ਅਕਾਲੀ ਸਰਕਾਰ ਬਣਨ ’ਤੇ ਦਲਿਤ ਆਗੂ ਬਣੇਗਾ ਉਪ ਮੁੱਖ ਮੰਤਰੀ: ਸੁਖਬੀਰ

ਜਲੰਧਰ, (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਦਲਿਤ ਪੱਤਾ ਖੇਡਦਿਆਂ  ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿੱਚ ਆਉਣ ’ਤੇ ਦਲਿਤ ਪਰਿਵਾਰ ਵਿੱਚੋਂ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਉਹ ਇੱਥੇ  ਡਾ. ਬੀ ਆਰ ਅੰਬੇਡਕਰ ਦੇ 130ਵੇਂ ਜਨਮ ਦਿਹਾੜੇ ਮੌਕੇ ਨਕੋਦਰ ਚੌਕ ਵਿੱਚ ਲੱਗੇ ਡਾ. ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸੱਤਾ ਵਿੱਚ ਆ ਕੇ ਦੋਆਬੇ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਇੱਕ ਵੱਡੀ ਯੂਨੀਵਰਸਿਟੀ ਬਣਾਏਗੀ। ਇਸ ਦੌਰਾਨ ਉੱਥੇ ਮੌਜੂਦ ਦਲਿਤ ਸੰਗਠਨਾਂ ਨੇ ‘ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਮੁਰਦਾਬਾਦ’ ਦੇ ਨਾਅਰੇ ਵੀ ਲਾਏ। ਉੱਧਰ, ਕਾਂਗਰਸ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਲੱਗੇ ਡਾ. ਅੰਬੇਡਕਰ ਦੇ ਬੁੱਤ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਜਾਣਕਾਰੀ ਮੁਤਾਬਕ ਨਕੋਦਰ ਚੌਕ ਵਿੱਚ ਅੱਜ ਜਦੋਂ ਸੁਖਬੀਰ ਸਿੰਘ ਬਾਦਲ  ਪਾਰਟੀ ਦੇ ਆਗੂਆਂ ਨਾਲ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਉਨ੍ਹਾਂ ਵਿਰੁੱਧ ਬਸਪਾ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਬਾਦਲ ਨੂੰ ਬੁੱਤ ਨੇੜੇ ਪਹੁੰਚਣ ਤੱਕ ਭਾਰੀ ਮੁਸ਼ੱਕਤ ਵੀ ਕਰਨੀ ਪਈ। ਬਸਪਾ ਵਰਕਰ ਲਗਾਤਾਰ ਉਨ੍ਹਾਂ ਦਾ ਵਿਰੋਧ ਕਰਦੇ ਰਹੇ। ਸੁਖਬੀਰ ਸਿੰਘ ਬਾਦਲ  ਦੇ ਨਾਲ ਆਏ ਆਗੂਆਂ ਵਿੱਚ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਸਰਬਜੋਤ ਸਿੰਘ ਸਾਬੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ ਹੋਰ ਆਗੂ ਸ਼ਾਮਲ ਸਨ।

ਨਕੋਦਰ ਚੌਕ ਵਿੱਚ ਪੁਲੀਸ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਇਹ ਇਤਫਾਕ ਹੀ ਸੀ ਕਿ ਥੋੜ੍ਹੇ ਜਿਹੇ ਸਮੇਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦੇ ਆਗੂ ਡਾ. ਭੀਮ ਰਾਓ ਅੰਬੇਡਕਰ  ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਨਕੋਦਰ ਚੌਕ ਵਿੱਚ ਪਹੁੰਚੇ ਸਨ।

ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਯਾਦਵ ਨੇ ਕਿਹਾ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਕੇਂਦਰ ਦੀ ਭਾਜਪਾ ਸਰਕਾਰ ਨੇ ਪਾਸ ਕੀਤੇ ਹਨ, ਉਨ੍ਹਾਂ ਬਿੱਲਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਰਹੀ ਹੈ। ਇਸ ਕਰਕੇ ਇਨ੍ਹਾਂ ਨੂੰ ਬਾਬਾ ਸਾਹਿਬ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਬਸਪਾ ਆਗੂਆਂ ਵਿੱਚ ਪੀਡੀ ਸ਼ਾਂਤ, ਸੂਬਾਈ ਸਕੱਤਰ ਐਡਵੋਕੇਟ ਵਿਜੈ ਕੁਮਾਰ ਤੇ 100 ਦੇ ਕਰੀਬ ਪਾਰਟੀ ਵਰਕਰ ਹਾਜ਼ਰ ਸਨ। ਬਸਪਾ ਵਰਕਰਾਂ ਨੇ ਭਾਜਪਾ ਆਗੂਆਂ ਦੇ ਪਹੁੰਚਣ ’ਤੇ ਵੀ ‘ਗੋਅ ਬੈਕ’ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਇੱਥੇ ਇਹ ਕੀ ਲੈਣ ਆਏ ਹਨ?

Previous articleਕੂਚ ਬਿਹਾਰ ਹੱਤਿਆਵਾਂ ਦੀ ਜਾਂਚ ਕਰਾਵਾਂਗੇ: ਮਮਤਾ
Next articleAs Covid spread gets worse, leading doctors say go for a quick restrictive lockdown