ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਲੋਕਾਂ ਨਾਲ ਗੱਲਬਾਤ ਨੇ ਜ਼ਿੰਦਗੀ ਨੂੰ ਵੇਖਣ ਦਾ ਉਨ੍ਹਾਂ ਦਾ ਨਜ਼ਰੀਆ ਹੀ ਬਦਲ ਦਿੱਤਾ ਹੈ। ਉਸ ਨੂੰ ਇਸੇ ਤੋਂ ‘ਆਈ ਐਮ ਨੋ ਮਸੀਹਾ’ ਸੰਸਮਰਣ ਲਿਖਣ ਦੀ ਪ੍ਰੇਰਨਾ ਮਿਲੀ ਹੈ। ਇਹ ਕਿਤਾਬ ਉਸ ਨੇ ਮੀਨਾ ਕੇ. ਅਈਯਰ ਨਾਲ ਮਿਲ ਕੇ ਲਿਖੀ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਅਦਾਕਾਰ ਸੋਨੂੰ ਸੂਦ ਨੇ ਪਿਛਲੇ ਵਰ੍ਹੇ ਮਾਰਚ ਮਹੀਨੇ ਕਰੋਨਾ ਮਹਾਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਹਜ਼ਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਉਣ ’ਚ ਮਦਦ ਕੀਤੀ ਸੀ।
ਉਸ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਭਾਲ ’ਚ ਮਦਦ ਲਈ ਇੱਕ ਐਪ ਵੀ ਜਾਰੀ ਕੀਤੀ ਸੀ। ਸੂਦ ਨੇ ਪੀਟੀਆਈ ਨਾਲ ਇੰਟਰਵਿਊ ’ਚ ਕਿਹਾ, ‘ਤਾਲਾਬੰਦੀ ਨੇ ਜ਼ਿੰਦਗੀ ਨੂੰ ਵੇਖਣ ਪ੍ਰਤੀ ਦਾ ਉਨ੍ਹਾਂ ਦਾ ਨਜ਼ਰੀਆ ਹੀ ਬਦਲ ਦਿੱਤਾ ਹੈ। ਮੈਂ ਹਮੇਸ਼ਾ 2020 ਨੂੰ ਇੱਕ ਅਜਿਹੇ ਸਾਲ ਵਜੋਂ ਕਰਾਂਗਾ, ਜਦੋਂ ਅਸੀਂ ਸਾਰਿਆਂ ਨੇ ਖ਼ੁਦ ਦਾ ਸਰਬੋਤਮ ਰੂਪ ਬਣਾਉਣ ਦੀ ਕੋਸ਼ਿਸ਼ ਕੀਤੀ। ਸੰਸਮਰਣ ਮੇਰੇ ਉਨ੍ਹਾਂ ਪਲਾਂ ਨੂੰ ਯਾਦ ਰੱਖਣ ਦਾ ਤਰੀਕਾ ਸੀ। ਸੰਸਮਰਣ ਬੇਹੱਦ ਖਾਸ ਹੈ।’ ਸੂਦ ਦੀ ਕਿਤਾਬ ‘ਆਈ ਐਮ ਨੋ ਮਸੀਹਾ’ ਨੂੰ ਪੈਂਗੂਇਨ ਰੈਂਡਮ ਹਾਊਸ ਇੰਡੀਆ ਨੇ ਪ੍ਰਕਾਸ਼ਿਤ ਕੀਤਾ ਹੈ।