ਕਿਸਾਨ ਅੰਦੋਲਨ: ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਨਵੀਂ ਦਿੱਲੀ (ਸਮਾਜ ਵੀਕਲੀ) : ਬਜਟ ਇਜਲਾਸ ਦੇ ਤੀਜੇ ਦਿਨ ਅੱਜ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੇ ਮੁੱਦੇ ’ਤੇ ਰਾਜ ਸਭਾ ਵਿੱਚ ਖਾਸਾ ਰੌਲਾ-ਰੱਪਾ ਪਿਆ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸਦਨ ਦਾ ਵਿਧਾਨਕ ਕੰਮਕਾਜ ਮੁਅੱਤਲ ਕਰਕੇ ਕਿਸਾਨਾਂ ਦੇ ਸੰਘਰਸ਼ ’ਤੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਰੱਦ ਕਰ ਦਿੱਤਾ। ਕਾਂਗਰਸ, ਲੈਫ਼ਟ, ਡੀਐੱਮਕੇ ਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਵਾਕਆਊਟ ਵੀ ਕੀਤਾ। ਉਂਜ ਵਿਰੋਧੀ ਧਿਰਾਂ ਦੇ ਆਪਣੀ ਮੰਗ ’ਤੇ ਅੜੇ ਰਹਿਣ ਕਰਕੇ ਉਪਰਲੇ ਸਦਨ ਨੂੰ ਅੱਜ ਤਿੰਨ ਵਾਰ ਮੁਲਤਵੀ ਕਰਨਾ ਪਿਆ। ਸਦਨ ਜਦੋਂ ਚੌਥੀ ਵਾਰ ਜੁੜਨ ਮੌਕੇ ਵੀ ਵਿਰੋਧੀ ਧਿਰਾਂ ਆਪਣੀ ਮੰਗ ’ਤੇ ਕਾਇਮ ਰਹਿੰਦਿਆਂ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕਰਦੀਆਂ ਰਹੀਆਂ ਤਾਂ ਚੇਅਰਮੈਨ ਨੇ ਰਾਜ ਸਭਾ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।

ਵਿਰੋਧੀ ਪਾਰਟੀਆਂ ਨੇ ਅੱਜ ਨੇਮ 267 ਤਹਿਤ ਨੋਟਿਸ ਦਿੰਦਿਆਂ ਰਾਜ ਸਭਾ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਜਦੋਂ ਸਦਨ ਜੁੜਿਆ ਤਾਂ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ, ਪਰ ਇਸ ਮੁੱਦੇ ਨੂੰ ਭਲਕੇ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਦੌਰਾਨ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੋਟਿਸ ਰੱਦ ਕਰਦਿਆਂ ਕਿਹਾ, ‘ਅਸੀਂ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਮਤੇ ਬਾਰੇ ਭਲਕ ਤੋਂ ਚਰਚਾ ਸ਼ੁਰੂ ਕਰਨੀ ਹੈ ਤੇ ਮੈਂਬਰ ਉਸ ਵਿੱਚ ਸ਼ਾਮਲ ਹੋ ਕੇ ਆਪਣੀ ਗੱਲ ਰੱਖ ਸਕਦੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੁਣ ਤਕ ਕਈ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ‘ਮੈਂ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੇ ਤੁਹਾਡੇ ਫਿਕਰ ਨੂੰ ਸਮਝਦਾ ਹਾਂ।’

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਾਈ ਬੈਠੇ ਹਨ, ਲਿਹਾਜ਼ਾ ਇਸ ਮੁੱਦੇ ’ਤੇ ਚਰਚਾ ਕਰਨੀ ਬਣਦੀ ਹੈ। ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰੌਏ ਨੇ ਕਿਹਾ ਕਿ ਇਸ ਸਦਨ ਨੂੰ ਨਹੀਂ ਪਤਾ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਕੀ ਚੱਲ ਰਿਹੈ ਤੇ ਸਦਨ ਨੂੰ ਚਾਹੀਦਾ ਹੈ ਕਿ ਉਹ ਧੰਨਵਾਦ ਮਤੇ ਤੋਂ ਵੱਖਰਾ ਇਸ ਮੁੱਦੇ ਬਾਰੇ ਚਰਚਾ ਕਰੇ। ਸੀਪੀਆਈ ਆਗੂ ਏੇਲਾਮਾਰਮ ਕਰੀਮ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ਦਾ ਪਾਣੀ ਤੇ ਬਿਜਲੀ ਕੱਟੀ ਗਈ ਹੈ। ਡੀਐੱਮਕੇ ਆਗੂ ਤਿਰੁਚੀ ਸ਼ਿਵਾ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਅਤਿ ਦੀ ਠੰਢ ਵਿੱਚ ਸੜਕਾਂ ’ਤੇ ਬੈਠੇ ਹਨ।

ਆਰਜੇਡੀ ਦੇ ਮਨੋਜ ਝਾਅ ਨੇ ਕਿਹਾ ਕਿ ਸੰਸਦ ਇਸ ਮੁੱਦੇ ’ਤੇ ਘੱਟੋ-ਘੱਟ ਚਰਚਾ ਤਾਂ ਕਰੇ। ਨਾਇਡੂ ਜਦੋਂ ਵਿਰੋਧੀ ਧਿਰਾਂ ਦੀ ਮੰਗ ਲਈ ਸਹਿਮਤ ਨਾ ਹੋਏ ਤਾਂ ਕਾਂਗਰਸ, ਲੈਫਟ, ਟੀਐੱਮਸੀ, ਡੀਐੱਮਕ ਤੇ ਆਰਜੇਡੀ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਨਾਇਡੂ ਉਨ੍ਹਾਂ ਨੂੰ ਆਪਣੀਆਂ ਸੀਟਾਂ ’ਤੇ ਮੁੜਨ ਲਈ ਵੀ ਆਖਦੇ ਰਹੇ। ਉਨ੍ਹਾਂ ਕਿਹਾ ਕਿ ‘ਮੈਂਬਰ ਆਪਣੀਆਂ ਸੀਟਾਂ ’ਤੇ ਮੁੜ ਜਾਣ ਤੇ ਸਦਨ ਨੂੰ ਚੱਲਣ ਦਿੱਤਾ ਜਾਵੇ। ਤੁਹਾਡੇ ’ਚੋਂ ਕਈਆਂ ਨੇ ਪਿਛਲੀ ਵਾਰ ਪ੍ਰਸ਼ਨ ਕਾਲ ਨਾ ਹੋਣ ਨੂੰ ‘ਜਮਹੂਰੀਅਤ ਦਾ ਕਤਲ’ ਦੱਸਿਆ ਸੀ। ਉਂਜ ਅੱਜ ਸਦਨ ਵਿੱਚ ਵਿਧਾਨਕ ਕਾਰਵਾਈ ਵਜੋਂ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਸੋਧ) ਬਿੱਲ 2020 ਸਮੇਤ ਕੁੱਲ ਚਾਰ ਬਿੱਲ ਸੂਚੀਬੰਦ ਸੀ।

Previous articleਰੱਖਿਆ ਖੇਤਰ ’ਚ ਦੂਜੇ ਮੁਲਕਾਂ ’ਤੇ ਨਿਰਭਰ ਨਹੀਂ ਕਰ ਸਕਦੇ: ਰਾਜਨਾਥ
Next articleਵਿਧਾਨ ਸਭਾ ’ਚ ਮੁੜ ਲਿਆਂਦਾ ਜਾਵੇਗਾ ਖੇਤੀ ਸੋਧ ਬਿੱਲ