ਨਵੀਂ ਦਿੱਲੀ (ਸਮਾਜ ਵੀਕਲੀ) : ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਵਿਚ ਕਿਸਾਨਾਂ ਉਤੇ ਲਾਠੀਚਾਰਜ ਕਰਨ, ਜਲ ਤੋਪਾਂ ਚਲਾਉਣ, ਹੰਝੂ ਗੈਸ ਛੱਡਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਅਸਤੀਫ਼ਾ ਮੰਗਿਆ ਹੈ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਆਗੂ ਇਕ ਪਾਸੇ ਕਿਸਾਨਾਂ ਦੀ ਲਗਾਤਾਰ ਬੇਇੱਜ਼ਤੀ ਕਰ ਰਹੇ ਹਨ ਤੇ ਦੂਜੇ ਪਾਸੇ ਮਨੁੱਖਤਾ ਦੇ ਅਧਾਰ ’ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਹਿ ਰਹੇ ਹਨ।
ਮੋਰਚੇ ਨੇ ਦੁਸ਼ਯੰਤ ਚੌਟਾਲਾ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨ ਅੰਦੋਲਨ ਬਾਰੇ ਲਿਖੇ ਪੱਤਰ ਦੇ ਸੰਦਰਭ ਵਿਚ ਉਪ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਮਨੁੱਖਤਾ ਦੇ ਆਧਾਰ ’ਤੇ ਕਿਸਾਨਾਂ ਨੂੰ ਧਰਨਾ ਚੁੱਕ ਲੈਣਾ ਚਾਹੀਦਾ ਹੈ, ਜਦਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। ਇਹ ਸੰਘਰਸ਼ ਕੇਂਦਰ ਸਰਕਾਰ ਵਿਰੁੱਧ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਹੋਇਆ ਸੀ। ਹਰਿਆਣਾ ਸਰਕਾਰ ਦੇ ਨੁਮਾਇੰਦੇ ਮਨੁੱਖਤਾ ਨੂੰ ਸ਼ਰਮਿੰਦਾ ਕਰਦੇ ਹੋਏ, ਲਗਾਤਾਰ ਲਾਠੀਚਾਰਜ, ਜਲ ਤੋਪ, ਅੱਥਰੂ ਗੈਸ ਵਰਤ ਰਹੇ ਹਨ, ਗ੍ਰਿਫਤਾਰੀਆਂ ਕਰ ਰਹੇ ਹਨ ਤੇ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ।
ਸ਼ਹੀਦ ਹੋਏ ਕਿਸਾਨਾਂ ਨੂੰ ਨਿਰੰਤਰ ਬੇਇੱਜ਼ਤ ਕੀਤਾ ਗਿਆ ਹੈ। ਸਿਰਸਾ ਵਿੱਚ ਸ਼ਹੀਦਾਂ ਦਾ ਯਾਦਗਾਰੀ ਸਮਾਰਕ ਤੋੜ ਦਿੱਤਾ ਗਿਆ। ਜਿਹੜੇ ਆਗੂ ਕਿਸਾਨਾਂ ’ਤੇ ਹਰ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ, ਹੁਣ ਉਹੀ ਕਿਸਾਨਾਂ ਨੂੰ ਮਨੁੱਖਤਾ ਦੀ ਮਿਸਾਲ ਦੇ ਰਹੇ ਹਨ, ਇਹ ਆਪਣੇ ਆਪ ਵਿੱਚ ਹਾਸੋਹੀਣਾ ਜਾਪਦਾ ਹੈ।’ ਉਨ੍ਹਾਂ ਕਿਹਾ, ‘ਕਿਸਾਨ ਸਿੱਧੇ ਤੌਰ ’ਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕਿਸਾਨ ਲਹਿਰ ਨੂੰ ਤੋੜਨ ਦੇ ਜਿੰਨੇ ਯਤਨ ਕੀਤੇ ਹਨ, ਉਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਖ਼ੁਦ ਮਨੁੱਖਤਾ ਦੇ ਅਧਾਰ ਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।’