ਉਨਾਓ ਹਾਦਸਾ: ਭਾਜਪਾ ਵਿਧਾਇਕ ਖ਼ਿਲਾਫ਼ ਹੱਤਿਆ ਦਾ ਕੇਸ ਦਰਜ

ਜਬਰ-ਜਨਾਹ ਪੀੜਤਾ ਦੇ ਚਾਚੇ ਨੇ ਦਰਜ ਕਰਵਾਈ ਸ਼ਿਕਾਇਤ;

ਮਹਿਲਾ ਕਮਿਸ਼ਨ ਦੀ ਟੀਮ ਅੱਜ ਜਾਵੇਗੀ ਉਨਾਓ

ਉਨਾਓ ਜਬਰ-ਜਨਾਹ ਪੀੜਤਾ ਅਤੇ ਉਸ ਦੇ ਵਕੀਲ ਨੂੰ ਸੜਕ ਹਾਦਸੇ ’ਚ ਗੰਭੀਰ ਸੱਟਾਂ ਲੱਗਣ ਮਗਰੋਂ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਉੱਤਰ ਪ੍ਰਦੇਸ਼ ਪੁਲੀਸ ਨੇ ਸੋਮਵਾਰ ਨੂੰ ਭਾਜਪਾ ਦੇ ਵਿਧਾਇਕ ਅਤੇ ਜਬਰ-ਜਨਾਹ ਦੇ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਸਮੇਤ 25 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ’ਚੋਂ 10 ਦੀ ਸ਼ਨਾਖ਼ਤ ਹੋ ਚੁੱਕੀ ਹੈ। ਉਨ੍ਹਾਂ ਖ਼ਿਲਾਫ਼ ਧਾਰਾ 302 (ਹੱਤਿਆ), 307 (ਹੱਤਿਆ ਦੀ ਕੋਸ਼ਿਸ਼), 506 (ਧਮਕਾਉਣ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਕੌਮੀ ਮਹਿਲਾ ਕਮਿਸ਼ਨ ਨੇ ਯੂ.ਪੀ. ਪੁਲੀਸ ਨੂੰ ਕਿਹਾ ਹੈ ਕਿ ਉਹ ਮਾਮਲੇ ਦੀ ਤੇਜ਼ੀ ਨਾਲ ਜਾਂਚ ਯਕੀਨੀ ਬਣਾਏ। ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਦੀ ਟੀਮ ਮੰਗਲਵਾਰ ਨੂੰ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਉਨਾਓ ’ਚ ਮੁਲਾਕਾਤ ਕਰੇਗੀ। ਉਹ ਉੱਤਰ ਪ੍ਰਦੇਸ਼ ਪੁਲੀਸ ਨਾਲ ਬੈਠਕ ਕਰਕੇ ਤਹਿਕੀਕਾਤ ਦੇ ਵੇਰਵੇ ਵੀ ਲੈਣਗੇ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਜਬਰ-ਜਨਾਹ ਪੀੜਤਾ ਨਾਲ ਲਖਨਊ ਹਸਪਤਾਲ ’ਚ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਸ ਨੂੰ ਵਧੀਆ ਇਲਾਜ ਲਈ ਦਿੱਲੀ ਤਬਦੀਲ ਕੀਤਾ ਜਾਵੇ ਕਿਉਂਕਿ ਉਸ ਦੀ ਹਾਲਤ ‘ਨਾਜ਼ੁਕ’ ਹੈ। ਇਹ ਕੇਸ ਪੀੜਤਾ ਦੇ ਚਾਚੇ ਮਹੇਸ਼ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ ਜੋ ਰਾਏਬਰੇਲੀ ਜੇਲ੍ਹ ’ਚ ਬੰਦ ਹੈ। ਆਪਣੀ ਸ਼ਿਕਾਇਤ ’ਚ ਮਹੇਸ਼ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਸਾਰਿਆਂ ਨੂੰ ਮਾਰਨ ਲਈ ਟਰੱਕ ਰਾਹੀਂ ਕਾਰ ਨੂੰ ਟੱਕਰ ਮਰਵਾਈ। ਜ਼ਿਕਰਯੋਗ ਹੈ ਕਿ 19 ਸਾਲ ਦੀ ਲੜਕੀ, ਉਸ ਦੇ ਪਰਿਵਾਰਕ ਮੈਂਬਰ ਅਤੇ ਵਕੀਲ ਕਾਰ ’ਚ ਜਾ ਰਹੇ ਸਨ ਤਾਂ ਐਤਵਾਰ ਨੂੰ ਰਾਏਬਰੇਲੀ ’ਚ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ’ਚ ਦੋ ਪਰਿਵਾਰਕ ਮੈਂਬਰ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਚੌਥੀ ਵਾਰ ਵਿਧਾਇਕ ਬਣੇ ਸੇਂਗਰ ’ਤੇ ਜਬਰ-ਜਨਾਹ ਦਾ ਦੋਸ਼ ਹੈ ਅਤੇ ਉਸ ਨੂੰ ਪਿਛਲੇ ਸਾਲ 13 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀੜਤਾ ਦੀ ਮਾਂ ਨੇ ਉਨਾਓ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਾਦਸਾ ਨਹੀਂ ਸੀ ਸਗੋਂ ਸਾਰੇ ਪਰਿਵਾਰ ਨੂੰ ਮਾਰਨ ਦੀ ਸਾਜ਼ਿਸ਼ ਸੀ। ਡੀਜੀਪੀ ਓ ਪੀ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਸੜਕ ਹਾਦਸੇ ਦੀ ਸੀਬੀਆਈ ਜਾਂਚ ਕਰਾਉਣ ਲਈ ਤਿਆਰ ਹੈ। ਲਖਨਊ ’ਚ ਉਨ੍ਹਾਂ ਕਿਹਾ ਕਿ ਟਰੱਕ ਦੀ ਰਫ਼ਤਾਰ ਤੇਜ਼ ਸੀ ਅਤੇ ਮੀਂਹ ਵੀ ਪੈ ਰਿਹਾ ਸੀ ਅਤੇ ਮੁੱਢਲੀ ਨਜ਼ਰ ’ਚ ਇਹ ਹਾਦਸਾ ਜਾਪਦਾ ਹੈ ਪਰ ਫਿਰ ਵੀ ਮਾਮਲੇ ਦੀ ਨਿਰਪੱਖ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨਾਓ ਦੇ ਐੱਸਪੀ ਐੱਮਪੀ ਵਰਮਾ ਨੇ ਕਿਹਾ ਕਿ ਦੋ ਮਹਿਲਾ ਕਾਂਸਟੇਬਲ ਅਤੇ ਇਕ ਹੋਰ ਪੁਲੀਸ ਮੁਲਾਜ਼ਮ ਜਬਰ-ਜਨਾਹ ਪੀੜਤਾ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ ਪਰ ਹਾਦਸੇ ਸਮੇਂ ਉਹ ਹਾਜ਼ਰ ਨਹੀਂ ਸਨ। ਸੁਰੱਖਿਆ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।

Previous articleਫ਼ਾਰੂਕ ਨੇ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ
Next articleਡਿਸਕਵਰੀ ਦੇ ਸ਼ੋਅ ‘ਮੈਨ ਵਰਸਿਜ਼ ਵਾਈਲਡ’ ’ਚ ਨਜ਼ਰ ਆਉਣਗੇ ਮੋਦੀ