ਕੋਠੀ ਉਤੇ ਕਬਜ਼ਾ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਬੁੱਧ ਚਿੰਤਨ

ਛੱਪੜ ਉਤੇ ਕਬਜ਼ਾ!ਬੰਦੇ ‘ਤੇ !ਤੀਵੀਂ ਉਤੇ ਕਬਜ਼ਾ
ਚੱਕ ਲੋ ਰਿਵਾਲਵਰ ਰਫਲਾਂ ਬਈ ਕਬਜ਼ਾ ਲੈਣਾ ਐ !

ਬੱਬੂ ਮਾਨ ਦਾ ਇਹ ਗੀਤ ਜਦ ਆਇਆ ਸੀ ਤਾਂ ਇਹ ਹੋਰ ਕਿਸੇ ਨੇ ਸੁਣਿਆ ਸੀ ਜਾਂ ਨਹੀਂ ਪਰ ਪਿੰਡ ਵਾਲੀ ਮਾਸਟਰਨੀ ਨੇ ਇਸ ਗੀਤ ਉਤੇ ਅਮਲ ਵੀ ਕੀਤਾ। ਹੁਣ ਕਹਿੰਦੀ ਹੈ ਕਿ ਜਿਹੜੇ ਮੇਰੇ ਖਿਲਾਫ ਬੋਲਦੇ ਹਨ, ਉਹਨਾਂ ਉਤੇ ਕੇਸ ਕਰੂੰਗੀ।

ਕਲ ਮਾਸਟਰਨੀ ਚੰਡੀਗੜ੍ਹ ਵਿੱਚ ਮਜਮਾਂ ਲਾ ਕੇ ਬਹਿ ਗੀ।ਜਿਹੜੀ ਉਹਨੇ ਗਲਬਾਤ ਕਰੀ, ਉਹ ਕਿਸੇ ਦੇ ਹਜਮ ਨਹੀਂ ਆਈ।ਆਪ ਮਾਸਟਰਨੀ ਤੇ ਪਤੀ ਪ੍ਰੋਫੈਸਰ ਹੋਵੇ, ਉਹ ਕਿਰਾਏ ਦੇ ਉਪਰ ਰਹਿੰਦੇ ਹੋਣ ? ਫੇਰ ਕਹਿੰਦੇ ਮੇਰੇ ਕੋਲ ਛੇ ਮਹੀਨੇ ਦੀ ਡੀਡ ਐ। ਕਹਿੰਦੀ ਐਵੇਂ ਹੀ ਰੌਲਾ ਪੈ ਗਿਆ, ਗੱਲ ਤੇ ਕੁੱਝ ਵੀ ਨਹੀਂ ।ਲੋਕ ਗੱਲਾਂ ਬਣਾਈ ਜਾ ਰਹੇ ਆ।

ਕਿਸਾਨ ਯੂਨੀਅਨ ਵਾਲਿਆਂ ਨੂੰ ਧਰਨਾ ਲਗਾਉਣ ਦਾ ਮੌਕਾ ਮਿਲ ਗਿਆ । ਭਗਵੰਤ ਸਿੰਘ ਮਾਨ ਸਾਹਿਬ ਚੁੱਪ ਹਨ। ਕਹਿੰਦੇ ਢਕੀ ਰਿੱਝਣ ਦਿਓ, ਹਾਂਡੀ ਉਬਲੂ ਆਪਣੇ ਕੰਢੇ ਸਾੜੂ।ਉਧਰ ਸੋਸ਼ਲ ਮੀਡੀਆ ਉਤੇ ਜਾਅਲੀ ਦਸਤਾਵੇਜ਼ਾਂ ਦੀਆਂ ਪੋਸਟਾਂ ਦਾ ਹੜ੍ਹ ਆਇਆ ਹੋਇਆ ਹੈ।
ਬੱਬੂ ਮਾਨ ਦਾ ਇਹ ਗੀਤ ਸਚੁ ਸਿੱਧ ਹੋ ਗਿਆ ਹੈ ।

ਇਹ ਕਬਜ਼ੇ ਕਰਨ ਵਾਲੀ ਮਾਸਟਰਨੀ ਸਕੂਲ ਵਿੱਚ ਕੀ ਪੜਾਉਦੀ ਹੋਵੇਗੀ? ਸਾਡਾ ਬਾਬਾ ਕਈ ਦਿਨ ਦਾ ਸੋਚੀ ਜਾਂਦਾ । ਇਸ ਮਾਸਟਰਨੀ ਨੂੰ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ, ਆਪਣੇ ਸ਼ਹਿਰ ਕਰਦੀ,ਭਗਵੰਤ ਸਿੰਘ ਮਾਨ ਸਾਹਿਬ ਦੀ ਚੁੱਪ ਕੀ ਐ? ਇਹ ਸੁਖਬੀਰ ਸਿੰਘ ਬਾਦਲ ਹੀ ਜਾਣਦਾ ਹੈ, ਜਿਹੜਾ ਉਸਨੂੰ ਪਾਗਲ ਕਹਿੰਦਾ ਹੈ ।ਹੁਣ ਪਾਗਲ ਕੌਣ ਐ?

ਇਹ ਤਾਂ ਪਤਾ ਨਹੀਂ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵਾਲੀ ਗੱਲ ਹੈ ।ਸੁਖਪਾਲ ਸਿੰਘ ਖਹਿਰਾ ਬਾਰੇ ਉਹਨੇ ਦੱਸਿਆ ਐ, ਓਹਨੇ ਪਹੀ ਉੱਤੇ ਕਬਜ਼ਾ ਕੀਤਾ ਹੋਇਆ ਹੈ । ਮੈਂ ਤਾਂ ਕੋਠੀ ਕਿਰਾਏ ਉਤੇ ਲਈ ਹੈ, ਕਬਜ਼ਾ ਤਾਂ ਕਰਨਾ ਸੀ, ਬਸ ਐਵੇਂ ਹੀ ਰੌਲਾ ਪੈ ਗਿਆ ।

ਉਝ ਜਦੋਂ ਦੇ ਆਪ ਵਾਲਿਆਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਐ,ਨਵੇਂ ਹੀ ਚੰਦ ਚਾੜ ਰਹੇ ਹਨ । ਭਗਵੰਤ ਸਿੰਘ ਮਾਨ ਇਸ਼ਤਿਹਾਰਬਾਜ਼ੀ ਕਰਕੇ ਦੱਸ ਰਿਹਾ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ । ਪਹਿਲਾਂ 380 ਦੇ ਬੋਰਡ ਬੱਸਾਂ ਮਗਰ ਲਾਏ ਸੀ,ਹੁਣ 300 ਦੇ ਲਾ ਦਿੱਤੇ ਹਨ, ਫੜੇ ਕੌਣ ਹਨ?ਕਲਰਕ, ਪਟਵਾਰੀ ਤੇ ਕਾਨੂੰਨਗੋ।

ਚੰਡੀਗੜ੍ਹ ਵਿੱਚ ਬੈਠੇ ਮਗਰਮੱਛ ਸਰਕਾਰ ਦੀ ਪਹੁੰਚ ਤੋਂ ਬਾਹਰ ਹਨ। ਚੰਡੀਗੜ੍ਹ ਦੇ ਆਲੇ ਦੁਆਲੇ ਹੋਏ ਜ਼ਮੀਨ ਦੇ ਘਪਲਿਆਂ ਵਿੱਚ ਬਿਊਰੋ ਕਰੇਸੀ ਵਾਲੇ ਸ਼ਾਮਲ ਹਨ । ਅਮਰੂਦਾਂ ਦਾ ਘਪਲਾ, ਛੇ ਮੰਜ਼ਿਲਾਂ ਫਲੈਟਾਂ ਦਾ ਸਕੈਂਡਲ ਸਰਕਾਰ ਨੂੰ ਦਿਖਦਾ ਨਹੀ।ਸਤਨਾਮ ਸਿੰਘ ਦਾਊ ਨਿੱਤ ਸਬੂਤ ਲੈ ਕੇ ਮੁਸੱਦੀ ਵਾਗੂੰ ਦਫਤਰ ਦਫਤਰ ਘੁੰਮ ਰਿਹਾ ਹੈ । ਚਿੱਟਾ ਘਰ ਘਰ ਪੁੱਜ ਗਿਆ ਹੈ, ਗੱਭਰੂ ਨਿੱਤ ਓਵਰ ਡੋਜ ਨਾ ਮਰ ਰਹੇ ਹਨ । ਸ਼ਸ਼ੀ ਕਾਂਤ ਸਾਬਕਾ ਪੁਲਿਸ ਅਫਸਰ ਨੇ ਤਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਮ ਵੀ ਨਸਰ ਕਰ ਦਿੱਤੇ । ਹੁਣ ਕੀ ਕਸਰ ਤੇ ਰੜਕ ਐ ? ਇਹ ਤਾਂ ਭਗਵੰਤ ਸਿੰਘ ਮਾਨ ਸਾਹਿਬ ਹੀ ਜਾਣਦੇ ਹਨ, ਆਪਾਂ ਕੀ ਲੈਣਾ ਹੈ!

ਬੁੱਧ ਸਿੰਘ ਨੀਲੋਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next article*ਸਮੇਂ ਦਾ ਸੱਚ*