ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ’ਚ ਆਕਸੀਜਨ ਦੀ ਪੂਰਤੀ ਲਈ ਸਬੰਧਤ ਅਥਾਰਟੀਆਂ ਨੂੰ ਹੱਥ ਜੋੜ ਕੇ ਮਿੰਨਤ ਕੀਤੀ ਹੈ ਕਿ ਦਿੱਲੀ ਨੂੰ ਰੋਜ਼ਾਨਾ 976 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ ਜਦਕਿ ਆਕਸੀਜਨ ਦੀ ਮਾਤਰਾ 490 ਦੇਣੀ ਤੈਅ ਹੋਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਿਰਫ਼ 312 ਮੀਟ੍ਰਿਕ ਟਨ ਆਕਸੀਜਨ ਹੀ ਮਿਲੀ ਤੇ ਇਸ ਤਰ੍ਹਾਂ ਕਿਵੇਂ ਕੰਮ ਚੱਲੇਗਾ।
ਸਾਰੇ ਹਸਪਤਾਲਾਂ ਵਿੱਚ ਹੰਗਾਮੇ ਹੋ ਰਹੇ ਹਨ ਤੇ ਕਈ ਹਸਪਤਾਲਾਂ ਨੇ ਮਰੀਜ਼ ਬਾਹਰ ਕੱਢਣ ਲਈ ਆਖ ਦਿੱਤਾ ਹੈ। ਉਨ੍ਹਾਂ ਮਿੰਨਤ ਕੀਤੀ, ‘ਜੇ ਕੋਈ ਮੇਰੀ ਅਪੀਲ ਸੁਣ ਰਿਹਾ ਹੈ ਤੇ ਜਿਸ ਅਥਾਰਟੀ ਨੇ ਫ਼ੈਸਲਾ ਲੈਣਾ, ਉਨ੍ਹਾਂ ਨੂੰ ਅਪੀਲ ਹੈ ਕਿ ਸਾਡੀ ਦਿੱਲੀ ਨੂੰ ਆਕਸੀਜਨ ਦੀ ਬਹੁਤ ਲੋੜ ਹੈ। ਦਿੱਲੀ ’ਚ ਆਕਸੀਜਨ ਨਹੀਂ ਬਣਦੀ ਤੇ ਅਸੀਂ ਕਿਸ ਤੋਂ ਅਕਾਸੀਜਨ ਮੰਗੀਏ।’ ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਹੋਰ ਬਿਸਤਰੇ ਨਹੀਂ ਵਧਾ ਸਕਦੇ। ਰਾਧਾ ਸਵਾਮੀ ਸਤਿਸੰਗ ਘਰ ਵਿੱਚ 5000 ਬਿਸਤਰਿਆਂ ਦਾ ਪ੍ਰਬੰਧ ਹੋ ਸਕਦਾ ਹੈ ਪਰ ਆਕਸੀਜਨ ਦੀ ਕਮੀ ਕਾਰਨ ਸਿਰਫ਼ 150 ਬਿਸਤਰਿਆਂ ਦਾ ਹੀ ਪ੍ਰਬੰਧ ਕੀਤਾ ਗਿਆ ਹੈ। ਰਾਸ਼ਟਰ ਮੰਡਲ ਖੇਡ ਪਿੰਡ ਤੇ ਯਮੁਨਾ ਸਪੋਰਟਸ ਕੰਪਲੈਕਸ ’ਚ 1300 ਬਿਸਤਰੇ ਤਿਆਰ ਹਨ। ਬੁਰਾੜੀ ਦੇ ਹਸਪਤਾਲ ਵਿੱਚ 2500 ਬਿਸਤਰੇ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਕਸੀਜਨ ਮਿਲ ਜਾਵੇ ਤਾਂ ਹੋਰ ਬੈੱਡਾਂ ਦਾ ਵੀ ਪ੍ਰਬੰਧ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly