ਰਾਨੀਬੰਧ (ਪੱਛਮੀ ਬੰਗਾਲ) (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜਲਦੀ ਸਿਹਤਯਾਬ ਹੋਣ ਦੀ ਇੱਛਾ ਜਤਾਉਂਦਿਆਂ ਅੱਜ ਕਿਹਾ ਕਿ ਟੀਐੱਮਸੀ ਸੁਪਰੀਮੋ ਹਾਲ ਹੀ ਵਿੱਚ ਲੱਗੀਆਂ ਸੱਟਾਂ ਕਰਕੇ ਪੀੜ ਵਿੱਚ ਹੈ। ਉਨ੍ਹਾਂ ਮਮਤਾ ਬੈਨਰਜੀ ਨੂੰ ਸਵਾਲ ਕੀਤਾ ਕਿ ਕੀ ਕਦੇ ਉਨ੍ਹਾਂ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਦੌਰਾਨ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰਾਂ ਦੀ ਪੀੜ ਦਾ ਅਹਿਸਾਸ ਕੀਤਾ ਹੈ। ਇਥੇ ਬਾਂਕੁਰਾ ਜ਼ਿਲ੍ਹੇ ਦੇ ਰਾਨੀਬੰਧ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵਾਅਦਾ ਕੀਤਾ ਕਿ ਜੇ ਪੱਛਮੀ ਬੰਗਾਲ ’ਚ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਾਂਗੇ।
ਸ਼ਾਹ ਨੇ ਕਿਹਾ, ‘ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਕਬਾਇਲੀਆਂ ਦੇ ਹੱਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਸਰਕਾਰ ਦਾ ਵਿਸ਼ੇਸ਼ ਧਿਆਨ ਖੇਤਰ ਵਿਚਲੇ ਕਬਾਇਲੀਆਂ ਲਈ ਸਿੱਖਿਆ, ਸਿਹਤ ਤੇ ਪੀਣ ਵਾਲੇ ਪਾਣੀ ’ਤੇ ਰਹੇਗਾ।’ ਸ਼ਾਹ ਨੇ ਝਾੜਗ੍ਰਾਮ ਜ਼ਿਲ੍ਹੇ ਵਿੱਚ ਵੀ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਮਗਰੋਂ ਵਰਚੁਅਲੀ ਸੰਖੇਪ ਤਕਰੀਰ ਕੀਤੀ। ਪਾਰਟੀ ਮੁਤਾਬਕ ਸ਼ਾਹ ਦੇ ਹੈਲੀਕਾਪਟਰ ’ਚ ਤਕਨੀਕੀ ਨੁਕਸ ਕਰਕੇ ਉਹ ਰੈਲੀ ਨਹੀਂ ਕਰ ਸਕੇ। ਇਹ ਵੀ ਚਰਚਾ ਰਹੀ ਕਿ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਕਾਰਨ ਸ਼ਾਹ ਨਹੀਂ ਪੁੱਜੇ ਤੇ ਹੈਲੀਕਾਪਟਰ ’ਚ ਤਕਨੀਕੀ ਨੁਕਸ ਮਹਿਜ਼ ਬਹਾਨਾ ਸੀ।