ਚੋਣਾਂ ’ਚ ਰੁੱਝੇ ਪ੍ਰਧਾਨ ਮੰਤਰੀ ਨਾਲ ਸੰਪਰਕ ਨਹੀਂ ਹੋਇਆ: ਠਾਕਰੇ

ਮੁੰਬਈ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਸੂਬੇ ’ਚ ਆਕਸੀਜਨ ਦੀ ਸਪਲਾਈ ਦੇ ਸਿਲਸਿਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪੱਛਮੀ ਬੰਗਾਲ ਦੀਆਂ ਚੋਣਾਂ ਲਈ ਪ੍ਰਚਾਰ ’ਚ ਮਸਰੂਫ਼ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਫਿੱਕੀ, ਸੀਆਈਆਈ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ, ਮਹਾਰਾਸ਼ਟਰ ਸਰਕਾਰ ਨਾਲ ਸਹਿਯੋਗ ਕਰ ਰਿਹਾ ਹੈ।

ਠਾਕਰੇ ਨੇ ਸਨਅਤੀ ਖੇਤਰ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮੁਤਾਬਕ ਕਾਰਜਸ਼ੈਲੀ ਵਿਕਸਤ ਕਰਨ ਤਾਂ ਜੋ ਕਰੋਨਾਵਾਇਰਸ ਦੀ ਤੀਜੀ ਲਹਿਰ ਨਾਲ ਅਰਥਚਾਰਾ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਤੇ ਸੂਬਾ ਸਰਕਾਰ ਵਿਚਾਲੇ ਤਾਲਮੇਲ ਲਈ ਟੀਮ ਗਠਿਤ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਨੇ ਸ੍ਰੀ ਠਾਕਰੇ ਦੇ ਹਵਾਲੇ ਨਾਲ ਜਾਰੀ ਬਿਆਨ ’ਚ ਕਿਹਾ, ‘ਮਹਾਰਾਸ਼ਟਰ ਨੂੰ ਆਕਸੀਜਨ ਸਪਲਾਈ ਦੀ ਲੋੜ ਹੈ ਅਤੇ ਸਾਰੀ ਆਕਸੀਜਨ ਦੀ ਵਰਤੋਂ ਮੈਡੀਕਲ ਜ਼ਰੂਰਤਾਂ ਲਈ ਕੀਤੀ ਜਾ ਰਹੀ ਹੈ। ਮੈਂ ਆਕਸੀਜਨ ਦੀ ਸਪਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਨਾਲ ਸੰਪਰਕ ਕੀਤਾ ਪਰ ਉਹ ਫੋਨ ’ਤੇ ਉਪਲੱਭਧ ਨਹੀਂ ਸਨ ਕਿਉਂਕਿ ਉਹ ਪੱਛਮੀ ਬੰਗਾਲ ਚੋਣ ਪ੍ਰਚਾਰ ’ਚ ਰੁੱਝੇ ਹੋਏ ਸਨ। ਹਾਲਾਂਕਿ ਕੇਂਦਰ ਸੂਬੇ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।’

Previous articleਲਾਲ ਕਿਲਾ ਹਿੰਸਾ ਕੇਸ ’ਚ ਜ਼ਮਾਨਤ ਮਗਰੋਂ ਦੀਪ ਸਿੱਧੂ ਮੁੜ ਗ੍ਰਿਫ਼ਤਾਰ
Next articleਕਿਸਾਨ ਮੋਰਚੇ ਨੇ ਖੱਟਰ ਤੇ ਦੁਸ਼ਯੰਤ ਤੋਂ ਅਸਤੀਫ਼ਾ ਮੰਗਿਆ