ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਸ਼ ਦੇ ਕੇਂਦਰੀ ਅਤੇ ਦੂਜੇ ਬੋਰਡਾਂ ਦੀ ਤਰਜ਼ ’ਤੇ ਪਹਿਲਾਂ ਨਿਰਧਾਰਤ ਸਮੇਂ ਤੋਂ ਕੁਝ ਦਿਨ ਹੋਰ ਅੱਗੇ ਲਿਜਾ ਕੇ ਕਰਵਾਉਣ ਦਾ ਫ਼ੈਸਲਾ ਲਿਆ ਹੈ। ਅੱਜ ਦੇਰ ਸ਼ਾਮ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਵੱਲੋਂ ਜਾਰੀ ਲਿਖਤੀ ਸੂਚਨਾ ਵਿੱਚ ਕਿਹਾ ਗਿਆ ਕਿ ਪੰਜਵੀਂ ਅਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਨਿਰਧਾਰਤ ਡੇਟਸ਼ੀਟ ਅਨੁਸਾਰ ਹੀ ਕਰਵਾਈਆਂ ਜਾ ਰਹੀਆਂ ਹਨ।

ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 20 ਅਪਰੈਲ ਤੋਂ ਅਤੇ ਦਸਵੀਂ ਦੀਆਂ 4 ਮਈ ਤੋਂ ਸ਼ੁਰੂ ਕਰਨ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਨੇ ਸਮੂਹ ਬੋਰਡ ਅਤੇ ਗ਼ੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲਾਂ ਵਿੱਚ ਆਫ਼ਲਾਈਨ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾਣ ਵਾਲੀਆਂ ਘਰੇਲੂ ਪ੍ਰੀਖਿਆਵਾਂ ਦੀ ਸ਼ੁਰੂਆਤ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਨਾਲ ਹੋਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਭਲਕੇ 16 ਮਾਰਚ ਤੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਨਾਲ ਹੋਵੇਗੀ।

ਇਸ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ 3.21 ਲੱਖ ਵਿਦਿਆਰਥੀਆਂ ਲਈ 18,080 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ ਬਾਅਦ ਦੁਪਹਿਰ 12.15 ਵਜੇ ਤਕ ਹੋਵੇਗੀ। 16 ਮਾਰਚ ਤੋਂ ਸ਼ੁਰੂ ਹੋਣ ਵਾਲੀ ਇਹ ਪ੍ਰੀਖਿਆ 23 ਮਾਰਚ ਤਕ ਚੱਲੇਗੀ। ਡੇਟਸ਼ੀਟ ਅਨੁਸਾਰ 16 ਮਾਰਚ ਨੂੰ ਪਹਿਲੀ ਭਾਸ਼ਾ, 17 ਮਾਰਚ ਨੂੰ ਅੰਗਰੇਜ਼ੀ, 18 ਨੂੰ ਦੂਜੀ ਭਾਸ਼ਾ, 19 ਨੂੰ ਵਾਤਾਵਰਨ, 22 ਨੂੰ ਗਣਿਤ ਤੇ 23 ਨੂੰ ਸਵਾਗਤ ਜ਼ਿੰਦਗੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ। 24 ਤੋਂ 27 ਮਾਰਚ ਤਕ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

Previous articleਟੀਐੱਮਸੀ ਰਾਜ ’ਚ ਮਰੇ ਭਾਜਪਾ ਵਰਕਰਾਂ ਦੇ ਪਰਿਵਾਰਾਂ ਦੀ ਪੀੜ ਦਾ ਕੀ: ਸ਼ਾਹ
Next articleਕਿਸਾਨਾਂ ਨੂੰ ਤੰਗ ਕਰਨ ਲਈ ਕੇਂਦਰ ਨਵੇਂ ਨਿਯਮ ਬਣਾ ਰਿਹੈ: ਮਾਨ