰਹਦੀ ਕਸਰ ਹੁਣ ਕੱਢ ਲਈ ਏ ਰਾਜੀਵ ਰਾਖ਼ਸ਼ ਦੀ ਜੁੰਡਲੀ ਨੇ ! ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਸ ਜ਼ਾਲਮ ਦਿੱਲੀ ਵਿੱਚ ਕਤਲਾਮ ਦੀ ਲੜੀ ਚੱਲਦੀ ਆਈ ਏ ਤੇ ਚੱਲ ਰਹੀ ਏ।’
ਸਾਹਮਣੇ ਸੜ ਚੁੱਕੀਆਂ ਕਾਰਾਂ ਵੱਲ ਤੱਕ ਕੇ, ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ। ਅੱਗੇ ਅੱਧ-ਸੜੇ ਟਰੱਕ ਚਿੱਬੇ ਹੋਏ ਪਏ ਸੀ। ਸਿੱਖਾਂ ਦੇ ਸੜੇ ਹੋਏ ਸਰੀਰਾਂ ਦੇ ਪਿੰਜਰ, ਸੜ ਚੁੱਕੇ ਮਕਾਨ, ਭਾਂ-ਭਾਂ ਕਰਦੀਆਂ ਸਿੱਖਾਂ ਦੀਆਂ ਦੁਕਾਨਾਂ ; ਦਿੱਲੀ ਦੇ ਹਾਕਮਾਂ ਦੇ ਜ਼ੁਲਮ ਦੀ ਮੂੰਹ-ਬੋਲਦੀ ਤਸਵੀਰ ਸਨ।
ਜਿਵੇਂ-ਜਿਵੇਂ ਮੈਂ ਜ਼ਾਲਮਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ, ਕਾਰਾਂ ਤੇ ਗੱਡੀਆਂ ਦੇ ਅੱਧ-ਸੜੇ ਸਰੀਰ ਦੇਖਦਾ ਗਿਆ, ਮੇਰੀ ਰੂਹ ਗੁੱਸੇ ਨਾਲ ਲਾਲ ਹੁੰਦੀ ਗਈ।ਜੀਅ ਕਰਦਾ ਸੀ ਕਿ ਫਿਰਕੂ ਜਨੂੰਨੀਆਂ ਦੇ ਵਿਚਕਾਰ ਜਾ ਕੇ ਬੰਬ ਵਾਂਗ ਜਾਵਾਂ, ਪਰ ਮੈਂ ਕੋਈ ਬੰਬ ਤਾਂ ਹੈ ਈ ਨਹੀਂ ਸੀ। ਸਿਰਫ਼ ਮਨ ਦੀ ਕਲਪਨਾ ਹੀ ਸੀ ਜਾਂ ਕਹੋ ਕਿ ਦਿਲ ਦੀ ਭੜਾਸ ਸੀ, ਜਿਹੜੀ ਮਨ ਹੀ ਮਨ ਵਿੱਚ ਕੱਢਦਾ ਜਾਂਦਾ ਸਾਂ।
ਸੋਚਾਂ ਵਿੱਚ ਗੁੰਮ ਹੋਏ ਨੂੰ ਪਤਾ ਈ ਨਾ ਲੱਗਿਆ, ਕਦ ਸਟੇਸ਼ਨ ਆ ਗਿਆ।ਕਦ ਗੱਡੀ ਰੁਕ ਗਈ।ਬਾਰੀ ਵਿੱਚ ਦੀ ਬਾਹਰ ਦੇਖਿਆ ਤਾਂ ਸਟੇਸ਼ਨ ‘ਤੇ ਖੁਰ-ਵੱਢ ਭੀੜ ਸੀ।ਭੀੜ ਵਿੱਚ ਹਾਸਾ ਸੀ। ਮਜ਼ਾਕ ਸੀ।ਸਿਰ-ਕੱਟੇ ਬਾਬੂ ਤੇ ਫੈਸ਼ਨੇਬਲ ਮੁਟਿਆਰਾਂ ਦਾ ਮੇਲਾ ਜਿਹਾ ਲੱਗਿਆ ਹੋਇਆ ਸੀ।ਹਰ ਕੋਈ ਖੁਸ਼ ਸੀ। ਮਸਤ ਸੀ। ਮੁਟਿਆਰਾਂ ਗਿਟਮਿਟ-ਗਿਟਮਿਟ ਕਰਦੀਆਂ ਫਿਰਦੀਆਂ ਸਨ।
ਮੈਂ ਚਾਰ-ਚੁਫੇਰੇ ਨਜ਼ਰ ਮਾਰੀ, ਪਰ ਮੈਨੂੰ ਕੋਈ ਵੀ ਸਰਦਾਰ ਨਜ਼ਰ ਨਾ ਆਇਆ। ਇੱਕ ਪਲ ‘ਚ ਮੈਂ ਮਨ ਵਿੱਚ ਕਿੰਨਾ ਈ ਕੁੱਝ ਸੋਚ ਗਿਆ।ਡੱਬੇ ਵਿੱਚੋਂ ਬਾਹਰ ਆਉਣ ਨੂੰ ਮੇਰਾ ਜੀਅ ਨਹੀਂ ਸੀ ਕਰਦਾ।ਇੰਝ ਲੱਗਦਾ ਸੀ ਕਿ ਜੇ ਬਾਹਰ ਨਿਕਲਿਆ ਤਾਂ ਇਹ ਮੈਨੂੰ ਮਾਰ ਦੇਣਗੇ।ਪੰਜ-ਦਸ ਮਿੰਟ ਮੈਂ ਇਨ੍ਹਾਂ ਸੋਚਾਂ ਵਿੱਚ ਗੁਆਚਾ ਰਿਹਾ।
ਜਦ ਗੱਡੀ ਚੱਲੀ ਤਾਂ ਮੈਂ ਛਾਲ ਮਾਰ ਕੇ ਉੱਤਰਿਆ।ਕਈ ਸਿਰ-ਕੱਟੇ ਮੇਰੇ ਵੱਲ ਝਾਕੇ। ਮੈਂ ਵੀ ਉਨ੍ਹਾਂ ਵੱਲ ਖਾ ਜਾਣ ਵਾਲ਼ੀਆਂ ਨਜ਼ਰਾਂ ਨਾਲ ਝਾਕਿਆ, ਪਰ ਡਰ ਮੇਰੇ ਦਿਲ ‘ਤੇ ਛਾਇਆ ਹੋਇਆ ਸੀ। ਮੈਂ ਛੇਤੀ-ਛੇਤੀ ਭੀੜ ਵਿੱਚੋਂ ਨਿਕਲ ਕੇ, ਗੁਰਜੀਤ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਸਟੇਸ਼ਨ ਤੋਂ ਪਾਗਲਾਂ ਵਾਂਗ ਦੌੜਿਆ।ਸਿਰ-ਕੱਟਿਆਂ ਦੀ ਭੀੜ ਵਿੱਚ ਮੇਰਾ ਸਾਹ ਘੁੱਟਿਆ ਗਿਆ ਸੀ। ਮੈਂ ਯਮਨਾ ਨਗਰ ਵੱਲ ਭੱਜ ਤੁਰਿਆ।ਨਾ ਟੈਕਸੀ ਲਈ, ਨਾ ਟਾਂਗਾ।ਨਾ ਰਿਕਸ਼ੇ ਵਾਲੇ ਨੂੰ ਪੁੱਛਿਆ, ਨਾ ਆਟੋ ‘ਤੇ ਚੜ੍ਹਣ ਲਈ ਸੋਚਿਆ।ਮੇਰਾ ਸਾਹ ਤੇਜ਼ ਸੀ। ਦਿਲ ਹੱਦ ਤੋਂ ਵੱਧ ਧੜਕ ਰਿਹਾ ਸੀ।
ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਦ ਯਮਨਾ ਨਗਰ ਪਹੁੰਚ ਗਿਆ। ਯਮਨਾ ਨਗਰ ਵਿੱਚ ਵੀ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ ਸੀ। ਮੈਂ ਚੁਫੇਰੇ ਨਜ਼ਰ ਮਾਰੀ।ਸੜ ਚੁੱਕੇ ਮਕਾਨਾਂ ਤੇ ਦੁਕਾਨਾਂ ਦੇ ਨਿਸ਼ਾਨ ਅਜੇ ਵੀ ਬਾਕੀ ਸਨ। ਸਿੱਖ ਸਹਿਮੇ-ਸਹਿਮੇ ਫਿਰਦੇ ਸੀ। ਕੋਈ ਵੀ ਉੱਚਾ ਨਹੀਂ ਸੀ ਬੋਲਦਾ। ਮੈਂ ਗੁਰਜੀਤ ਦੀ ਕੋਠੀ ਅੱਗੇ ਰੁਕਿਆ। ਦੇਖਿਆ ਕਿ ਉੱਥੇ ਕੁਝ ਵੀ ਨਹੀਂ ਸੀ। ਕੋਠੀ ਅੱਧੀ ਸੜ ਚੁੱਕੀ ਸੀ। ਫੁੱਲ ਕਮਲਾ ਗਏ ਸਨ।ਕਈ ਡਾਲਾਂ ਨਵੇਂ ਪੱਤੇ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਪਾਣੀ ਖੁਣੋਂ ਖੁਸ਼ਕ ਸਨ।
“ਜਸਵੰਤ!” ਮੈਂ ਸੋਚਾਂ ਵਿੱਚ ਗ਼ਲਤਾਨ ਹੋਇਆ ਖੜ੍ਹਾ ਸਾਂ ਕਿ ਕਿਸੇ ਨੇ ਪਿਛੋਂ ਆ ਕੇ ਅਵਾਜ਼ ਮਾਰੀ।
“ਕੌਣ ?”
“ਮੈਂ ਅਮਰਜੀਤ ਆਂ!” ਅਮਰ ਬੋਲਿਆ, ਉਸ ਨੇ ਦਾੜ੍ਹੀ-ਕੇਸ ਕਟਾਏ ਹੋਏ ਸੀ।ਸਿਰ ‘ਤੇ ਪੱਗ ਵੀ ਨਹੀਂ ਸੀ।
“ਤੂੰ ਇਹ ਕੀ ਬਣਿਆ ਹੋਇਐਂ ?” ਮੈਂ ਜੱਫ਼ੀ ਪਾ ਕੇ ਪੁੱਛਿਆ। ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਇਹ ਓਹੀ ਅਮਰਜੀਤ ਏ, ਜਿਹੜਾ ਕੇਸ ਕਟਾਉਣ ਵਾਲੇ ਨੂੰ ਚੰਗਾ ਨਹੀਂ ਸੀ ਸਮਝਦਾ।
“ਭਰਾਵਾ, ਪੁੱਛ ਨਾ! ਜਦ ਵਾੜ ਈ ਖੇਤ ਨੂੰ ਖਾਣ ਲੱਗ ਜਾ, ਫਿਰ ਬਚਾਅ ਲਈ ਕੋਈ ਨਾ ਕੋਈ ਰਸਤਾ ਕੱਢਣਾ ਈ ਪੈਂਦਾ ਏ।” ਅਮਰ ਨੇ ਉਦਾਸ ਸੁਰ ਵਿੱਚ ਕਿਹਾ, “ਜਦ ਫ਼ਸਾਦ ਛਿੜੇ ਤਾਂ ਸਰਦਾਰਾਂ ਨੂੰ ਮਾਰਿਆ ਜਾਣ ਲੱਗਾ ਤਾਂ ਮੈਂ ਕੇਸ-ਦਾੜ੍ਹੀ ਮੁਨਾ ਦਿੱਤੀ। ਹਿੰਦੂ ਬਣ ਕੇ ਜਾਨ ਬਚਾਈ। ਹੋਰ ਕਰ ਵੀ ਕੀ ਸਕਦੇ ਸਾਂ ?” ਅਮਰ ਨੇ ਮੋਟੀ-ਮੋਟੀ ਦਾਸਤਾਨ ਸੁਣਾਈ।
“ਅਮਰ ! ਗੁਰਜੀਤ ?”
“ਉਹ ਤਾਂ ਮਿੱਤਰਾ ਮਾਰਿਆ ਗਿਆ ਏ। ਉਹਦੀ ਪਤਨੀ ਤੇ ਕੁੜੀ ਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ। ਭਰਾਵਾ! ਕੀ ਦੱਸੀਏ ? ਦਿੱਲੀ ਦੇ ਦੁੱਖੜੇ ਬੁਰੇ !” ਅਮਰ ਨੇ ਦਰਦ ਭਿੱਜੀ ਅਵਾਜ਼ ਨਾਲ ਕਿਹਾ, “ਆ, ਘਰ ਚੱਲੀਏ।”
“ਚੱਲ।” ਮੈਂ ਅਮਰ ਨਾਲ ਤੁਰ ਪਿਆ। ਮੇਰੀਆਂ ਲੱਤਾਂ ਭਾਰ ਚੁੱਕਣ ਤੋਂ ਅਸਮਰੱਥ ਸਨ, ਪਰ ਮੈਂ ਘੜੀਸੀ ਗਿਆ।
ਘਰ ਪਹੁੰਚੇ।
ਅਮਰ ਦੀ ਘਰਵਾਲੀ ਦੀਪਾਂ ਤੇ ਬੱਚੇ ਬੜੇ ਉਤਸ਼ਾਹ ਨਾਲ ਮਿਲੇ।ਬੜੀ ਟਹਿਲ ਸੇਵਾ ਕੀਤੀ। ਅਸੀਂ ਦੁੱਖ-ਦਰਦ ਦੀਆਂ ਕਹਾਣੀਆਂ ਫੋਲਦੇ ਰਹੇ। ਉਹ ਦੱਸਦੇ ਰਹੇ, ਮੈਂ ਸੁਣਦਾ ਰਿਹਾ।
ਰਾਤ ਦੇ ਬਾਰਾਂ ਵੱਜ ਚੁੱਕੇ ਸਨ।
ਅਮਰ, ਉਸਦੀ ਘਰਵਾਲੀ ਤੇ ਬੱਚੇ ਸੌਂ ਗਏ ਸਨ, ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਸੋਚਾਂ ਵਿੱਚ ਡੁੱਬਿਆਂ ਹੋਇਆ ਸੀ। ਵਾਰਿਸ ਸ਼ਾਹ ਦੀਆਂ ਇਹ ਪੰਕਤੀਆਂ ਮੇਰੇ ਮਨ ਵਿੱਚ ਚੱਕਰ ਕੱਟ ਰਹੀਆਂ ਸੀ :
“ਭਲਾ ਮੋਏ ਤੇ ਵਿਛੜੇ ਕੌਣ ਮੇਲੇ,
ਗੱਲਾਂ ਝੂਠੀਆਂ ਜੱਗ ਸੁਣਾਂਵਦਾ ਈ।”
ਮੇਰੀਆਂ ਅੱਖਾਂ ਵਿੱਚ ਹੰਝੂ ਤਰ ਆਏ।
“ਹੁਣ ਅਸੀਂ ਵਾਕਿਆ ਈ ਨਹੀਂ ਮਿਲ ਸਕਦੇ।ਓਏ ਰੱਬਾ ! ਇਹ ਤੂੰ ਕੀ ਕੀਤਾ ?” ਮੇਰਾ ਗਲਾ ਭਰ ਆਇਆ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
9417046117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly