ਚੋਰੀ ਦੇ ਗਹਿਣਿਆਂ ਸਣੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਨੇ ਸੈਕਟਰ-23 ਦੀ ਰੀਵਾ ਜਿਊਲਰਜ਼ ਸ਼ਾਪ ਵਿਚ ਸੰਨ੍ਹ ਲਾ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਉਸ ਦੇ ਭਰਾ ਨੂੰ ਇਸ ਮਾਮਲੇ ’ਚ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ। ਦੋਵਾਂ ਭਰਾਵਾਂ ਕੋਲੋਂ ਚੋਰੀ ਹੋਏ ਗਹਿਣਿਆਂ ਦੀਆਂ 54 ਆਈਟਮਾਂ ਬਰਾਮਦ ਕੀਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-17 ਥਾਣੇ ਦੇ ਮੁਖੀ ਜਸਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸੋਨੇ ਤੇ ਹੀਰਿਆਂ ਦੇ ਗਹਿਣੇ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ 13 ਤੇ 14 ਜੂਨ ਦੀ ਰਾਤ ਨੂੰ ਸੈਕਟਰ-23 ਸਥਿਤ ਰੀਵਾ ਜਿਊਲਰਜ਼ ਸ਼ਾਪ ਨੂੰ ਸੰਨ੍ਹ ਲਾ ਕੇ ਗਹਿਣੇ ਚੋਰੀ ਕੀਤੇ ਸਨ। ਪੁਲੀਸ ਨੇ ਪਹਿਲਾਂ ਰਾਜਪੁਰਾ ਦੇ ਅਨਿਲ ਵਿਸ਼ਵਕਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਕੋਲੋਂ ਨਾ ਮਾਤਰ ਗਹਿਣੇ ਬਰਾਮਦ ਹੋਏ ਸਨ। ਹੁਣ ਪੁਲੀਸ ਨੇ ਅਨਿਲ ਦੇ ਹੀ ਭਰਾ ਰਾਜੀਵ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਚੋਰੀ ਕੀਤੇ ਸਾਰੇ ਗਹਿਣੇ ਬਰਾਮਦ ਕਰ ਲਏ ਗਏ ਹਨ।
ਪੁਲੀਸ ਅਨੁਸਾਰ ਚੋਰੀ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਧੁੰਦਲੇ ਰੂਪ ਵਿਚ ਕੈਦ ਹੋਈ ਸੀ ਜਿਸ ਵਿਚ ਇਸ ਸ਼ਾਪ ਮੂਹਰੇ 13 ਜੂਨ ਦੀ ਰਾਤ ਨੂੰ ਇਕ ਥ੍ਰੀ-ਵ੍ਹੀਲਰ ’ਤੇ ਡਰਾਈਵਰ ਸਮੇਤ ਤਿੰਨ ਵਿਅਕਤੀ ਆਏ ਸਨ। ਫੁਟੇਜ ਵਿਚ ਥ੍ਰੀ-ਵ੍ਹੀਲਰ ਦਾ ਪੂਰਾ ਨੰਬਰ ਨਾ ਆਉਣ ਕਾਰਨ ਪੁਲੀਸ ਨੇ ਉਸ ਲੜੀ ਦੇ ਸਾਰੇ ਨੰਬਰਾਂ ਨੂੰ ਖੰਗਾਲਿਆ ਅਤੇ ਘਟਨਾ ਲਈ ਵਰਤੇ ਥ੍ਰੀ-ਵ੍ਹੀਲਰ ਦੇ ਡਰਾਈਵਰ ਦੀ ਪਛਾਣ ਕਰਕੇ ਉਸ ਦੀ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਥ੍ਰੀ-ਵ੍ਹੀਲਰ ਦੇ ਡਰਾਈਵਰ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਡਰਾਈਵਰ ਨੇ ਦੱਸਿਆ ਕਿ ਦੋਵਾਂ ਭਰਾਵਾਂ ਅਨਿਲ ਤੇ ਰਾਜੀਵ ਨੇ 13 ਜੂਨ ਨੂੰ ਰਾਤ ਸੈਕਟਰ 22 ਤੇ 23 ਲਾਈਟ ਪੁਆਂਇਟ ਨੇੜੇ ਉਸ ਦਾ ਥ੍ਰੀ-ਵ੍ਹੀਲਰ ਜ਼ੀਰਕਪੁਰ ਜਾਣ ਲਈ ਕੀਤਾ ਸੀ। ਇਸੇ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਸੈਕਟਰ 23 ਦੀ ਮਾਰਕੀਟ ਵਿਚੋਂ ਨਿਕਲਣ ਲਈ ਕਿਹਾ ਅਤੇ ਰੀਵਾ ਜਿਊਲਰਜ਼ ਸ਼ਾਪ ਮੂਹਰੇ ਥ੍ਰੀ-ਵ੍ਹੀਲਰ ਰੋਕਣ ਲਈ ਕਿਹਾ। ਇਸ ਦੌਰਾਨ ਇਕ ਭਰਾ ਸ਼ਾਪ ਵਿਚ ਗਿਆ ਅਤੇ ਇਕ ਬੈਗ ਲੈ ਕੇ ਵਾਪਸ ਆ ਗਿਆ। ਫਿਰ ਉਹ ਦੋਵਾਂ ਭਰਾਵਾਂ ਨੂੰ ਜ਼ੀਰਕਪੁਰ ਛੱਡ ਕੇ ਆਇਆ ਸੀ।

Previous articleਮੁੰਬਈ ਵਿਚ ਲਗਾਤਾਰ ਦੂਜੇ ਦਿਨ ਭਰਵਾਂ ਮੀਂਹ
Next articleਕਸ਼ਮੀਰ ਸਿੰਘ ਦਾ ਪੋਸਟ-ਮਾਰਟਮ ਨਾ ਹੋ ਸਕਿਆ