ਕਸ਼ਮੀਰ ਸਿੰਘ ਦਾ ਪੋਸਟ-ਮਾਰਟਮ ਨਾ ਹੋ ਸਕਿਆ

ਘੜਕਾ ਪਿੰਡ ਦੇ ਨੰਬਰਦਾਰ ਕਸ਼ਮੀਰ ਸਿੰਘ ਦੀ ਕਲ ਪਿੰਡ ਵਿਚ ਕੀਤੀ ਖਿੱਚਧੂਹ ਕਰਕੇ ਹੋਈ ਮੌਤ ਲਈ ਜ਼ਿੰਮੇਵਾਰ ਧਿਰਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਅੰਦੋਲਨ ਕਰਕੇ ਅੱਜ ਦੇਹ ਦਾ ਪੋਸਟ-ਮਾਰਟਮ ਨਹੀ ਹੋ ਸਕਿਆ| ਇਸ ਮੰਗ ਨੂੰ ਲੈ ਕੇ ਮਿਰਤਕ ਕਸ਼ਮੀਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਜਨਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਵਰਕਰਾਂ ਨੇ ਇਥੋਂ ਦੇ ਸਿਵਲ ਹਸਪਤਾਲ ਦਿਨ ਭਰ ਧਰਨਾ ਦਿੱਤਾ| ਧਰਨਾਕਾਰੀ ਕਸ਼ਮੀਰ ਸਿੰਘ ਦੀ ਮੌਤ ਲਈ ਜਿੰਮੇਵਾਰ ਪੰਚਾਇਤ ਦੇ ਮੈਂਬਰਾਂ ਅਤੇ ਪੁਲੀਸ ਸਮੇਤ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕੀਤੇ ਜਾਣ, ਕਸ਼ਮੀਰ ਸਿੰਘ ਦੀ ਕਥਿਤ ਤੌਰ ’ਤੇ ਪੁਲੀਸ ਦੀ ਹਿਰਾਸਤ ਵਿਚ ਮੌਤ ਹੋਣ ਕਰਕੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ| ਇਸ ਦੇ ਨਾਲ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਦਾ ਪੁਲੀਸ ਨਾਲ ਕੋਈ ਵਾਹ-ਵਾਸਤਾ ਹੋਣ ਤੋਂ ਇਨਕਾਰ ਕੀਤਾ ਹੈ| ਕਸ਼ਮੀਰ ਸਿੰਘ ਦੀ ਮੌਤ ਲਈ ਕਸੂਰਵਾਰਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕਰਨ ਵਾਲੀਆਂ ਧਿਰਾਂ ਨੇ ਹਸਪਤਾਲ ਵਿਚ ਸਵੇਰ ਤੋਂ ਹੀ ਧਰਨਾ ਸ਼ੁਰੂ ਕਰ ਦਿੱਤਾ ਜਿਹੜਾ ਸ਼ਾਮ ਤੱਕ ਦੇਰ ਸ਼ਾਮ ਤੱਕ ਜਾਰੀ ਸੀ| ਧਰਨਾਕਾਰੀਆਂ ਦੀ ਅਗਵਾਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਪੰਡੋਰੀ ਆਦਿ ਨੇ ਕੀਤੀ ਜਦਕਿ ਇਸ ਮੌਕੇ ਮੁਖਤਾਰ ਸਿੰਘ ਮੱਲ੍ਹਾ, ਸੁਖਦੇਵ ਸਿੰਘ ਗੋਹਲਵੜ੍ਹ, ਸੁਲੱਖਣ ਸਿੰਘ ਤੁੜ, ਕਰਮ ਸਿੰਘ ਫਤਿਹਬਾਦ ਆਦਿ ਨੇ ਸੰਬੋਧਨ ਕੀਤਾ| ਮਾਮਲੇ ਦਾ ਨਿਪਟਾਰਾ ਕਰਨ ਲਈ ਪ੍ਰਸ਼ਾਸ਼ਨ ਵਲੋਂ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਧਾਲੀਵਾਲ, ਡੀਐਸਪੀ (ਹੈੱਡ ਕਵਾਰਟਰ) ਹਰਦੀਪ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਨੇ ਅੰਦੋਲਨ ਕਰਦੀਆਂ ਧਿਰਾਂ ਨਾਲ ਦੋ ਗੇੜ ਦੀ ਗਲਬਾਤ ਚਲਾਈ ਜਿਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ|

Previous articleਚੋਰੀ ਦੇ ਗਹਿਣਿਆਂ ਸਣੇ ਮੁਲਜ਼ਮ ਗ੍ਰਿਫ਼ਤਾਰ
Next articleਮਹਾਰਾਸ਼ਟਰ ਨੇ ਦੂਹਰਾ ਖ਼ਿਤਾਬ ਜਿੱਤਿਆ