ਕੈਨੇਡਾ ਵਿਚ ਪੁਲੀਸ ਵੱਲੋਂ 106 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਓਟਵਾ (ਸਮਾਜ ਵੀਕਲੀ):  ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕਰ ਕੇ ਆਵਾਜਾਈ ਵਿਚ ਅੜਿੱਕਾ ਡਾਹੁਣ ਵਾਲੇ ਸੈਂਕੜੇ ਟਰੱਕ ਚਾਲਕਾਂ ਨੂੰ ਪੁਲੀਸ ਨੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਸ਼ਾਮ ਤੱਕ 106 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਸੀ। ਇਸ ਦੌਰਾਨ ਹੋਈ ਝੜਪ ਵਿਚ ਇਕ ਪੁਲੀਸ ਅਧਿਕਾਰੀ ਮਾਮੂਲੀ ਜ਼ਖ਼ਮੀ ਹੋ ਗਿਆ। ਪੁਲੀਸ ਸਖਤੀ ਵਿਚ ਰੁਕਾਵਟ ਦੇ ਖਦਸ਼ੇ ਵਜੋਂ ਸੰਸਦ ਦਾ ਅੱਜ ਦਾ ਸਮਾਗਮ ਰੱਦ ਕਰਕੇ ਭਲਕੇ ’ਤੇ ਪਾ ਦਿੱਤਾ ਗਿਆ। ਸੰਸਦ ਵਿਚ ਅੱਜ ਸਰਕਾਰ ਵੱਲੋਂ ਪਹਿਲੀ ਵਾਰ ਕੀਤੀਆਂ ਗਈਆਂ ਹੰਗਾਮੀ ਸਖਤੀਆਂ ਬਾਰੇ ਬਹਿਸ ਹੋਣੀ ਸੀ।

ਓਟਵਾ ਪੁਲੀਸ ਦੇ ਅੰਤਰਿਮ ਮੁਖੀ ਸਟੀਵ ਬੈੱਲ ਨੇ ਕਿਹਾ ਕਿ ਹੰਗਾਮਾ ਕਰਨ ਦੇ ਦੋਸ਼ ਹੇਠ ਹੁਣ ਤੱਕ ਘੱਟੋ-ਘੱਟ 106 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਰੀਬ ਦੋ ਦਰਜਨ ਵਾਹਨਾਂ ਨੂੰ ਹਟਾਇਆ ਜਾ ਚੁੱਕਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਜਾਮ ਕੀਤੀਆਂ ਹੋਈਆਂ ਸਨ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਵਿਚ ਇਕ ਪੁਲੀਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕੋਈ ਪ੍ਰਦਰਸ਼ਨਕਾਰੀ ਜ਼ਖ਼ਮੀ ਨਹੀਂ ਹੋਇਆ ਹੈ। ਪੁਲੀਸ ਤੇ ਪ੍ਰਸ਼ਾਸਨ ਦੇ ਦਬਾਅ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਅਤੇ ਟਰੱਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਸ਼ਹਿਰੀ ਖੇਤਰ ਵਿਚ ਸ਼ੱਕੀ ਲੋਕਾਂ ਦੀ ਆਮਦ ਰੋਕਣ ਲਈ 100 ਤੋਂ ਵੱਧ ਥਾਵਾਂ ’ਤੇ ਨਾਕੇ ਲਗਾੲੇ ਹਨ।

ਸਟੀਵ ਨੇ ਕਿਹਾ ਕਿ ਪੁਲੀਸ ਸੜਕ ’ਤੇ ਕੰਟਰੋਲ ਕਰਨ ਲਈ ਅੱਗੇ ਵਧਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ, ‘‘ਅਸੀਂ ਦਿਨ-ਰਾਤ ਇਕ ਕਰ ਦੇਵਾਂਗੇ ਜਦੋਂ ਤੱਕ ਕਿ ਇਹ ਕੰਮ ਪੂਰਾ ਨਹੀਂ ਹੋ ਜਾਂਦਾ।’’ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਚਾਰ ਆਗੂ ਵੀ ਸ਼ਾਮਲ ਹਨ। ਇਕ ਨੂੰ ਜ਼ਮਾਨਤ ਮਿਲ ਗਈ ਹੈ ਜਦਕਿ ਹੋਰ ਜੇਲ੍ਹ ਵਿਚ ਬੰਦ ਹਨ।

ਸਰਕਾਰ ਨੇ ਪ੍ਰਦਰਸ਼ਨ ਖ਼ਤਮ ਕਰਵਾਉਣ ਲਈ ਇੱਥੇ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਇਸੇ ਤਹਿਤ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁੱਕਰਵਾਰ ਸਵੇਰੇ ਪੁਲੀਸ ਨੇ ਮੁਹਿੰਮ ਸ਼ੁਰੂ ਕੀਤੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਆਟੋਮੈਟਿਕ ਹਥਿਆਰਾਂ ਨਾਲ ਲੈਸ ਸੁਰੱਖਿਆ ਬਲ ਪ੍ਰਦਰਸ਼ਨ ਵਾਲੀ ਜਗ੍ਹਾ ਵੱਲ ਵਧੇ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਜ਼ਮੀਨ ’ਤੇ ਡੇਗ ਦਿੱਤਾ ਅਤੇ ਉਨ੍ਹਾਂ ਦੇ ਹੱਥ ਪਿੱਛੇ ਨੂੰ ਬੰਨ੍ਹ ਦਿੱਤੇ। ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਓਟਵਾ ਦੇ ਪਾਰਲੀਮੈਂਟ ਹਿੱਲ ਇਲਾਕੇ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਸਰਕਾਰੀ ਇਮਾਰਤਾਂ ਦੇ ਚਾਰੋਂ ਪਾਸੇ ਕੰਡਿਆਲੀ ਤਾਰ ਲਗਾ ਕੇ ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਕਰ ਦਿੱਤੀ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਬਾਹਰੀ ਲੋਕਾਂ ਲਈ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਪ ਪ੍ਰਧਾਨ ਮੰਤਰੀ ਨੇ ਗਿ੍ਰਫ਼ਤਾਰੀਆਂ ਨੂੰ ਜਾਇਜ਼ ਠਹਿਰਾਇਆ

ਦੇਸ਼ ਦੀ ਉਪ ਪ੍ਰਧਾਨ ਮੰਤਰੀ ਕਰਿਸਟੀਆ ਫਰੀਲੈਂਡ ਨੇ ਵਿਖਾਵਾਕਾਰੀਆਂ ਤੋਂ ਦੇਸ਼ ਦੇ ਲੋਕਤੰਤਰ ਤੇ ਆਰਥਿਕਤਾ ਲਈ ਨੁਕਸਾਨਦੇਹ ਦੱਸਦੇ ਹੋਏ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਨੂੰ ਜਾਇਜ਼ ਠਹਿਰਾਇਆ। ਸਰਕਾਰ ਨੇ ਵਿਖਾਵਾਕਾਰੀਆਂ ਨਾਲ ਸਬੰਧਤ ਸਾਰੇ ਬੈਂਕ ਅਤੇ ਵਿੱਤੀ ਸੰਸਥਾਵਾਂ ਦੇ ਖਾਤੇ ਸੀਲ ਕਰ ਦਿੱਤੇ ਹਨ। ਉਨ੍ਹਾਂ ਨੂੰ ਬਹੁਤੀ ਵਿੱਤੀ ਮਦਦ ਵਿਦੇਸ਼ਾਂ ’ਚੋਂ ਆਉਣ ਬਾਰੇ ਸਰਕਾਰ ਨੇ ਪਤਾ ਲਾ ਲਿਆ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਕਈ ਥਾਈਂ ਝੜਪਾਂ ਵੀ ਹੋਈਆਂ ਅਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਵਿਖਾਵਾਕਾਰੀਆਂ ਵੱਲੋਂ ਬੱਚਿਆਂ ਨੂੰ ਢਾਲ ਵਜੋਂ ਵਰਤਣ ਦੀ ਚਾਲ ਪੁਲੀਸ ਦੀ ਤਕਨੀਕ ਅੱਗੇ ਅਸਫਲ ਹੋ ਗਈ। ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅਧਿਕਾਰੀਆਂ ਨੇੜੇ ਇਕ ਲੜੀ ਬਣਾਈ। ਸਾਰਿਆਂ ਨੇ ਆਪਸ ਵਿਚ ਇਕ-ਦੂਜੇ ਦੇ ਹੱਥ ਫੜੇ ਹੋਏ ਸਨ ਅਤੇ ਉਹ ਕੈਨੇਡਾ ਦਾ ਰਾਸ਼ਟਰ ਗਾਨ ਗਾ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਪੱਖੀ ਵੱਖਵਾਦੀ ਆਗੂਆਂ ਨੂੰ ਯੂਕਰੇਨੀ ਬਲਾਂ ਵੱਲੋਂ ਹਮਲੇ ਦਾ ਖ਼ਦਸ਼ਾ
Next articleਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ