(ਸਮਾਜ ਵੀਕਲੀ)
ਸੀਰਤ ਰੰਗ ਦੀ ਕਾਲੀ ਤੇ ਭੋਲੇ ਸੁਭਾਅ ਵਾਲੀ ਕੁੜੀ ਸੀ।ਉਹਦੀ ਮਾਂ ਬੰਸੋ ਅਕਸਰ ਹੀ ਕਰਮਾਂ ਵਾਲੀ ਕਹਿ ਕੇ ਬੁਲਾਇਆ ਕਰਦੀ।ਸੀਰਤ ਦਾ ਬਾਪ ‘ਜੈਲਾ’ ਹਰ ਰੋਜ ਦਿਹਾੜੀ ਲਈ ਸ਼ਹਿਰ ਜਾਇਆ ਕਰਦਾ। ‘ਮਸ਼ੀਨੀਕਰਨ ਨੇ ਮਜ਼ਦੂਰਾਂ ਦੀ ਰੋਟੀ ‘ਚ ਲੱਤ ਮਾਰੀ’ ਤਾਂ ਇਹ ਕਥਨ ਗਲਤ ਨਹੀਂ ਹੋਵੇਗਾ।ਸ਼ਹਿਰ ਦੇ ਮੁੱਖ ਚੌਂਕ ਤੋਂ ਬਹੁਤ ਸਾਰੇ ਮਜਦੂਰ ਅਜਿਹੇ ਵੀ ਰਹਿ ਜਾਂਦੇ ਸਨ ਜਿੰਨਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ। ਕਈ ਵਾਰ ਤਾਂ ‘ਜੈਲੇ’ ਨੂੰ ਵੀ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ।ਸ਼ਹਿਰੋਂ ਆਏ ਬਾਪ ਦੇ ਲਿਫਾਫੇ ਵੱਲ ਹਮੇਸ਼ਾ ਸੀਰਤ ਦਾ ਧਿਆਨ ਰਹਿੰਦਾ।
ਜੈਲਾ ਹਮੇਸ਼ਾ ਸੀਰਤ ਲਈ ਕੁਝ ਨਾ ਕੁਝ ਖਾਣ ਨੂੰ ਘਰ ਜਰੂਰ ਲੈ ਕੇ ਆਉਂਦਾ।ਬੰਸੋ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਚਲੀ ਜਾਂਦੀ ਪਰ ਪਿੰਡ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਉਸ ਨੂੰ ਕੋਈ ਜਿਆਦਾ ਪੈਸੇ ਨਾ ਦਿੰਦਾ।ਕਿਤੇ ਕਿਤੇ ਤਾਂ ਬੰਸੋ ਵੀ ਨਿਰਾਸ਼ ਹੋ ਕੇ ਪਰਤਦੀ।ਸੀਰਤ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ।ਬੇਸ਼ੱਕ ਉਹ ਪੱਕੇ ਰੰਗ ਦੀ ਸੀ ਪਰ ਸਕੂਲ ਵਿੱਚੋਂ ਹਰ ਸਾਲ ਅੱਵਲ ਦਰਜੇ ਤੇ ਆਉਣਾ ਜਿਵੇਂ ਉਸਦਾ ਸ਼ੌਕ ਹੀ ਬਣ ਗਿਆ ਸੀ।
ਮਾਂ ਬਾਪ ਵਾਂਗ ਸੀਰਤ ਨੂੰ ਵੀ ਲੋਕਾਂ ਦੇ ਘਰਾਂ ‘ਚ ਕੰਮ ਹੀ ਕਰਨਾ ਪੈਂਦਾ।ਗਰੀਬ ਹੋਣਾਂ ਵੀ ਸ਼ਾਇਦ ਕਿਸੇ ਬਿਮਾਰੀ ਤੋਂ ਘੱਟ ਨਹੀਂ।ਹਰ ਕੋਈ ਮਿੱਠਾ ਹੋ ਕੇ ਕੰਮ ਲੈਣਾ ਸਿਖ ਲੈਂਦਾ।
ਪਿਛਲੇ ਦਿਨੀਂ ਹੀ ਸੀਰਤ ਨੂੰ ਕਮਲ ਦੀ ਮਾਂ ਨੇ ਘਰ ਸੱਦਿਆ ਤੇ ਕਿਹਾ “ਕਾਲੋ! ਦਾਣਿਆਂ ਦਾ ਡਰੰਮ ਭਰਨਾ ਐ ,,ਜਰਾ ਕੁ ਹੱਥ ਵਟਾਈ।”
ਤਾਈ ਮੈ ਰੋਟੀ ਖਾ ਕੇ ਆਈ ‘ ਸੀਰਤ ਨੇ ਬਸਤੇ ‘ਚ ਕਿਤਾਬਾਂ ਪਾਉਂਦੀ ਨੇ ਆਖਿਆ’ ਤੂੰ ਕਪੜੇ ਧੋ ,,,ਮੈਂ ਡਰੰਮ ਸਾਫ ਕਰਦੀ ਆ।ਕਪੜਿਆਂ ਦੀ ਪੰਡ ਨਲਕੇ ਕੋਲ ਰੱਖਦੀ ਹੋਈ ਮਲਕੀਤ ਨੇ ਆਖਿਆ।
ਤਾਈ ! ਸਰਫ,ਸਾਬਣ ਕਿੱਥੇ ਆ ?ਸੀਰਤ ਨੇ ਪੁੱਛਿਆ । ਗੁਸਲਖਾਨੇ ‘ਚ ਪਿਆ ਹੋਣਾ ਐ,,
ਕਪੜੇ ਧੋ ਕੇ ਛੱਤ ਤੇ ਪਾ ਆਈ ਫਿਰ ਡਰੰਮ ਭਰਦੇ ਆ ਆਪਾਂ।ਮਲਕੀਤ ਨੇ ਆਖਿਆ।
ਕਪੜੇ ਧੋਣ ਤੋਂ ਬਾਅਦ ਡਰੰਮ ਭਰਦਿਆਂ ਤੇ ਘਰ ਦੇ ਹੋਰ ਕੰਮ ਕਰਦਿਆਂ ਨੂੰ ਕਦੋਂ ਆਥਣ ਹੋ ਗਈ। ਪਤਾ ਹੀ ਨਹੀਂ ਚਲਿਆ।
ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ।ਜਦੋਂ ਕਿਸੇ ਦਾ ਦਿਲ ਕਰਦਾ ਘਰੋਂ ਹਾਕ ਮਾਰ ਕੇ ਨਾਲ ਲੈ ਜਾਂਦਾ।
ਕਈ ਵਾਰ ਤਾਂ ਜਦ ਜੈਲਾ ਘਰ ਪਹਿਲਾਂ ਆ ਜਾਂਦਾ ਤੇ ਫਿਰ ਦੋਵੇਂ ਜਾਣੇ ਸੀਰਤ ਨੂੰ ਪੁੱਛਿਆ ਕਰਦੇ ਕਿ , ਕੀ ਦਿੱਤਾ ਉਨਾਂ ਨੇ ?ਖਾਲੀ ਹੱਥ ਦੇਖ ਕੇ ਉਹ ਵੀ ਨਿਰਾਸ਼ ਹੋ ਜਾਂਦੇ।
ਜੈਲਾ ਬਥੇਰਾ ਬੰਸੋ ਨੂੰ ਕਹਿ ਕੇ ਜਾਇਆ ਕਰੇ ਕਿ ਸੀਰਤ ਨੂੰ ਲੋਕਾਂ ਦੇ ਘਰਾਂ ‘ਚ ਨਾ ਭੇਜਿਆ ਕਰ ਪਰ ਬੰਸੋ ਅਗੋਂ ਭੋਲੇ ਮੂੰਹ ਨਾਲ ਕਹਿ ਦਿੰਦੀ “ਜੇ ਕੋਈ ਘਰੋਂ ਲੈਣ ਹੀ ਆ ਜਾਂਦਾ ਫਿਰ ਕੀ ਆਖਾਂ ਉਹਨੂੰ ।ਪਿੰਡ ਵਾਲਿਆਂ ਨਾਲ ਵਿਗਾੜਨੀ ਚੰਗੀ ਨਹੀਂ ਹੁੰਦੀ।ਲੋੜ ਪੈਣ ਤੇ ਇਹ ਆਪਣੇ ਨਾਲ ਹੀ ਖੜ੍ਹਨਗੇ।”
ਇਸ ਤਰ੍ਹਾਂ ਦੇ ਜਵਾਬ ਸੁਣ ਜੈਲਾ ਵੀ ਅੱਖਾਂ ਨੀਵੀਆਂ ਕਰ ਲੈਂਦਾ। ਪਿਛਲੇ ਦੋ ਦਿਨਾਂ ਤੋਂ ਜੈਲਾ ਬਿਮਾਰ ਸੀ ਤੇ ਕੰਮ ਨਹੀਂ ਜਾ ਸਕਿਆ।
ਐਤਕੀਂ ਤਾਂ ਗੁਰਦੁਆਰੇ ਦੇ ਭਾਈ ਨੇ ਵੀ ਆਟਾ ਨਹੀਂ ਦਿੱਤਾ।ਸਾਰਾ ਦਿਨ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਬੰਸੋ ਆਪਣਾ ਢਿੱਡ ਤਾਂ ਉਨ੍ਹਾਂ ਘਰੋਂ ਭਰ ਲੈਂਦੀ ਪਰ ਘਰ ਖਾਲੀ ਹੱਥ ਹੀ ਆਉਂਦੀ।
ਜੈਲੇ ਦੇ ਬਿਮਾਰ ਹੋਣ ਤੇ ਬੰਸੋ ਨੇ ਸੀਰਤ ਨੂੰ ਕਿਹਾ ਸੀਰਤ ! ਕਮਲ ਦੀ ਮੰਮੀ ਨੂੰ ਕਹੀ ਕਿ ਥੋੜ੍ਹੇ ਕੁ ਪੈਸੇ ਦੇ ਦਿਉ।ਕਹੀਂ ਬਾਪੂ ਦੀ ਦਵਾਈ ਲਿਆਉਣੀ ਆ। ਜਦੋਂ ਬਾਪੂ ਠੀਕ ਹੋ ਗਿਆ ਫਿਰ ਮੋੜ ਦਿਆਂਗੇ।
ਸੀਰਤ ਜਦੋਂ ਕਮਲ ਦੀ ਮਾਂ ਪੁੱਛਦੀ ਤਾਂ ਜਵਾਬ ਆਉਂਦਾ,, ਐਤਕੀਂ ਤਾਂ ਸਾਡੇ ਆਵਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਐ। ਸਾਡਾ ਗੁਜਾਰਾ ਹੋ ਜਾਵੇ ਏਨਾ ਹੀ ਬਹੁਤ ਐ, ਕਿਸੇ ਨੂੰ ਕੀ ਦਈਏ।
ਕਾਲੋ ! ਤੂੰ ਮੀਤੇ ਘਰੋ ਪੁੱਛ ਲੈ ਜੇ ਦੇ ਦੇਣ ਤੇ… ਠੀਕ ਐ ਤਾਈ “ਦਰਵਾਜੇ ਕੋਲ ਖੜੀ ਸੀਰਤ ਨੇ ਆਖਿਆ”
ਜਦੋ ਆਂਢ ਗੁਆਂਢ ਚੋਂ ਨਿਰਾਸ਼ਾ ਮਿਲੀ ਤਾਂ ਜੈਲੇ ਆਖਿਆ “ਦੇਖ ਲਿਆ ਬੰਸੋ,,ਇਨ੍ਹਾਂ ਹੋਰ ਔਖੇ ਵੇਲੇ ਕੀ ਨਾਲ ਖੜ੍ਹਨਾ ? ਅਸੀਂ ਕੀ ਲੈਣਾ ਇਹੋ ਜਿਹੇ ਲੋਕਾਂ ਤੋਂ।”ਨਹੀਂ ਨਹੀਂ ਜੀ ਤੁਸੀਂ ਏਦਾ ਨਾ ਬੋਲੋ !ਮੇਰੇ ਕਾਂਟੇ ਸਵੇਰੇ ਵੇਚ ਆਉਣਾ ਕੁਝ ਦਿਨ ਘਰ ਦਾ ਗੁਜਾਰਾ ਚਲ ਜਾਉ।ਫਿਰ ਤੂੰ ਕੰਮ ਤੇ ਜਾਣ ਲਗਿਆ ਸਭ ਠੀਕ ਹੋ ਜੂ।”
ਸੀਰਤ ਦੇ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ।ਇਸ ਵਾਰ ਫਿਰ ਸਕੂਲ ਵਲੋਂ ਸੀਰਤ ਦਾ ਸਨਮਾਨ ਕੀਤਾ ਗਿਆ।
ਅਧਿਆਪਕਾਂ ਨੇ ਜੈਲੇ ਨੂੰ ਪ੍ਰੇਰਿਤ ਕੀਤਾ “ਸੀਰਤ ਨੂੰ ਅੱਗੇ ਹੋਰ ਪੜਾਉਣਾ ,,ਇਹ ਪੜ੍ਹਨ ਵਾਲੀ ਕੁੜੀ ਐ ,,ਦੇਖਿਆ ਜੇ ਕਿਤੇ ਹੱਥ ਹੀ ਨਾ ਪੀਲੇ ਕਰ ਦਿਆ ਜੋ।”
ਸੀਰਤ ਨੇ ਸਰਕਾਰੀ ਕਾਲਜ ਦਾਖਲਾ ਲਿਆ। ਜਦੋਂ ਵੀ ਕੋਈ ਕਾਲਜ ਗਤੀਵਿਧੀ ਹੋਇਆ ਕਰੇ ਤਾਂ ਹਰ ਕੋਈ ਪ੍ਰੋ ਸੀਰਤ ਨੂੰ ਹੀ ਯਾਦ ਕਰਿਆ ਕਰੇ। ਹਰ ਕਿਸੇ ਦੇ ਬੁੱਲਾਂ ਤੇ ਸੀਰਤ ਦਾ ਨਾਂ ਰਹਿਣ ਲੱਗਾ। ਪਰ ਇਧਰ ਜੈਲਾ ਤੇ ਬੰਸੋ ਵੀ ਬਿਮਾਰ ਹੀ ਰਿਹਾ ਕਰਦੇ ਸਨ।ਪਰ ਸੀਰਤ ਦੇ ਹੌਸਲੇ ਉਨ੍ਹਾਂ ਨੂੰ ਕੰਮਜੋਰ ਨਾ ਹੋਣ ਦਿੰਦੇ।ਬੰਸੋ ਅਕਸਰ ਹੀ ਕਿਹਾ ਕਰਦੀ ਧੀਏ!ਰੰਗ ਦੀ ਭਾਂਵੇ ਤੂੰ ਪੱਕੀ ਹੈ ਪਰ ਤੇਰੀ ਕਦਰ ਤੇਰੇ ਇਸੇ ਰੰਗ ਨੇ ਪਵਾਉਣੀ।
ਇਹ ਗਲਾਂ ਸੀਰਤ ਨੂੰ ਕਦੇ ਹਾਰਨ ਨਾ ਦਿੰਦੀਆਂ। ਕਿਸੇ ਵੇਲੇ ਪੱਕਾ ਰੰਗ ਤੇ ਘਸਮੇਲੇ ਕਪੜੇ ਹੋਣ ਕਰਕੇ ਸੀਰਤ ਨੂੰ ਕੋਈ ਬਲਾਉਣਾ ਵੀ ਪਸੰਦ ਨਹੀਂ ਸੀ ਕਰਦਾ ਪਰ ਕਾਲਜ ਵਿੱਚ ਉਹਨੂੰ ਹਰ ਕੋਈ ਸੀਰਤ ਕਹਿ ਕਿ ਬੁਲਾਉਂਦਾ ।ਸ਼ਾਇਦ ਇਹ ਵੀ ਉਸਦੀ ਹਰ ਪੱਖ ਤੋਂ ਅੱਵਲ ਆਉਣ ਦਾ ਨਤੀਜਾ ਸੀ। ਜਦੋਂ ਸੀਰਤ ਦੇ ਘਰ ਦੇ ਹਾਲਾਤ ਪ੍ਰੋਫੈਸਰਾਂ ਨੂੰ ਪਤਾ ਲੱਗੇ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਇਸਨੂੰ ਅਸੀਂ ਪੜ੍ਹਾਵਾਂਗੇ।
ਯੂਨੀਵਰਸਿਟੀ ‘ਚ ਦਾਖਲਾ ਮਿਲਦਿਆਂ ਸਾਰ ਹੀ ਸੀਰਤ ਨੇ ਸਭ ਦਾ ਦਿਲ ਜਿੱਤ ਲਿਆ।ਪੜ੍ਹਾਈ ਦੇ ਖੇਤਰ ‘ਚ ਅਜਿਹੀਆਂ ਮੱਲਾਂ ਮਾਰੀਆਂ ਕਿ ਯੂਨੀਵਰਸਿਟੀ ਵਿੱਚੋਂ ਉਸਨੇ ਪਹਿਲਾਂ ਸਥਾਨ ਪ੍ਰਾਪਤ ਕਰ ਲਿਆ।ਸੀਰਤ ਨੂੰ ਘਰ ਤੋਂ ਬਾਹਰ ਪੜ੍ਹਨ ਗਇਆਂ ਪੰਜ ਵਰ੍ਹੇ ਹੋ ਗਏ ਸੀ।ਸੀਰਤ ਦਾ ਖਤ ਵੀ ਕਿਤੇ ਕਿਤੇ ਆਉਂਦਾ। ਸੀਰਤ ਦੇ ਮਾਪਿਆਂ ਨੂੰ ਚਿੱਠੀ-ਪੱਤਰ ਰਾਹੀ ਇਹ ਜਰੂਰ ਪਤਾ ਲੱਗ ਗਿਆ ਸੀ ਕਿ ਉਹ ਨੌਕਰੀ ਲਈ ਕਿਸੇ ਟੈਸਟ ਦੀ ਤਿਆਰੀ ਕਰ ਰਹੀ ਸੀ।
ਬੇਸ਼ੱਕ ਸੀਰਤ ਅਗੇ ਵਧ ਰਹੀ ਸੀ ਪਰ ਜੈਲਾ ਅੱਜ ਵੀ ਸ਼ਹਿਰ ਦੇ ਚੌਂਕ ‘ਚ ਖੜ੍ਹਾ ਕੰਮ ਨੂੰ ਉਡੀਕਿਆ ਕਰਦਾ। ਬੰਸੋ ਅੱਜ ਵੀ ਹਰੇਕ ਘਰ ਇਹੀ ਆਸ ਲਾ ਕੇ ਕੰਮ ਕਰਨ ਜਾਂਦੀ ਕਿ ਅਜ ਤਾਂ ਮੈਨੂੰ ਕੁਝ ਨਾ ਕੁਝ ਦੇਣਗੇ ਹੀ। ਕਿਤੇ ਕਿਤੇ ਦੋਨੇ ਬੈਠ ਕੇ ਗੱਲਾਂ ਕਰਿਆ ਕਰਦੇ ਕਿ ਸੀਰਤ ਕਿਸੇ ਕੰਮ ਧੰਦੇ ਲੱਗੇ ਤੇ ਸਾਨੂੰ ਵੀ ਆਸਰਾ ਹੋਵੇ। ਲੋਕ ਵੀ ਬੰਸੋ ਹੁਰਾਂ ਨੂੰ ਡਰਾ ਕੇ ਰੱਖਿਆ ਕਰਦੇ ਕਿ ਬਾਹਰ ਪੜ੍ਹਨ ਗਈਆਂ ਕੁੜੀਆਂ ਤਾਂ ਵਿਗੜਦੀਆ ਹੀ ਹੁੰਦੀਆ ਨੇ।
ਇਕ ਦਿਨ ਤਾਂ ਕਮਲ ਦੀ ਮਾਂ ਵੀ ਬੰਸੋ ਨੂੰ ਕਹਿਣ ਲੱਗ ਗਈ ” ਬੰਸੋ!ਸੀਰਤ ਨੂੰ ਸਾਡੇ ਘਰ ਹੀ ਪੱਕਾ ਲਾ ਦਿੰਦੀ। ਅਸੀਂ ਆਪੇ ਉਹਦਾ ਵਿਆਹ ਕਰ ਦੇਣਾ ਸੀ।”ਇਹ ਗੱਲਾਂ ਵੀ ਵੱਢ ਵੱਢ ਖਾਂਦੀਆਂ ਸੀ। ਇਕ ਦਿਨ ਭਾਈ ਨੇ ਅਵਾਜ ਦਿੱਤੀ ਕਿ ਕੋਈ ਅਫਸਰ ਪਿੰਡ ਆ ਰਿਹਾ ਹੈ।ਸਵੇਰੇ ਦਸ ਵਜੇ ਸਕੂਲ ਵਿਚ ਇਕੱਠੇ ਹੋਇਆ ਜੋ,,ਪਿੰਡ ਵਿੱਚ ਇਕ ਨਵੀਂ ਫੈਕਟਰੀ ਬਣੇਗੀ। ਜਿਥੇ ਲੇਬਰ ਦਾ ਕੰਮ ਚੱਲੇਗਾ ਤੇ ਕਾਮਿਆਂ ਨੂੰ ਰੱਖਿਆ ਜਾਵੇਗਾ।
ਬੰਸੋ ਨੇ ਸੁਣਦਿਆਂ ਸਾਰ ਹੀ ਜੈਲਾ ਨੂੰ ਕਿਹਾ “ਐ ਜੀ ,,ਸੁਣਿਆਂ ਤੁਸੀਂ,,ਭਾਈ ਜੀ ਨੇ ਕੀ ਅਵਾਜ ਦਿੱਤੀ।
“ਮੈ ਤਾਂ ਅਰਦਾਸ ਕਰਦੀ ਆ ਕਿ ਤੁਹਾਨੇ ਏਥੇ ਹੀ ਕੰਮ ਮਿਲ ਜਾਏ।” ਮੈ ਸਵੇਰੇ ਜਰੂਰ ਜਾਉ।ਜੈਲੇ ਨੇ ਸਿਰ ਤੇ ਸਾਫਾ ਬੰਨਦਿਆ ਆਖਿਆ।
ਅਗਲੀ ਸਵੇਰ ਸਾਰਾ ਪਿੰਡ ਇਕੱਠਾ ਹੋਇਆ।ਪੁਲਿਸ ਦੇ ਸਿਪਾਹੀਆਂ ਨੇ ਪਿੰਡ ਤੇ ਲੋਕਾਂ ਨੂੰ ਦੂਰ-ਦੂਰ ਰੋਕ ਕੇ ਰਖਿਆ।ਪੁਲਿਸ ਦੇ ਸਿਪਾਹੀਆਂ ਦੀਆਂ ਗੱਡੀਆਂ ਆਈਆਂ।ਥਾਣੇਦਾਰ ਨੇ ਸਾਰੇ ਮੁਲਾਜਮਾਂ ਨੂੰ ਕੋਲ ਬੁਲਾ ਕੇ ਪੁਛਿਆ ਸਭ ਠੀਕ ਠਾਕ ਹੈ।ਕਿਸੇ ਨੂੰ ਅੱਗੇ ਨਾ ਆਉਣ ਦੇਣਾ।
ਪਿੰਡ ਵਾਲੇ ਗਲਾਂ ਕਰ ਰਹੇ ਸੀ ਜੀਤਿਆ! “ਅਜ ਕੋਈ ਵੱਡਾ ਅਫਸਰ ਹੀ ਆਉ ਤਾਂ ਹੀ ਪੁਲਿਸ ਵਾਲੇ ਐਂਨੇ ਆਏ।”
ਆਹੋ !ਕਰਤਾਰਿਆ ,,”ਐਂਨੇ ਪੁਲਿਸ ਆਲੇ ਤਾਂ ਚੌਧਰੀ ਨੱਥਾ ਸਿਉਂ ਨਾਲ ਵੀ ਨਹੀਂ ਸੀ ਹੁੰਦੇ, ਜਿਹੜਾ ਵੋਟਾਂ ਮੰਗਣ ਆਉਂਦਾ ਸੀ।”
“ਉਹ ਭਾਈ ਕੋਈ ਵੱਡਾ ਹੀ ਅਫਸਰ ਹੈ ,ਤਾਂ ਹੀ ਏਨਾਂ ਇਕੱਠ ਹੋਇਆ।” ਮੱਧਮ ਜਿਹੀ ਅਵਾਜ ਇਕ ਬੁੱਢਾ ਬੋਲਿਆ।
ਪਰ ਜੈਲਾ ਤੇ ਬੰਸੋ ਸਭ ਤੋ ਪਿੱਛੇ ਖੜ੍ਹੇ ਅਫਸਰ ਦੀ ਉਡੀਕ ਕਰ ਰਹੇ ਸੀ।ਬੰਸੋ ਕਹਿਣ ਲੱਗੀ ,”ਅਫਸਰ ਚੰਗਾ ਤੇ ਭਲਾਮਾਣਸ ਹੀ ਹੋਵੈ ,ਕਿਤੇ ਸਾਡੀ ਵੀ ਗਰੀਬਾਂ ਦੀ ਸੁਣੀ ਜਾਵੇ।”
“ਬਸ ਇਕ ਵਾਰ ਏਥੇ ਕੰਮ ਬਣ ਜਾਏ ਭਾਗਵਾਨੇ ਬਾਕੀ ਦੀ ਜਿੰਦਗੀ ਦਾ ਸੁਖ ਦੀ ਹੀ ਲੰਘੂ।”ਜੈਲੇ ਨੇ ਬੰਸੋ ਵੱਲ ਦੇਖਦੇ ਹੋਏ ਆਖਿਆ।
ਪੁਲਿਸ ਦੇ ਹੂਟਰ ਦੀ ਆਵਾਜ ਆਈ। ਸਾਰੇ ਇਕਾਗਰ ਹੋ ਕੇ ਦੇਖਣ ਲਗੇ। ਕਾਲੇ ਰੰਗ ਦੀ ਕਾਰ ਦੀ ਬਾਰੀ ਖੁੱਲੀ।
ਥਾਣੇਦਾਰ ਤੇ ਸਿਪਾਹੀਆਂ ਸਲੂਟ ਮਾਰਿਆ।ਜਦੋਂ ਅਫਸਰ ਬਾਹਰ ਆਇਆ ਤਾਂ ਬੰਸੋ ਨੇ ਚੀਕਾਂ ਮਾਰਦੀ ਹੋਈ ਆਖਿਆ ” ਐ ਜੀ,, ਇਹ ਤਾਂ ਆਪਣੀ ਸੀਰਤ ਹੈ।”ਜੈਲਾ ਖੁਸ਼ੀ ਦੇ ਅੱਥਰੂ ਵਹਾਉਣ ਲਗਿਆ।ਜਦੋਂ ਭੱਜ ਕੇ ਬੰਸਾ ਤੇ ਜੈਲਾ ਜਾਣ ਲੱਗੇ ਤਾਂ ਸਿਪਾਹੀਆਂ ਨੇ ਮਿਲਣ ਤੋਂ ਰੋਕਿਆ।ਅਫਸਰ ਬਣੀ ਸੀਰਤ ਭੱਜ ਕੇ ਮਾਪਿਆਂ ਕੋਲ ਆਈ ਤੇ ਜੱਫੀ ਪਾ ਕੇ ਮਾਂ ਬਾਪ ਨੂੰ ਮਿਲੀ।ਸਾਰਾ ਇਲਾਕਾ ਹੈਰਾਨ ਹੋ ਗਿਆ ਕਿ ਇਕ ਦਿਹਾੜੀਦਾਰ ਦੀ ਧੀ ਅਫਸਰ।
ਸੀਰਤ ਨੇ ਮਾਂ ਬਾਪ ਨੂੰ ਸਟੇਜ ਤੇ ਬੁਲਾਇਆ। ਭਾਸ਼ਨ ‘ਚ ਉਨੇ ਦੱਸਿਆ ਅਜ ਮੈ ਜੋ ਵੀ ਆ ਮਾਪਿਆਂ ਕਰਕੇ ਆ। ਇਥੇ ਅਜ ਇਸ ਫੈਕਟਰੀ ਦਾ ਉਦਘਾਟਨ ਤਾਂ ਕਰ ਰਹੀ ਤਾਂ ਜੋ ਅੱਗੇ ਤੋਂ ਕਿਸੇ ਵੀ ਪਿੰਡ ਤੇ ਮਜਦੂਰ ਨੂੰ ਮੇਰੇ ਬਾਪ ਵਾਂਗ ਚੌਂਕ ‘ਚ ਬੈਠ ਕੇ ਕੰਮ ਦਾ ਇੰਤਜ਼ਾਰ ਨਾ ਕਰਨਾ ਪਵੇ।
ਸਾਰੇ ਇਲਾਕੇ ‘ਚ ਖੁਸ਼ੀ ਦੀ ਲਹਿਰ ਦੌੜੀ।ਸਾਰੇ ਪਿੰਡ ਨੇ ਸੀਰਤ ,ਜੈਲੇ ਤੇ ਬੰਸੋ ਤੇ ਗਰਵ ਮਹਿਸੂਸ ਕੀਤਾ।ਜਦੋਂ ਫੈਕਟਰੀ ਦੇ ਨਾਂ ਰੱਖਣ ਦੀ ਗੱਲ ਚੱਲੀ ਤਾਂ ਭੀੜ ‘ਚੋਂ ਕਿਸੇ ਨੇ ਉੱਚੀ ਸਾਰੀ ਅਵਾਜ ਦੇ ਕਿ ਆਖਿਆ ” ਫੈਕਟਰੀ ਜੈਲੇ ਦੇ ਨਾਂ ਤੇ ਹੋਣੀ ਚਾਹੀਦੀ ਹੈ।” ਸਹਿਮਤੀ ਨਾਲ ਉਸ ਫੈਕਟਰੀ ਦਾ ਨਾਂ “ਜਰਨੈਲ ਫੂਡ ਮਿਲ” ਰੱਖ ਦਿੱਤਾ ਗਿਆ।
ਸੁਰਜੀਤ ਸਿੰਘ ‘ਦਿਲਾ ਰਾਮ’
ਸੰਪਰਕ 99147-22933