ਡਿਸਕਵਰੀ ਦੇ ਸ਼ੋਅ ‘ਮੈਨ ਵਰਸਿਜ਼ ਵਾਈਲਡ’ ’ਚ ਨਜ਼ਰ ਆਉਣਗੇ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਸਕਵਰੀ ਚੈਨਲ ਦੇ ਪ੍ਰੋਗਰਾਮ ‘ਮੈਨ ਵਰਸਿਜ਼ ਵਾਈਲਡ’ ਦੀ ਵਿਸ਼ੇਸ਼ ਲੜੀ ’ਚ ਨਜ਼ਰ ਆਉਣਗੇ ਜਿਸ ’ਚ ਵਾਤਾਵਰਨ ਬਦਲਾਅ ਨਾਲ ਸਬੰਧਤ ਮੁੱਦਿਆਂ ਨੂੰ ਉਜਾਗਰ ਕੀਤਾ ਜਾਵੇਗਾ। ਚੈਨਲ ਵੱਲੋਂ ਜਾਰੀ ਬਿਆਨ ਮੁਤਾਬਕ ਵਿਸ਼ੇਸ਼ ਲੜੀਵਾਰ ਦੀ ਸ਼ੂਟਿੰਗ ਬਿਅਰ ਗ੍ਰਿਲਸ ਨੇ ਜਿਮ ਕਾਰਬੈੱਟ ਨੈਸ਼ਨਲ ਪਾਰਕ ’ਚ ਕੀਤੀ ਹੈ ਜਿਸ ’ਚ ਹਲਕੇ-ਫੁਲਕੇ ਅੰਦਾਜ਼ ’ਚ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਰੌਸ਼ਨੀ ਪਾਈ ਜਾਵੇਗੀ। ਲੜੀਵਾਰ ਦਾ ਪ੍ਰੀਮੀਅਰ 12 ਅਗਸਤ ਨੂੰ ਹੋਵੇਗਾ ਅਤੇ ਇਸ ਨੂੰ ਡਿਸਕਵਰੀ ਨੈੱਟਵਰਕ ਦੇ ਚੈਨਲਾਂ ’ਤੇ 180 ਤੋਂ ਵੱਧ ਮੁਲਕਾਂ ’ਚ ਦਿਖਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਬਿਆਨ ’ਚ ਕਿਹਾ,‘‘ਮੈਂ ਕਈ ਸਾਲ ਕੁਦਰਤ ਨਾਲ ਪਹਾੜਾਂ ਅਤੇ ਜੰਗਲਾਂ ’ਚ ਗੁਜ਼ਾਰੇ ਹਨ। ਇਸ ਸਮੇਂ ਨੇ ਮੇਰੇ ਜੀਵਨ ’ਤੇ ਵਧੀਆ ਅਸਰ ਪਾਇਆ। ਜਦੋਂ ਮੇਰੇ ਤੋਂ ਸਿਆਸਤ ਤੋਂ ਪਰ੍ਹੇ ਜੀਵਨ ਨੂੰ ਦਰਸਾਉਂਦਾ ਵਿਸ਼ੇਸ਼ ਪ੍ਰੋਗਰਾਮ, ਉਹ ਵੀ ਕੁਦਰਤ ਵਿਚਕਾਰ ਤਿਆਰ ਕਰਨ ਬਾਰੇ ਪੁੱਛਿਆ ਗਿਆ ਤਾਂ ਮੈਂ ਇਸ ’ਚ ਹਿੱਸਾ ਲੈਣ ਨੂੰ ਮਨਜ਼ੂਰੀ ਦੇ ਦਿੱਤੀ।’’ ਉਨ੍ਹਾਂ ਕਿਹਾ ਕਿ ਇਹ ਸ਼ੋਅ ਦੁਨੀਆਂ ਨੂੰ ਭਾਰਤ ਦੇ ਅਮੀਰ ਵਾਤਾਵਰਨ ਵਿਰਸੇ ਨੂੰ ਦਿਖਾਉਣ ਅਤੇ ਵਾਤਾਵਰਨ ਰੱਖਿਆ ਤੇ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਮਹੱਤਵ ’ਤੇ ਗੌਰ ਕਰਨ ਦਾ ਮੌਕਾ ਹੈ। ਗ੍ਰਿਲਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਭਾਰਤੀ ਜੰਗਲਾਂ ਦੀ ਸੈਰ ’ਤੇ ਲੈ ਕੇ ਜਾਣਾ ਵਧੀਆ ਤਜਰਬਾ ਸੀ।

Previous articleਉਨਾਓ ਹਾਦਸਾ: ਭਾਜਪਾ ਵਿਧਾਇਕ ਖ਼ਿਲਾਫ਼ ਹੱਤਿਆ ਦਾ ਕੇਸ ਦਰਜ
Next articleਖੰਨਾ ’ਚ ਸਕੂਲ ਵੈਨ ਅਗਵਾ ਕਰਨ ਦੀ ਕੋਸ਼ਿਸ਼