ਰੱਖਿਆ ਖੇਤਰ ’ਚ ਦੂਜੇ ਮੁਲਕਾਂ ’ਤੇ ਨਿਰਭਰ ਨਹੀਂ ਕਰ ਸਕਦੇ: ਰਾਜਨਾਥ

ਬੰਗਲੂਰੂ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਰੱਖਿਆ ਖੇਤਰ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੂਜੇ ਮੁਲਕਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਿਰਮਤ ‘ਤੇਜਸ’ ਵਿਦੇਸ਼ ਵਿੱਚ ਬਣੇ ਆਪਣੇ ਬਰਾਬਰ ਦੇ ਹੋਰਨਾਂ ਲੜਾਕੂ ਜਹਾਜ਼ਾਂ ਤੋਂ ਕਈ ਮਾਪਦੰਡਾਂ ਵਿੱਚ ਕਿਤੇ ਬਿਹਤਰ ਹੋਣ ਦੇ ਨਾਲ ਮੁਕਾਬਲਤਨ ਕਿਫਾਇਤੀ ਵੀ ਹੈ। ਇਥੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ ਦੇ ਦੂਜੇ ਐੱਲਸੀਏ-ਤੇਜਸ ਪ੍ਰੋਡਕਸ਼ਨ ਪਲਾਂਟ ਦੇ ਉਦਘਾਟਨ ਲਈ ਆਏ ਸਿੰਘ ਨੇ ਕਿਹਾ ਕਿ ‘ਆਤਮਨਿਰਭਰ ਭਾਰਤ ਅਭਿਆਨ’ ਤਹਿਤ ਭਾਰਤ ਰੱਖਿਆ ਨਿਰਮਾਣ ਵਿੱਚ ਆਪਣੀ ਸਮਰੱਥਾ ਨੂੰ ਵਧਾਉਣ ਦੀ ਦਿਸ਼ਾ ’ਚ ਅੱਗੇ ਵੱਧ ਰਿਹਾ ਹੈ।

ਰੱਖਿਆ ਮੰਤਰੀ ਨੇ ਕਿਹਾ, ‘ਭਾਰਤ ਆਪਣੀ ਰੱਖਿਆ ਲਈ ਹੋਰਨਾਂ ਮੁਲਕਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਕਈ ਮੁਲਕਾਂ ਨੇ ਤੇਜਸ ਵਿੱਚ ਦਿਲਚਸਪੀ ਵਿਖਾਈ ਹੈ। ਭਾਰਤ ਅਗਲੇ ਕੁਝ ਸਾਲਾਂ ਵਿੱਚ ਰੱਖਿਆ ਉਤਪਾਦਨ ਦੇ ਖੇਤਰ ਵਿੱਚ 1.75 ਲੱਖ ਕਰੋੜ ਰੁਪਏ ਦੇ ਆਪਣੇ ਟੀਚੇ ਨੂੰ ਸਰ ਕਰ ਲਏਗਾ।’ ਐੱਚਏਐੱਲ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਆਰ.ਮਾਧਵਨ ਨੇ ਅਜੇ ਪਿੱਛੇ ਜਿਹੇ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੂੰ 48000 ਕਰੋੜ ਦੇ ਕਰਾਰ ਤਹਿਤ ਮਾਰਚ 2024 ਤੱਕ ਤੇਜਸ ਐੱਲਸੀਏ ਦੀ ਪਹਿਲੀ ਖੇਪ ਮਿਲ ਜਾਵੇਗੀ। ਕਰਾਰ ਤਹਿਤ ਭਾਰਤ ਨੂੰ ਕੁੱਲ 83 ਲੜਾਕੂ ਜਹਾਜ਼ ਮਿਲਣੇ ਹਨ ਤੇ ਸਾਲਾਨਾ 16 ਦੇ ਕਰੀਬ ਜਹਾਜ਼ ਆਉਣਗੇ।

ਆਪਣੀ ਇਸ ਫੇਰੀ ਦੌਰਾਨ ਰੱਖਿਆ ਮੰਤਰੀ ਨੇ ਐੱਲਸੀਏ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਐੱਚਏਐੱਲ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਐੱਚਏਐੱਲ ਨੇ ਇਕ ਬਿਆਨ ਵਿੱਚ ਕਿਹਾ ਕਿ ਕੰਪਨੀ ਦੀ ਨਵੀਂ ਐੱਲਸੀਏ ਫੈਸਿਲਟੀ ‘ਆਤਮਨਿਰਭਰ ਭਾਰਤ’ ਸੰਕਲਪ ਦੇ ਆਕਾਰ ਲੈਣ ਦੀ ਮਿਸਾਲ ਹੈ ਤੇ ਕੰਪਨੀ 83 ਐੱਲਸੀਏ ਐੱਮਕ-1ਏ ਦਾ ਆਰਡਰ ਹਾਸਲ ਕਰਨ ਦੀ ਹੱਕਦਾਰ ਸੀ।

Previous articleਕਿਸਾਨਾਂ ਨੂੰ ਰੋਕਣ ਲਈ ‘ਕੰਡਿਆਲੀ ਕੰਧ’ ਖੜ੍ਹੀ ਕੀਤੀ
Next articleਕਿਸਾਨ ਅੰਦੋਲਨ: ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ