(ਸਮਾਜ ਵੀਕਲੀ)
ਜਿੰਦਗੀ ਜਿੰਦਾਦਿਲੀ ਦਾ ਨਾਮ ਹੈ । ਦੁੱਖ ਅਤੇ ਸੁੱਖ ਜਿੰਦਗੀ ਵਿਚ ਨਾਲ ਨਾਲ ਚਲਦੇ ਹਨ। ਪਰ ਜਿੰਦਗੀ ਨੂੰ ਵਧੀਆ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ । ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ ।
ਜੋ ਕੁਝ ਕੋਲ ਮੌਜੂਦ ਹੈ ਉਸਨੂੰ ਮਾਨਣ ਦੀ ਥਾਂ , ਜੋ ਕੋਲ ਨਹੀਂ ਦਾ ਰੋਣਾ ਰੋਂਦੇ ਰਹਿੰਦੇ ਹਨ । ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਜਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ । ਜਿੰਦਗੀ ਨਾਂ ਹੈ ਦੁੱਖਾਂ ਅਤੇ ਸੁੱਖਾਂ ਦਾ , ਪਿਆਰ ਅਤੇ ਟਕਰਾਰ ਦਾ , ਦੋਸਤੀ ਅਤੇ ਚਾਹਤ ਦਾ , ਖੁਸ਼ੀਆਂ ਅਤੇ ਗ਼ਮੀਆਂ ਦਾ ਪਾਉਣ ਅਤੇ ਗਵਾਉਣ ਦਾ , ਰੁੱਸਣ ਅਤੇ ਮਨਾਉਣ ਦਾ , ਆਸ਼ਾ ਅਤੇ ਨਿਰਾਸ਼ਾ ਦਾ ਤੇ ਕਈਆਂ ਲਈ ਜਿੰਦਗੀ ਇੱਕ ਸੁਪਨਾ ਹੈ ਜਾਂ ਹਕੀਕਤ।
ਜ਼ਿੰਦਗੀ ਨੂੰ ਜਿਊਣ ਦਾ ਹਰੇਕ ਮਨੁੱਖ ਦਾ ਆਪਣਾ ਨਜ਼ਰੀਆ ਹੁੰਦਾ ਹੈ। ਸੂਝਵਾਨ ਲੋਕ ਜ਼ਿੰਦਗੀ ਦੇ ਮਾੜੇ ਦਿਨਾਂ ਨੂੰ ਵੀ ਹੱਸਕੇ ਬਿਤਾਉਦੇ ਹਨ, ਜਦਕਿ ਬੇਸਮਝ ਲੋਕ ਸਭ ਕੁਝ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਰੋਂਦੇ ਰਹਿੰਦੇ ਹਨ। ਹਰੇਕ ਮਨੁੱਖ ਨੂੰ ਜ਼ਿੰਦਗੀ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਨੁੱਖ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ। ਅਜਿਹੇ ਮਨੁੱਖ ਜ਼ਿੰਦਗੀ ‘ਚ ਮਸਤ ਚਾਲ ਨਾਲ ਚੱਲਦੇ ਹੋਏ ਬਤੀਤ ਕਰ ਲੈਂਦੇ ਹਨ।
ਜਦਕਿ ਚੁਣੌਤੀਆਂ ਨੂੰ ਪ੍ਰਵਾਨ ਨਾ ਕਰਨ ਵਾਲੇ ਮਨੁੱਖ ਜ਼ਿੰਦਗੀ ਵਿਚ ਦੁੱਖਾਂ ਦਾ ਸਾਹਮਣਾ ਕਰ ਕੇ ਜ਼ਿੰਦਗੀ ਬਤੀਤ ਕਰਦੇ ਹਨ। ਜ਼ਿੰਦਗੀ ਵਿਚ ਚੁਣੌਤੀਆਂ ਨੂੰ ਪਾਰ ਕਰ ਕੇ ਹੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।ਉਹ ਇਨਸਾਨ ਕਿਸਮਤ ਵਾਲੇ ਹੁੰਦੇ ਹਨ ਜੋ ਹਰ ਪਲ ਨੂੰ ਜਿਊਣਾ ਸਿੱਖ ਜਾਂਦੇ ਹਨ ਕਿਉਂਕਿ ਜਿਊਣ ਦਾ ਢੰਗ ਹਰ ਵਿਅਕਤੀ ਨੂੰ ਨਹੀਂ ਆਉਂਦਾ। ਹੱਸਣ ਤੇ ਹਸਾਉਣ ਦੇ ਹੁਨਰ ਨਾਲ ਮਾਲੋ-ਮਾਲ ਵਿਅਕਤੀ ਲਈ ਜ਼ਿੰਦਗੀ ਕਦੇ ਵੀ ਬੋਝ ਨਹੀਂ ਹੋ ਸਕਦੀ।
ਇਸੇ ਕਰਕੇ ਕਿਹਾ ਗਿਆ ਹੈ ਕਿ ਹੱਸਦਿਆਂ ਦੇ ਘਰ ਵੱਸਦੇ। ਜੇ ਤੁਸੀਂ ਜ਼ਿੰਦਗੀ ਨੂੰ ਸੱਚਮੁੱਚ ਜਿਊਣਾ ਚਾਹੁੰਦੇ ਹੋ ਤਾਂ ਆਪਣੇ ਮਨ ਵਿੱਚੋਂ ਈਰਖਾ, ਨਫ਼ਰਤ ਤੇ ਸਾੜੇ ਨੂੰ ਖ਼ਤਮ ਕਰ ਦਿਉ ਕਿਉਂਕਿ ਇਹ ਭਾਵਨਾਵਾਂ ਇਨਸਾਨ ਨੂੰ ਅੱਗੇ ਨਹੀਂ ਵਧਣ ਦਿੰਦੀਆਂ। ਜੀਵਨ ਵਿੱਚ ਆਈ ਖੜੋਤ ਬਦਬੂਦਾਰ ਖੜ੍ਹੇ ਪਾਣੀ ਦੀ ਤਰ੍ਹਾਂ ਹੁੰਦੀ ਹੈ ਜਿਸ ਕੋਲੋਂ ਕੋਈ ਵੀ ਲੰਘਣਾ ਨਹੀਂ ਚਾਹੁੰਦਾ। ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਇਰਾਦਿਆਂ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ।
ਇਸ ਲਈ ਖ਼ੂਬਸੂਰਤ ਖ਼ਿਆਲਾਂ ਦੇ ਨਾਲ ਨਾਲ ਜਿੰਦਾਦਿਲੀ ਵੀ ਜਰੂਰੀ ਹੈ। ਕਈ ਵਾਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉਦਾਸ ਹੋ ਕੇ ਨਕਾਰਾਤਮਕ ਸੋਚ ਦੇ ਧਾਰਨੀ ਹੋ ਜਾਂਦੇ ਹਾਂ। ਜੋ ਕਿਤੇ ਨਾ ਕਿਤੇ ਸਾਨੂੰ ਬਹੁਤ ਹੀ ਦੁੱਖੀ ਕਰਦੀ ਹੈ ਇਸ ਲਈ ਸੋਚਣਾ ਨਹੀਂ ਚਾਹੀਦਾ ਜੋ ਹੋਣਾ ਉਹ ਹੋ ਕਿ ਰਹੇਗਾ ਕਦੇ ਨਿਰਾਸ਼ ਨਾ ਹੋਵੇ ਜਿੰਦਗੀ ਨੂੰ ਖੁੱਲ ਕਿ ਜੀਣਾ ਸਿੱਖੋ ਤੇ ਹਰ ਦਿਨ ਏਦਾ ਜੀਉ ਜਿਵੇਂ ਆਖਰੀ ਹੋਵੇ ਕਿਉਂਕਿ ਹੋ ਸਕਦਾ ਕੋਈ ਆਪਾਂ ਨੂੰ ਦੇਖ ਕਿ ਜਿੰਦਗੀ ਜੀ ਰਿਹਾ ਹੋਵੇ ਤੇ ਕਿਸੇ ਦੇ ਹਾਸਿਆਂ ਦੀ ਵਜਾ ਆਪਾਂ ਹੀ ਹੋਈਏ।
ਇਸ ਲਈ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਿੱਖ ਕਿ ਸਕਾਰਾਤਮਕ ਸੋਚ ਰੱਖੋ। ਫਿਰ ਦੇਖਣਾ ਇਹੀ ਜਿੰਦਗੀ ਬਹੁਤ ਖੂਬਸੂਰਤ ਲੱਗੇਗੀ। ਕਿਉਂਕਿ ਜਿੰਦਗੀ ਤਾਂ ਨਿਕਲ ਹੀ ਜਾਣੀ ਐ ਚਾਹੇ ਹੱਸ ਕਿ ਕੱਢੀਏ ਜਾਂ ਰੋ ਕਿ ਬਸ ਇਹੀ ਨਜ਼ਰੀਆ ਰੱਖੋ ਕਿ ਜਿੰਦਗੀ ਜਿਊਣੀ ਐ ਨਾ ਕਿ ਕੱਟਣੀ।
ਹਰਮਨਜੋਤ ਕੌਰ ਗਿੱਲ
ਰਿਸਰਚ ਸਕਾਲਰ
ਪੰਜਾਬੀ ਯੂਨੀਵਰਸਿਟੀ ਪਟਿਆਲਾ