ਖੇਤੀ ਕਾਨੂੰਨ: ਕਿਸਾਨ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਬੇਸਿੱਟਾ, ਕੁੱਝ ਜੱਥੇਬੰਦੀਆਂ ਨਹੀਂ ਹੋਈਆਂ ਸ਼ਾਮਲ, ਅਗਲੀ ਮੀਟਿੰਗ 13 ਨੂੰ

ਟੱਲੇਵਾਲ(ਬਰਨਾਲਾ) (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਦੀ ਹੰਗਾਮੀ ਮੀਟਿੰਗ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ ਅਤੈ ਅਗਲੀ ਮੀਟਿੰਗ 13 ਅਕਤੂਬਰ ਨੂੰ ਰੱਖੀ ਗਈ ਹੈ। ਇਸ ਮੀਟਿੰਗ ਦੌਰਾਨ ਭਾਕਿਯੂ ਡਕੌਂਦਾ, ਪੰਜਾਬ ਕਿਸਾਨ ਯੂਨੀਅਨ ਸਮੇਤ ਹੋਰ ਵੀ ਜੱਥੇਬੰਦੀਆਂ ਸ਼ਾਮਲ ਨਹੀਂ ਹੋਈਆਂ।

ਇਸ ਮੀਟਿੰਗ ਵਿੱਚ ਰੇਲ ਰੋਕੋ ਅੰਦੋਲਨ, ਬਿਜਲੀ ਸੰਕਟ ਅਤੇ ਅਗਲੇ ਸੰਘਰਸ਼ਾਂ ਸਬੰਧੀ ਚਰਚਾ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ.ਦਰਸ਼ਨਪਾਲ, ਭਾਕਿਯੂ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ ਅਤੇ ਭਾਕਿਯੂ ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ’ਚ ਪੈਦਾ ਕੀਤੇ ਜਾ ਰਹੇ ਬਿਜਲੀ ਸੰਕਟ ਨੂੰ ਧਿਆਨ ‘ਚ ਰੱਖਦਿਆਂ ਅੱਜ ਹੰਗਾਮੀ ਮੀਟਿੰਗ ਸੱਦੀ ਗਈ ਸੀ ਪਰ ਅੱਜ ਬਹੁਜਨ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਕਾਰਨ ਕੁੱਝ ਜੱਥੇਬੰਦੀਆਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀਆਂ।

ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਵਲੋਂ ਬਿਜਲੀ ਸੰਕਟ, ਡੀਏਪੀ ਅਤੇ ਯੂਰੀਆ ਦੀ ਤੋਟ ਬਾਰੇ ਚਰਚਾ ਕੀਤੀ ਗਈ ਹੈ। ਅਜੇ ਬਿਜਲੀ ਸੰਕਟ ਪੈਦਾ ਨਹੀਂ ਹੋਇਆ ਹੈ। ਸਾਰੇ ਹੀ ਥਰਮਲਾਂ ਕੋਲ ਕੋਲਾ ਪਿਆ ਹੈ। ਅਜੇ ਸਰਕਾਰ ਥਰਮਲ ਨੂੰ ਮੌਜੂਦ ਕੋਲੇ ਨਾਲ ਚਲਾ ਸਕਦੀ ਹੈ ਪਰ ਇਸਦਾ ਇੱਕ ਹਊਆ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰੇਲਵੇ ਲਾਈਨਾਂ, ਟੌਲ ਪਲਾਜ਼ਾ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਪੱਕੇ ਮੋਰਚੇ ਜਾਰੀ ਰਹਿਣਗੇ।

ਖੇਤਾਂ ਲਈ ਬਿਜਲੀ ਦੇ ਕੱਟ ਲਗਾ ਕੇ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਸਾਹਮਣਾ ਕਰਨ ਲਈ ਵੀ ਅੱਜ ਚਰਚਾ ਕੀਤੀ ਹੈ। ਜੇਕਰ ਖੇਤੀ ਬਿਜਲੀ ਲਈ ਕਿਸਾਨਾਂ ਨੂੰ ਤੰਗ ਨਾ ਕੀਤਾ ਤਾਂ ਸਬੰਧਤ ਅਧਿਕਾਰੀਆਂ ਦ ਘਿਰਾਉ ਵੀ ਕੀਤਾ ਜਾ ਸਕਦਾ ਹੈ। ਅੱਜ ਕੁੱਝ ਜੱਥੇਬੰਦੀਆਂ ਦੇ ਸ਼ਾਮਲ ਨਾ ਹੋਣ ਕਾਰਨ ਸਾਰੇ ਮਸਲਿਆਂ ‘ਤੇ ਫ਼ੈਸਲਾ 13 ਅਕਤੂਬਰ ਨੂੰ ਲਿਆ ਜਾਵੇਗਾ, ਜਦੋਂਕਿ ਕਿ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲੇ ਸੰਘਰਸ਼ ਦਾ ਫ਼ੈਸਲਾ 15 ਅਕਤੂਬਰ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।

Previous articleਜੀਜੇ ਨੇ ਸਹੁਰੇ ਘਰ ਜਾ ਕੇ ਸਾਲੀ ਨੂੰ ਕਤਲ ਕਰਨ ਬਾਅਦ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
Next article2 BSF troopers hurt in Pak ceasefire violation in Poonch