ਕੂਚ ਬਿਹਾਰ ਹੱਤਿਆਵਾਂ ਦੀ ਜਾਂਚ ਕਰਾਵਾਂਗੇ: ਮਮਤਾ

ਮਾਥਾਭੰਗਾ(ਪੱਛਮੀ ਬੰਗਾਲ) (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਚੌਥੇ ਗੇੇੜ ਦੀਆਂ ਚੋਣਾਂ ਦੌਰਾਨ ਕੂਚ ਬਿਹਾਰ ਦੇ ਇਕ ਪੋਲਿੰਗ ਬੂਥ ’ਤੇ ਸੀਆਈਐੱਸਐੱਫ ਵੱਲੋਂ ਕੀਤੀ ਫਾਇਰਿੰਗ, ਜਿਸ ਵਿੱਚ ਪੰਜ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਾਮਲੇ ਦੀ ਜਾਂਚ ਕਰਵਾਉਣ ਤੇ ਕਸੂਰਵਾਰਾਂ ਨੂੰ ਸਜ਼ਾਵਾਂ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਟੀਐੱਮਸੀ ਸੁਪਰੀਮੋ ਨੇ ਫਾਇਰਿੰਗ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਉਪਰੋਕਤ ਭਰੋਸਾ ਦਿੱਤਾ। ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਿਆਸੀ ਆਗੂਆਂ ਦੇ ਕੂਚ ਬਿਹਾਰ ਵਿੱਚ ਦਾਖ਼ਲੇ ’ਤੇ ਲਾਈ 72 ਘੰਟਿਆਂ ਦੀ ਪਾਬੰਦੀ ਕਰ ਕੇ ਉਹ ਪਹਿਲਾਂ ਪੀੜਤ ਪਰਿਵਾਰਾਂ ਨੂੰ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਮਾਰੇ ਗਏ ਪੰਜਾਂ ਵਿਅਕਤੀਆਂ ਦੀ ਯਾਦ ਵਿੱਚ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ।

ਮਮਤਾ ਨੇ ਕਿਹਾ, ‘ਸਾਡੀ ਜਾਂਚ ਬੇਰਹਿਮੀ ਨਾਲ ਕੀਤੀਆਂ ਇਨ੍ਹਾਂ ਹੱਤਿਆਵਾਂ ਲਈ ਜ਼ਿੰਮੇਵਾਰਾਂ ਦੀ ਪੈੜ ਨੱਪੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿਵਾਈਆਂ ਜਾਣ।’ ਦੱਸਣਾ ਬਣਦਾ ਹੈ ਕਿ ਬੈਨਰਜੀ ਨੇ ਪਿਛਲੇ ਹਫ਼ਤੇ ਵਾਪਰੀ ਇਸ ਘਟਨਾ ਤੋਂ ਫੌਰੀ ਮਗਰੋਂ ਕਿਹਾ ਸੀ ਕਿ ਸੂਬਾ ਸਰਕਾਰ ਇਸ ਪੂਰੇ ਮਾਮਲੇ ਦੀ ਸੀਆਈਡੀ ਜਾਂਚ ਕਰਵਾਏਗੀ। ਮੁੱਖ ਮੰਤਰੀ ਨੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਹੀ ਇਕ ਵੱਖਰੇ ਬੂਥ ’ਤੇ ਗੋਲੀ ਮਾਰ ਕੇ ਹਲਾਕ ਕੀਤੇ ਆਨੰਦ ਬਰਮਨ (18) ਦੇ ਪਰਿਵਾਰ ਨੂੰ ਵੀ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ।

ਬਰਮਨ ਪਹਿਲੀ ਵਾਰ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਗਿਆ ਸੀ। ਟੀਐੱਮਸੀ ਸੁਪਰੀਮੋ ਪੀੜੜ ਪਰਿਵਾਰਾਂ, ਜਿਨ੍ਹਾਂ ਵਿੱਚ ਇਕ ਵਿਧਵਾ ਤੇ ਫਾਇਰਿੰਗ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਮਾਪੇ ਅਤੇ ਬਰਮਨ ਦੇ ਰਿਸ਼ਤੇਦਾਰ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ। ਬੈਨਰਜੀ ਨੇ ਕੂਚ ਬਿਹਾਰ ਦੀ ਇਸ ਘਟਨਾ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਸੀ ਜਦੋਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਐੱਮਸੀ ਸੁਪਰੀਮੋ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮ੍ਰਿਤਕ ਦੇਹਾਂ ਦੇ ਨਾਂ ’ਤੇ ‘ਪਤਿਆਉਣ ਦੀ ਸਿਆਸਤ’ ਨਾ ਖੇਡੇ।

Previous articleਸੂਬਾਈ ਸਕੀਮਾਂ ’ਚ 30 ਫ਼ੀਸਦੀ ਫੰਡ ਦਲਿਤ ਵਸੋਂ ’ਤੇ ਖ਼ਰਚਾਂਗੇ: ਅਮਰਿੰਦਰ
Next articleਅਕਾਲੀ ਸਰਕਾਰ ਬਣਨ ’ਤੇ ਦਲਿਤ ਆਗੂ ਬਣੇਗਾ ਉਪ ਮੁੱਖ ਮੰਤਰੀ: ਸੁਖਬੀਰ