ਕਿਸਾਨਾਂ ਅਤੇ ਮਜ਼ਦੂਰਾਂ ਅਤੇ ਹੋਰਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)

 

– ਪ੍ਰਭਜੋਤ ਕੌਰ ਢਿੱਲੋਂ

 ਧਰਨਿਆਂ ਤੇ ਬੈਠਣਾ, ਮਤਲਬ ਸਰਕਾਰਾਂ ਦੇ ਕੰਨਾਂ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਪਾਉਣਾ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਸਰਕਾਰਾਂ ਆਮ ਲੋਕਾਂ ਤੇ ਜਾਂ ਤਾਂ ਆਪਣੇ ਫੈਸਲੇ ਥੋਪੇ ਜਾਂ ਲੋਕਾਂ ਦੀ ਗੱਲ ਸੁਣੇ ਹੀ ਨਾ। ਜੇਕਰ ਸਰਕਾਰਾਂ ਵਧੀਆ ਤਰੀਕੇ ਨਾਲ ਕੰਮ ਕਰਨ, ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲ ਰਹੇ ਹੋਣ ਤਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਧੱਕੇ ਖਾਣ ਅਤੇ ਪੁਲਿਸ ਦੇ ਡੰਡੇ ਖਾਣ ਦਾ ਸ਼ੌਕ ਨਹੀਂ ਹੈ। ਕੁੱਝ ਦਹਾਕੇ ਪਹਿਲਾਂ ਇੱਕ ਨਾਅਰਾ ਦਿੱਤਾ ਗਿਆ ਸੀ, “ਜੈ ਜਵਾਨ, ਜੈ ਕਿਸਾਨ,”ਪਰ ਸਮੇਂ ਦੇ ਨਾਲ ਕਿਸਾਨ ਅਤੇ ਜਵਾਨ ਦੀ ਹਾਲਤ ਖਰਾਬ ਕਰ ਦਿੱਤੀ।ਜੇਕਰ ਅਸੀਂ ਮੋਟਾ ਜਿਹਾ ਕਾਰਨ ਕਹੀਏ ਤਾਂ ਕਿਸਾਨਾਂ ਅਤੇ ਜਵਾਨਾਂ ਲਈ ਫੈਸਲਾ ਉਹ ਲੈਂਦੇ ਹਨ ਜਿੰਨਾ ਨੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਫਸਲ ਨਹੀਂ ਉਗਾਈ ਅਤੇ ਨਾ ਹੀ ਮਨਫੀ ਤਾਪਮਾਨ ਵਿੱਚ ਖੜ੍ਹ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਹੁੰਦਾ ਹੈ।ਏ ਸੀ ਦਫਤਰਾਂ ਵਿੱਚ ਬੈਠਕੇ ਇਵੇਂ ਦੇ ਹੀ ਬਿੰਨਾ ਸਿਰ ਪੈਰ ਦੇ ਫੈਸਲੇ ਹੁੰਦੇ ਹਨ।ਖੈਰ ਅੱਜ ਕਿਸਾਨ ਬਾਰੇ ਗੱਲ ਕਰਦੇ ਹਾਂ। ਕਿਸਾਨ ਸੜਕਾਂ ਤੇ ਆਇਆ ਹੋਇਆ ਹੈ ਕਿਉਂਕਿ ਤਿੰਨ ਆਰਡੀਨੈਂਸ ਕੇਂਦਰ ਸਰਕਾਰ ਨੇ ਪਾਸ ਕੀਤੇ ਹਨ।ਪਹਿਲੀ ਗੱਲ ਜਦੋਂ ਕੋਵਿਡ ਮਾਹਾਂਮਾਰੀ ਨਾਲ ਲੋਕ ਹਾਲੋਂ ਬੇਹਾਲ ਹੋਏ ਪਏ ਹਨ ਤਾਂ ਇਵੇਂ ਦੇ ਫੈਸਲੇ ਲੈਣਾ ਆਪਣੇ ਆਪ ਵਿੱਚ ਗਲਤ ਹੀ ਹੈ। ਦੂਸਰਾ ਜਿੰਨਾ ਲਈ ਸਰਕਾਰ ਫਾਇਦੇਮੰਦ ਕਹਿ ਰਹੀ ਹੈ ਜਦੋਂ ਉਸਨੂੰ ਇਸਦਾ ਕੋਈ ਫਾਇਦਾ ਨਹੀਂ ਲੱਗਦ ਤਾਂ ਇਸ ਨੂੰ ਲਾਗੂ ਕਰਨਾ ਸਰਾਸਰ ਧੱਕੇਸ਼ਾਹੀ ਹੀ ਹੈ।ਆਰਨਲਡ ਐਚ ਗਲਾਸਕੀ ਲਿਖਦਾ ਹੈ;”ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ ਇੰਨਾ ਨੂੰ ਪਛਾਣ ਲੈਣਾ ਹੀ ਇੱਕ ਚੰਗੇ ਨੇਤਾ ਦਾ ਗੁਣ ਹੈ। ”

ਖੈਰ ਕਿਸਾਨਾਂ ਨਾਲ ਹੋ ਰਿਹਾ ਧੱਕਾ ਜਾਂ ਕਿਸਾਨੀ ਨਾਲ ਹੋ ਰਹੀ ਬੇਇਨਸਾਫ਼ੀ ਹਰ ਇਕ ਤੇ ਬੇਹੱਦ ਮਾੜਾ ਅਸਰ ਪਾਵੇਗੀ ਅਤੇ ਇਸ ਦਾ ਪ੍ਰਭਾਵ ਵੇਖਿਆ ਵੀ ਜਾ ਸਕਦਾ ਹੈ।ਇਕ ਕਿਸਾਨ ਕੰਮ ਕਰਦਾ ਹੈ ਤਾਂ ਉਸਦੇ ਨਾਲ ਦਿਹਾੜੀਆਂ ਕਰਨ ਵਾਲਿਆਂ ਦਾ ਚੁੱਲਾ ਬਲਦਾ ਹੈ।ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਾਂਝ ਬਹੁਤ ਡੂੰਘੀ ਹੁੰਦੀ ਹੈ।ਇੰਨਾ ਦੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਹੁੰਦੀਆਂ ਹਨ।ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਉਸ ਨਾਲ ਦਿਹਾੜੀਆਂ ਕਰਨ ਵਾਲੇ ਦੀ ਵੀ ਗੱਡੀ ਦਿੰਦੀ ਰਹਿੰਦੀ ਹੈ।ਅੱਗੇ ਚਲੀਏ ਤਾਂ ਜੇਕਰ ਕਿਸਾਨ ਅਤੇ ਕਿਸਾਨੀ ਹੈ ਤਾਂ ਆੜ੍ਹਤੀਏ ਗੱਦੀਆਂ ਤੇ ਬੈਠੇ ਹੋਏ ਹਨ।ਇੰਨਾਂ ਆੜ੍ਹਤੀਆਂ ਦੇ ਨਾਲ ਪੱਲੇਦਾਰ ਕੰਮ ਕਰਦੇ ਹਨ।ਦੁਕਾਨਾਂ ਵਿੱਚ ਰਾਸ਼ਨ ਤਾਂ ਹੀ ਆਉਂਦਾ ਹੈ ਜੇਕਰ ਕਿਸਾਨ ਮਿਹਨਤ ਕਰਕੇ ਪੈਦਾ ਕਰਦਾ ਹੈ। ਦੁਕਾਨਾਂ ਤੇ ਵੀ ਕੰਮ ਕਰਨ ਵਾਲਿਆਂ ਨੂੰ ਕੰਮ ਮਿਲਦਾ ਹੈ।ਹਾਂ, ਸਾਡੇ ਘਰ ਦੀ ਰਸੋਈ ਕਿਸਾਨਾਂ ਦੀ ਮਿਹਨਤ ਸਦਕਾ ਚੱਲਦੀ ਹੈ ਅਤੇ ਸਾਡੇ ਪੇਟ ਵੀ ਤਾਂ ਹੀ ਭਰਦੇ ਹਨ ਜੇਕਰ ਕਿਸਾਨ ਦਿਨ ਰਾਤ ਕੰਮ ਕਰਦਾ ਹੈ।ਇਥੇ ਜੋ ਸਮੇਂ ਦੀ ਮੰਗ ਹੈ ਉਹ ਹੈ ਕਿਸਾਨ ਅਤੇ ਕਿਸਾਨੀ ਨੂੰ ਜਿਉਂਦੇ ਰੱਖਣਾ।ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਪਿੱਛਲੇ ਦਿਨੀਂ ਇਕ ਪੱਲੇਦਾਰੀ ਦਾ ਕੰਮ ਕਰਦੇ ਲੜਕੇ ਦਾ ਫੋਨ ਆਇਆ, ਉਹ ਦਸਵੀਂ ਪਾਸ ਸੀ। ਉਸਨੇ ਦੱਸਿਆ ਕਿ ਅਸੀਂ ਕਿਸਾਨਾਂ ਦੇ ਧਰਨੇ ਤੇ ਜਾਂਦੇ ਹਾਂ ਪਰ ਸਾਡੀ ਕੋਈ ਗੱਲ ਨਹੀਂ ਕਰਦਾ, ਜਦ ਕਿ ਅਸੀਂ ਇਕ ਦੂਸਰੇ ਤੇ ਨਿਰਭਰ ਹਾਂ। ਜਥੇਬੰਦੀਆਂ ਦੇ ਵਿੱਚ ਸਰਗਰਮ ਬੰਦਿਆਂ ਨੂੰ ਚਾਹੀਦਾ ਹੈ ਕਿ ਇੰਨਾ ਖੇਤ ਮਜ਼ਦੂਰਾਂ ਅਤੇ ਹੋਰ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਵੀ ਉਸ ਹਰ ਸਟੇਜ ਤੋਂ ਕੀਤੀ ਜਾਵੇ।

ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਰਸੋਈ ਦੇ ਵੱਧਦੇ ਖਰਚੇ ਤੋਂ ਪ੍ਰੇਸ਼ਾਨ ਹੈ।ਖਾਣ ਵਾਲੀ ਹਰ ਚੀਜ਼ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਹਕੀਕਤ ਇਹ ਹੈ ਕਿ ਕਿਸਾਨ ਦੇ ਪੱਲੇ ਕੁੱਝ ਪੈਂਦਾ ਨਹੀਂ ਅਤੇ ਖਪਤਕਾਰ ਦੇ ਪੱਲੇ ਕੁੱਝ ਰਹਿੰਦਾ ਨਹੀਂ। ਕਿਸਾਨ ਹਰ ਕਿਸੇ ਦੀ ਰੀੜ੍ਹ ਦੀ ਹੱਡੀ ਹੈ।ਪਰ ਇਸ ਰੀੜ੍ਹ ਦੀ ਹੱਡੀ ਬਾਰੇ ਕੋਈ ਵੀ ਸੋਚਣ ਲਈ ਤਿਆਰ ਨਹੀਂ। ਕਦੇ ਕਿਸੇ ਨੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਤੇ ਆਵਾਜ਼ ਚੁੱਕੀ ਹੈ ਕਿ ਇਸ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਇਸ ਨੇ ਖੁਦਕੁਸ਼ੀ ਕੀਤੀ ਹੈ। ਜਦੋਂ ਕਿਸਾਨ ਦੇ ਕੋਲ ਉਸਦੀ ਜਿਨਸੀ ਹੁੰਦੀ ਹੈ ਤਾਂ ਉਸਨੂੰ ਕੌਡੀਆਂ ਦੇ ਭਾਅ ਖਰੀਦਿਆ ਜਾਂਦਾ ਹੈ। ਵਿਉਪਾਰੀਆਂ ਦੇ ਕੋਲ ਆਉਂਦਿਆਂ ਹੀ ਉਸਦੀ ਕੀਮਤ ਕੌੜੀ ਵੇਲ ਵਾਂਗ ਵੱਧਦੀ ਹੈ। ਇਸ ਤੇ ਮੇਰੇ ਨਾ ਵਧੇਰੇ ਲੋਕ ਸਹਿਮਤ ਹੋਣਗੇ।ਕਣਕ ਕਿਸਾਨਾਂ ਕੋਲੋਂ ਜਿਸ ਭਾਅ ਤੇ ਖਰੀਦੀ ਜਾਂਦੀ ਹੈ ਆਟਾ ਉਸਤੋਂ ਦੁਗਣੇ ਕੀਮਤ ਤੇ ਬਾਜ਼ਾਰ ਵਿੱਚ ਵਿਕਦਾ ਹੈ। ਸਬਜ਼ੀਆਂ ਜਦੋਂ ਕਿਸਾਨ ਕੋਲੋਂ ਖਰੀਦੀਆਂ ਜਾਂਦੀਆਂ ਹਨ ਤਾਂ ਉਸਦਾ ਖਰਚਾ ਵੀ ਨਹੀਂ ਨਿਕਲਦਾ।ਕਦੇ ਕਿਸੇ ਨੇ ਇਹ ਵੇਖਿਆ ਹੈ ਕਿ ਕਿਸਾਨਾਂ ਨੂੰ ਕਿਵੇਂ ਲੁੱਟਿਆ ਜਾਂਦਾ ਹੈ। ਜੇਕਰ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣ ਤਾਂ ਹਰ ਕਿਸੇ ਦੀ ਰਸੋਈ ਦਾ ਖਰਚਾ ਘੱਟ ਸਕਦਾ ਹੈ।ਕਿਸਾਨ ਸਾਡਾ ਅੰਨਦਾਤਾ ਹੈ ਪਰ ਅਸੀਂ ਉਸਨੂੰ ਸੜਕਾਂ ਤੇ ਰੋਲ ਦਿੱਤਾ ਅਤੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ। ਕਿਸਾਨਾਂ ਦੀ ਫਸਲ ਦੀ ਕੀਮਤ ਨਿਰਧਾਰਤ ਕੀਤੀ ਜਾਂਦੀ ਹੈ, ਉਸ ਕੀਮਤ ਤੋਂ ਹੇਠਾਂ ਕੋਈ ਵੀ ਉਸਦੀ ਫਸਲ ਨਹੀਂ ਖਰੀਦੇਗਾ। ਉਸਨੂੰ ਉਹ ਕੀਮਤ ਮਿਲੇਗੀ ਹੀ ਮਿਲੇਗੀ। ਪਰ ਜ਼ਮੀਨੀ ਹਕੀਕਤ ਇਹ ਨਹੀਂ ਹੈ ਕਿਸਾਨ ਦੀ ਫਸਲ ਨੂੰ ਉਸ ਕੀਮਤ ਤੋਂ ਘੱਟ ਕੀਮਤ ਤੇ ਵਿਉਪਾਰ ਵਰਗ ਖਰੀਦ ਦਾ ਹੈ।ਇਸ ਵਕਤ ਮੱਕੀ ਨੂੰ ਅੱਠ ਸੌ ਦੇ ਆਸ ਪਾਸ ਹੀ ਖਰੀਦਿਆ ਜਾ ਰਿਹਾ ਹੈ। ਕਪਾਹ ਦੀ ਕੀਮਤ ਵੀ ਪੂਰੀ ਨਹੀਂ ਮਿਲਦੀ।ਇਥੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਵਿਉਪਾਰ ਵਰਗ ਮਿਲਕੇ ਕਿਸਾਨਾਂ ਨੂੰ ਲੁੱਟਦੇ ਹਨ।ਕਿਸਾਨਾਂ ਕੋਲ ਨਾ ਤਾ ਫਸਲ ਨੂੰ ਸਟੋਰ ਕਰਨ ਦੀ ਥਾਂ ਹੈ ਅਤੇ ਨਾ ਆਰਥਿਕ ਹਾਲਤ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਹੈ।ਉਸਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ। ਜਦੋਂ ਵਿਉਪਾਰੀਆਂ ਦੇ ਹੱਥਾਂ ਵਿੱਚ ਫਸਲ ਚਲੀ ਜਾਂਦੀ ਹੈ ਤਾਂ ਉਸਦੀ ਕੀਮਤ ਵਧਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਖੇਡੀਆਂ ਜਾਂਦੀਆਂ ਹਨ।ਜਿਵੇਂ ਗੰਢਿਆਂ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਵੱਧਣਾ ਮਤਲਬ ਰਸੋਈ ਵਿੱਚ ਭੂਚਾਲ। ਇਸਦੀ ਬਾਜ਼ਾਰ ਵਿੱਚ ਘਾਟ ਵਿਖਾ ਕੇ, ਇਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਦਿੱਤੀਆਂ ਜਾਂਦੀਆਂ ਹਨ।ਇਹ ਵੱਡੇ ਵਿਉਪਾਰੀਆਂ ਦੀ ਮਿਹਰਬਾਨੀ ਹੁੰਦੀ ਹੈ ਅਤੇ ਇੰਨਾ ਨੂੰ ਬਹੁਤ ਲੋਕਾਂ ਵੱਲੋਂ ਛੱਤਰ ਛਾਇਆ ਹੁੰਦੀ ਹੈ।

ਖੈਰ,ਅੱਜ ਸਰਕਾਰ ਦੇ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨ ਸੜਕਾਂ ਤੇ ਹਨ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਹਨ ਤਾਂ ਕਿਸਾਨਾਂ ਨੂੰ ਇਸ ਬਾਰੇ ਸਮਝਾਉਣਾ ਅਤੇ ਸਹਿਮਤ ਕਰਨਾ ਸਰਕਾਰ ਦੀ ਜ਼ੁੰਮੇਵਾਰ ਹੈ। ਜਿਸਨੂੰ ਦਵਾਈ ਦੇਣੀ ਹੈ ਜਦੋਂ ਉਹ ਕਹਿ ਰਿਹਾ ਹੈ ਕਿ ਮੈਨੂੰ ਇਸ ਦਾ ਫਾਇਦਾ ਨਹੀਂ ਤਾਂ, ਮੈਨੂੰ ਇਸ ਨਾਲ ਨੁਕਸਾਨ ਹੋਏਗਾ ਤਾਂ ਉਸਨੂੰ ਉਹ ਦਵਾਈ ਦੇਣੀ ਕਿਸੇ ਪੱਖੋਂ ਵੀ ਠੀਕ ਨਹੀਂ ਹੈ। ਦੂਸਰੇ ਰਾਜਾਂ ਵਿੱਚ ਆਪਣੀਆਂ ਫਸਲਾਂ ਸਿਰਫ਼ ਵੱਡੇ ਕਿਸਾਨ ਹੀ ਲਿਜਾ ਸਕਦੇ ਹਨ।ਹਾਂ, ਵਿਉਪਾਰੀਆਂ ਵਰਗ ਘੱਟ ਕੀਮਤ ਤੇ ਖਰੀਦੇਗੀ ਅਤੇ ਦੂਸਰੇ ਰਾਜਾਂ ਵਿੱਚ ਲਿਜਾ ਕੇ ਵੇਚੇਗਾ। ਇਹ ਕੁੱਝ ਇਕ ਵੱਡੇ ਕਿਸਾਨਾਂ ਅਤੇ ਵਿਉਪਾਰੀਆਂ ਦੇ ਹੱਕ ਵਿੱਚ ਤਾਂ ਭੁਗਤਾਂਗੇ ਪਰ ਛੋਟੇ ਕਿਸਾਨ ਲਈ ਮਾਰੂ ਹੀ ਸਿੱਧ ਹੋਏਗਾ। ਕਿਸਾਨਾਂ ਦੀ ਸਮਸਿਆਵਾਂ ਨੂੰ ਸਮਝਣ ਵਾਲੇ ਅਰਥ ਸ਼ਾਸਤਰੀ ਵੀ ਇਸਨੂੰ ਵਧੀਆ ਨਹੀਂ ਮੰਨ ਰਹੇ।ਚੰਗੀਆਂ ਸਰਕਾਰਾਂ ਅਤੇ ਚੰਗੇ ਹੁਕਮਰਾਨ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਸਮਝਣ।ਚਾਣਕਿਆ ਨੇ ਲਿਖਿਆ ਹੈ; “ਜਿਹੜਾ ਹੁਕੲਜਨਤਾ ਦੀ ਆਵਾਜ਼ ਉਪਰ ਧਿਆਨ ਨਹੀਂ ਦਿੰਦਾ, ਜਨਤਾ ਉਸਨੂੰ ਪਦ ਤੋਂ ਮੁਕਤ ਕਰ ਦਿੰਦੀ ਹੈ। “ਜਨਤਾ ਹੀ ਹੈ ਜੋ ਸਰਕਾਰਾਂ ਬਣਾਉਂਦੀ ਹੈ ਅਤੇ ਸਰਕਾਰਾਂ ਤੋੜਦੀ ਹੈ।ਕਿਸਾਨੀ ਅਰਥਚਾਰੇ ਦਾ ਧੁਰਾ ਹੈ।ਬਹੁਤ ਸਧਾਰਨ ਹੈ ਖਾਣ ਨੂੰ ਮਿਲੇਗਾ ਤਾਂ ਹੀ ਕੰਮ ਕਰਨ ਦੀ ਸ਼ਕਤੀ ਆਏਗੀ। ਸਿਆਣੇ ਕਹਿੰਦੇ ਨੇ; “ਪੇਟ ਨਾ ਪਈਆਂ ਰੋਟੀਆਂ,ਸੱਭੇ ਗੱਲਾਂ ਖੋਟੀਆਂ।”

ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਹੈ। ਨੋਟਬੰਦੀ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੋਹੇ ਨਹੀਂ ਪਈ।ਸਰਕਾਰ ਨੂੰ ਹਰ ਗੱਲ ਦੀ ਕਾਹਲ ਕਿਉਂ ਪਈ ਰਹਿੰਦੀ ਹੈ,ਲੋਕਾਂ ਦੀ ਸਮਝ ਤੋਂ ਬਾਹਰ ਹੈ।ਬਸ ਫੈਸਲਾ ਥੋਪਣ ਵਾਲੀ ਹਾਲਤ ਹੁੰਦੀ ਹੈ। ਇਹ ਲੋਕਤੰਤਰ ਦਾ ਘਾਣ ਹੀ ਹੈ। ਕਲੀਮੇਟ ਇਟਲੀ ਨੇ ਲਿਖਿਆ ਹੈ; “ਲੋਕਤੰਤਰ ਦਾ ਅਰਥ ਸਲਾਹ ਮਸ਼ਵਰੇ ਨਾਲ ਸਰਕਾਰ ਚਲਾਉਣਾ ਹੁੰਦਾ ਹੈ। ”

ਹਰ ਵਰਗ ਅਤੇ ਸਾਰੀਆਂ ਜਥੇਬੰਦੀਆਂ ਨੂੰ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਹਨ ਨਾ ਕਿ ਡੰਡਿਆਂ ਨਾਲ ਕੁੱਟਵਾਉਣ ਅਤੇ ਕੁੱਟਣ ਲਈ। ਜੇਕਰ ਢਿੱਡ ਵਿੱਚ ਖੁਰਾਕ ਨਾ ਗਈ,ਰੋਟੀ ਸਬਜ਼ੀ ਨਾ ਗਈ ਤਾਂ ਡੰਡੇ ਚੁੱਕਣ ਦੀ ਤਾਕਤ ਨਹੀਂ ਆਏਗੀ।ਯਾਦ ਰੱਖੋ ਕਿਸਾਨ ਅੰਨਦਾਤਾ ਤਾਂ ਹੈ ਹੀ, ਉਹ ਜੀਵਨ ਦਾਤਾ ਵੀ ਹੈ। ਪਿੱਛੇ ਕਰੋਨਾ ਵੇਲੇ ਹੋਏ ਲਾਕਡਾਊਨ ਅਤੇ ਕਰਫਿਊ ਵਿੱਚ ਸਭ ਨੂੰ ਆਟੇ, ਚਾਵਲ, ਦਾਲਾਂ, ਸਬਜ਼ੀਆਂ ਅਤੇ ਦੁੱਧ ਦਾ ਵਧੇਰੇ ਫਿਕਰ ਸੀ। ਇੰਨਾ ਤੋਂ ਬਗੈਰ ਜਿਊਣਾ ਔਖਾ ਹੀ ਨਹੀਂ ਅਸੰਭਵ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ।ਜਿਵੇਂ ਦੇ ਹਾਲਾਤ ਬਣੇ ਹੋਏ ਹਨ ਲੋਕਾਂ ਦੇ, ਉਸ ਵਿੱਚ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।ਜਾਨ ਹੈ ਤਾਂ ਜਹਾਨ ਹੈ।ਜਾਨ ਤਾਂ ਹੀ ਹੈ ਜੇ ਖਾਣ ਪੀਣ ਨੂੰ ਦੁੱਧ ਅਤੇ ਰੋਟੀ ਪੇਟ ਭਰ ਮਿਲਦੀ ਰਹੇ।ਕਿਸਾਨਾਂ ਦੇ ਨਾਲ ਮਜ਼ਦੂਰ ਵਰਗ, ਗਾਇਕ ਅਤੇ ਹੋਰ ਜਥੇਬੰਦੀਆਂ ਨੂੰ ਵੀ ਆਉਣਾ ਚਾਹੀਦਾ ਹੈ। ਇਹ ਸਿਰਫ਼ ਕਿਸਾਨਾਂ ਦੀ ਸਮੱਸਿਆ ਨਹੀਂ ਹੈ, ਇਹ ਘਰ ਘਰ,ਹਰ ਘਰ ਦੀ ਰਸੋਈ ਅਤੇ ਹਰ ਘਰ ਦੇ ਕਮਾਉਣ ਵਾਲੇ ਦੀ ਸਮੱਸਿਆ ਹੈ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ, ਮੋਬਾਈਲ ਨੰਬਰ – +91 98150 30221

Previous articleWas Mughal Rule the period of India’s Slavery?
Next articleIndia successfully test-fires BrahMos missile