ਕਿਸਾਨਾਂ ਨੇ ਰੇਲ ਰੋਕੋ ਸੰਘਰਸ਼ 2 ਤੱਕ ਵਧਾਇਆ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਖੇਤੀ ਬਿੱਲਾਂ ਖ਼ਿਲਾਫ਼ 24 ਸਤੰਬਰ ਤੋਂ ਰੇਲਾਂ ਦੀਆਂ ਪਟੜੀਆਂ ’ਤੇ ਬੈਠੇ ਕਿਸਾਨਾਂ ਨੇ ਆਪਣਾ ਸੰਘਰਸ਼ 2 ਅਕਤੂਬਰ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲ ਪਟੜੀਆਂ ’ਤੇ ਚੱਲ ਰਹੇ ਪੱਕੇ ਮੋਰਚਿਆਂ ਦਾ ਅੱਜ 5ਵਾਂ ਦਿਨ ਸੀ।

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ 2 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਸਮੁੱਚੇ ਪੰਜਾਬ ’ਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਆਉਣ ਵਾਲੇ ਦਿਨਾਂ ਦੌਰਾਨ ਰਾਜ ਤੇ ਕੇਂਦਰ ਸਰਕਾਰ ਦੀ ਸਥਿਤੀ ਪੇਚੀਦਾ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਲਕੇ ਚੰਡੀਗੜ੍ਹ ’ਚ ਮੀਟਿੰਗ ਬੁਲਾਈ ਹੈ ਤੇ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨ ਆਗੂਆਂ ਦਰਮਿਆਨ ਮੀਟਿੰਗ ਹੋਣ ਦੇ ਵੀ ਆਸਾਰ ਹਨ।

ਤਿੰਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਦੱਸਦਿਆਂ ਅੱਜ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਨੇ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ਤੇ ਦੇਵੀਦਾਸਪੁਰਾ (ਅੰਮ੍ਰਿਤਸਰ) ’ਚ ਲੱਗੇ ਪੱਕੇ ਮੋਰਚਿਆਂ ਦੇ 5ਵੇਂ ਦਿਨ ’ਚ ਸ਼ਾਮਲ ਹੋ ਕੇ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਵਸ ਨੂੰ ਸਮਰਪਿਤ ਰੈਲੀ ਕੀਤੀ। ਅੰਦੋਲਨਕਾਰੀਆਂ ਨੇ ਕਿਹਾ ਕਿ ਨਵ-ਬਸਤੀਵਾਦੀ, ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਅਤੇ ਸਾਮਰਾਜਵਾਦ ਦੇ ਜੋਟੀਦਾਰ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ਾਂ ਦੇ ਸਮੇਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿਰਤੀਆਂ ਦੀ ਅਣਸਰਦੀ ਲੋੜ ਹੈ।

ਰੇਲਵੇ ਟਰੈਕਾਂ ’ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਨੇ ਦੋਵਾਂ ਥਾਵਾਂ ’ਤੇ ਚੱਲ ਰਹੇ ਰੇਲ ਰੋੋਕੋ ਅੰਦੋਲਨ ਨੂੰ ਅੱਗੇ ਵਧਾਉਂਦਿਆਂ 2 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਪਹਿਲੀ ਅਕਤੂਬਰ ਤੋਂ ਪੰਜਾਬ ਤੇ ਦੇਸ਼ ਵਿਆਪੀ ਸ਼ੁਰੂ ਹੋਣ ਵਾਲੇ ਰੇਲ ਰੋੋਕੋ ਅੰਦੋਲਨ ਨੂੰ ਪੂਰੀ ਹਮਾਇਤ ਦਿੰਦਿਆਂ ਪੰਜਾਬ ਦੇ ਸਾਰੇ ਵਰਗਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਉਨ੍ਹਾਂ ਪੰਜਾਬ ਤੇ ਦੇਸ਼ ਵਿੱਚ ਕਿਤੇ ਵੀ ਕਿਸਾਨ ਪੱਖੀ ਵਿੱਢੇ ਜਾਣ ਵਾਲੇ ਘੋਲਾਂ ਨੂੰ ਪੂਰਾ ਸਮਰਥਨ ਦੇਣ ਦਾ ਵਚਨ ਕੀਤਾ ਤੇ ਅਕਤੂਬਰ ਮਹੀਨੇ ਨੂੰ ਸਾਂਝੇ ਸੰਘਰਸ਼ਾਂ ਲਈ ਸਮਰਪਿਤ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸੀ- ਵਿਦੇਸ਼ੀ ਕਾਰਪੋਰੇਟ ਕੰਪਨੀਆਂ ਭਾਰਤ ਦੇ ਕੁਦਰਤੀ ਸਾਧਨਾਂ ਦੀ ਲੁੱਟ ਖਸੁੱਟ ਕਰਨ ਲਈ ਕਾਹਲੀਆਂ ਪਈਆਂ ਹਨ ਅਤੇ ਦੇਸ਼ ਦੇ ਰਾਜਸੀ ਆਗੂ ਇਸ ਲੁੱਟ ਖਸੁੱਟ ਵਿੱਚੋਂ ਆਪਣੇ ਹਿੱਸੇ ਸੁੱਰਖਿਅਤ ਕਰ ਰਹੇ ਹਨ।

ਧਰਨਿਆਂ ਨੂੰ ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਹਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਸਿੰਘ ਕੱਲੀਵਾਲ, ਰਣਜੀਤ ਸਿੰਘ ਕਲੇਰਬਾਲਾ ਨੇ ਵੀ ਸੰਬੋਧਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸੰਗਰਾਮੀ ਹਫਤੇ ਦੀ ਸ਼ੁਰੂਆਤ ਵਜੋਂ ਮਨਾਇਆ ਗਿਆ।

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅੱਜ ਲੌਂਗੋਵਾਲ (ਸੰਗਰੂਰ), ਬੁੱਟਰ (ਮੋਗਾ), ਜੈਤੋ (ਫਰੀਦਕੋਟ), ਬੇਰ ਕਲਾਂ (ਲੁਧਿਆਣਾ) ਤੇ ਮੱਤੇਨੰਗਲ (ਅੰਮ੍ਰਿਤਸਰ) ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸੰਗਰਾਮੀ ਹਫ਼ਤੇ ਦੀ ਸ਼ੁਰੂਆਤ ਵਜੋਂ ਮਨਾਉਂਦਿਆਂ 1 ਅਕਤੂਬਰ ਤੋਂ ਕੀਤੇ ਜਾ ਰਹੇ ਰੇਲ ਰੋਕੋ ਐਕਸ਼ਨ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ।

Previous articleਸ਼੍ਰੋਮਣੀ ਕਮੇਟੀ ਦਾ ਨੌਂ ਅਰਬ ਤੋਂ ਵੱਧ ਦਾ ਬਜਟ ਪਾਸ
Next articleCovid: Deaths, cases plummet in Maha, Mumbai crosses 2L-mark