ਖੇਡਾਂ ਦੇ ਖੇਤਰ ਵਿਚ ਹੈ ਦੂਜਾ ਸਭ ਤੋਂ ਵੱਡਾ ਸਨਮਾਨ
ਇੰਟਰ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਵਿਚ ਜਿੱਤਿਆ ਸੀ ਸੋਨ ਤਗਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਕਪੂਰਥਲਾ ਜਿਲ੍ਹੇ ਦੇ ਪਰਮਿੰਦਰ ਸਿੰਘ ਨੂੰ ਹੈਂਡਬਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ‘ਯੂਨੀਵਰਸਿਟੀ ਕਲਰ’ ਨਾਲ ਨਿਵਾਜਿਆ ਗਿਆ ਹੈ, ਜੋ ਕਿ ਯੂਨੀਵਰਸਿਟੀ ਵਲੋਂ ਖੇਡਾਂ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਸਨਮਾਨ ਹੈ।
ਪਰਮਿੰਦਰ ਸਿੰਘ ਯੂਨੀਵਰਸਿਟੀ ਵਿਖੇ ਐਮ.ਐਸ.ਸੀ. ( ਪਸਾਰ ਸਿੱਖਿਆ) ਦਾ ਵਿਦਿਆਰਥੀ ਹੈ ਅਤੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮੰਗੂਪੁਰ ਦਾ ਵਸਨੀਕ ਹੈ। ਉਹ ਕਪੂਰਥਲਾ ਜਿਲ੍ਹੇ ਵਿਚੋਂ ਅਜਿਹਾ ਇਕਲੌਤਾ ਖਿਡਾਰੀ ਹੈ, ਜਿਸਨੂੰ ਯੂਨੀਵਰਸਿਟੀ ਵਲੋਂ ਇਹ ਸਨਮਾਨ ਹਾਸਿਲ ਹੋਇਆ ਹੈ।
ਇਸ ਸਨਮਾਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਧਿਕਾਰਤ ਲੋਗੋ ਵਾਲਾ ਬਲੇਜ਼ਰ ਅਤੇ ਪ੍ਰਸ਼ੰਸ਼ਾ ਪੱਤਰ ਸ਼ਾਮਿਲ ਹੈ। ਯੂਨੀਵਰਸਿਟੀ ਵਲੋਂ ਪਰਮਿੰਦਰ ਸਿੰਘ ਨੂੰ ਅਗਲੇ ਸਾਲ ਅਥਲੈਟਿਕਸ ਮੀਟ ਦੌਰਾਨ ‘ਰੌਲ ਆਫ ਆਨਰ ’ ਦਿੱਤਾ ਜਾਵੇਗਾ, ਜੋ ਕਿ ਯੂਨੀਵਰਸਿਟੀ ਦਾ ਸਰਬਉੱਚ ਖੇਡ ਐਵਾਰਡ ਹੈ। ਇਸ ਤਹਿਤ ਖਿਡਾਰੀ ਦਾ ਨਾਮ ਸਟੂਡੈਂਟਸ ਹੋਮ ਦੀ ਵਾਲ ’ਤੇ ਸਮੇਤ ਪ੍ਰਾਪਤੀਆਂ ਉਕਰਿਆ ਜਾਂਦਾ ਹੈ।
ਪਰਮਿੰਦਰ ਸਿੰਘ ਜੋ ਕਿ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ, ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਵਲੋਂ ਹੈਂਡਬਾਲ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ , ਉੱਤਰੀ ਜ਼ੋਨ ਦੇ ਮੁਕਾਬਲਿਆਂ ਦੌਰਾਨ ਸੋਨ ਤਗਮਾ ਜਿੱਤਿਆ ਸੀ, ਜੋ ਕਿ ਹੁਣ ਤੱਕ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਿੱਤਿਆ ਗਿਆ ਇਕਲੌਤਾ ਸੋਨ ਤਗਮਾ ਹੈ।