ਕੋਟਕਪੂਰਾ ਗੋਲੀ ਕਾਂਡ: ਸਾਬਕਾ ਐੱਸਐੱਸਪੀ ਦਾ ਪੁਲੀਸ ਰਿਮਾਂਡ

ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ ’ਚੋਂ ਲਿਆ ਕੇ ਅੱਜ ਇੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਚਰਨਜੀਤ ਸ਼ਰਮਾ ਬਹਿਬਲ ਕਾਂਡ ਵਿੱਚ ਜੇਲ੍ਹ ‘ਚ ਨਜ਼ਰਬੰਦ ਸਨ। ਜਾਂਚ ਟੀਮ ਨੇ ਅਦਾਲਤ ਦੀ ਮਨਜ਼ੂਰੀ ਨਾਲ ਉਸ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕਰ ਲਿਆ। ਟੀਮ ਨੇ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਚਰਨਜੀਤ ਸ਼ਰਮਾ 27 ਮਾਰਚ ਤੱਕ ਜਾਂਚ ਟੀਮ ਕੋਲ ਪੁਲੀਸ ਰਿਮਾਂਡ ’ਤੇ ਰਹਿਣਗੇ। ਸ੍ਰੀ ਸ਼ਰਮਾ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਟੀਮ ਜਾਂਚ ਦੇ ਨਾਂ ’ਤੇ ਸਿਆਸੀ ਸਟੰਟ ਖੇਡ ਰਹੀ ਹੈ। ਜਾਂਚ ਟੀਮ ਸ੍ਰੀ ਸ਼ਰਮਾ ਦੇ ਬਿਆਨ ਜ਼ਬਰਦਸਤੀ ਲਿਖਣਾ ਚਾਹੁੰਦੀ ਹੈ। ਹਾਲਾਂਕਿ ਸਰਕਾਰੀ ਪੱਖ ਨੇ ਚਰਨਜੀਤ ਸ਼ਰਮਾ ਦੇ ਸਾਰੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਪੁਲੀਸ ਦੀ ਸੋਚੀ ਸਮਝੀ ਸਾਜਿਸ਼ ਸੀ ਤੇ ਇਸ ਸਬੰਧੀ ਚਰਨਜੀਤ ਸ਼ਰਮਾ ਤੋਂ ਹਿਰਾਸਤ ਵਿੱਚ ਪੁੱਛ-ਗਿੱਛ ਲਾਜ਼ਮੀ ਹੈ। ਜਾਂਚ ਟੀਮ ਚਰਨਜੀਤ ਸ਼ਰਮਾ ਦੇ ਨਾਲ-ਨਾਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕਰਨ ਦੀ ਇਜਾਜ਼ਤ ਲੈ ਚੁੱਕੀ ਹੈ। ਜਾਂਚ ਟੀਮ ਡੇਰਾ ਮੁਖੀ ਅਤੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਕੱਠਿਆਂ ਪੁੱਛ ਪੜਤਾਲ ਕਰ ਸਕਦੀ ਹੈ। ਜਾਂਚ ਟੀਮ ਨੂੰ ਡੇਰਾ ਮੁਖੀ ਤੋਂ ਪੁੱਛ ਪੜਤਾਲ ਲਈ ਹਰਿਆਣਾ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਇਜ਼ਾਜਤ ਮਿਲ ਗਈ ਹੈ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ। ਅਦਾਲਤ ਨੇ ਸਾਬਕਾ ਪੁਲੀਸ ਮੁਖੀ ਨੂੰ ਮੈਡੀਕਲ ਸਹਾਇਤਾ ਦੇਣ ਦਾ ਹੁਕਮ ਵੀ ਦਿੱਤਾ ਹੈ।

Previous articleਰਾਜ ਬੱਬਰ, ਹੇਮਾ, ਗਡਕਰੀ ਅਤੇ ਫਾਰੂਕ ਸਮੇਤ ਕਈ ਆਗੂਆਂ ਵੱਲੋਂ ਪਰਚੇ ਦਾਖ਼ਲ
Next articleਕਸ਼ਮੀਰ ਵਿੱਚ ਸੀਆਰਪੀਐੱਫ ਨੂੰ ਮਿਲਣਗੇ ਬਾਰੂਦੀ ਸੁਰੰਗਾਂ ਤੋਂ ਬਚਣ ਲਈ ਵਾਹਨ