ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ

(ਸਮਾਜ ਵੀਕਲੀ)

ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
ਮਹਿਕ ਵਿਹੂਣੇ ਤੂੰ ਬਜ਼ਾਰੋਂ ਲੈ ਆ ਮੁੱਲ ਵੇ

ਇਹਨਾਂ ਫੁੱਲਾਂ ਨੂੰ ਮੈਂ ਦਿੱਤਾ ਦਿਲ ਵਾਲਾ ਰੰਗ ਵੇ
ਫੁੱਲਾਂ ਕੋਲੋਂ ਹੀ ਤਾਂ ਮਿਲਿਆ ਮੁਹੱਬਤਾਂ ਦਾ ਸੰਗ ਵੇ
ਐਵੇਂ ਝੂਠਾ ਹਾਰ ਨਾ ਬਣਾਈਂ
ਫੁੱਲਾਂ ਤਾਈਂ ਖ਼ਾਰ ਨਾ ਬਣਾਈਂ
ਵੇਖੀਂ ਕਰ ਨਾ ਕੋਈ ਦੇਈਂ ਭੁੱਲ ਵੇ

ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
ਮਹਿਕੋਂ ਸੱਖਣੇ ਬਜ਼ਾਰੋਂ ਲੈ ਆ ਮੁੱਲ ਵੇ।

ਜ਼ਹਿਰ ਚੋਗੇ ਵਿਚ ਪਾ ਕੇ ਲੁੱਟੀ ਚਿੜੀਆਂ ਦੀ ਚਹਿਕ ਤੂੰ
ਹਾਰ ਫੁੱਲਾਂ ਦੇ ਪਰੋ ਕੇ ਖੋਈ ਕਲੀਆਂ ਦੀ ਮਹਿਕ ਤੂੰ
ਹੋਣੇ ਸੱਚ ਦੇ ਨਿਬੇੜੇ
ਚੜ੍ਹ ਪੌਣਾਂ ਦੇ ਗਦੇੜੇ
ਕਰ ਨਾ ਮੁਹੱਬਤਾਂ ਦੇ ਦੀਵੇ ਗੁੱਲ ਵੇ

ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
ਮਹਿਕ ਵਿਹੂਣੇ ਤੂੰ ਬਜ਼ਾਰੋਂ ਲਿਆ ਮੁੱਲ ਵੇ

ਕਿਹੜਾ ਕਰੇ ਦੱਸ ਨਦੀਆਂ ਨੂੰ ਪਾਣੀਆਂ ਤੋਂ ਵੱਖ ਵੇ
ਕਦੋਂ ਤੱਕ ਕਰੇਂਗਾ ਤੂੰ ਫੁੱਲ ਟਾਹਣੀਆਂ ਤੋਂ ਵੱਖ ਵੇ
ਫੁੱਲ ਸੂਹਾ ਤੇ ਮਲੂਕ
ਤੇਰਾ ਕੇਹਾ ਏ ਸਲੂਕ
ਕਾਹਤੋਂ ਜਾਵੇਂ ਝੱਖੜਾਂ ਦੇ ਵਾਂਗ ਝੁੱਲ ਵੇ

ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
ਮਹਿਕੋਂ ਸੱਖਣੇ ਬਜ਼ਾਰੋਂ ਲੈ ਆ ਮੁੱਲ ਵੇ।

ਦੇਵੇ ਨਿੱਕੀ ਨਿੱਕੀ ਮਹਿਕ ਜਦੋਂ ਫੁੱਲਾਂ ਦੀ ਸਰੂਰ ਵੇ
ਓਦੋਂ ਚੇਤਿਆਂ ‘ਚ ਆਣ ਮੇਰੇ ਵਸਦਾ ‘ਭਲੂਰ’ ਵੇ
ਕਿੰਝ ਸਮਝਾਵਾਂ ‘ਗਿੱਲ’
ਸੱਚ ਮੈਂ ਸੁਣਾਵਾਂ ‘ਗਿੱਲ’
ਇਹਨਾਂ ਫੁੱਲਾਂ ਦੇ ਨਾ ਕੋਈ ਚੀਜ਼ ਤੁੱਲ ਵੇ

ਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
ਫੁੱਲਾਂ ਬਾਝੋਂ ਜ਼ਿੰਦਗੀ ਦਾ ਕੀ ਮੁੱਲ ਵੇ

ਬੇਅੰਤ ਗਿੱਲ
(ਭਲੂਰ)
99143/81958

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article16ਸਾਲਾ ਬਾਅਦ ਵੀ ਆਧੁਨਿਕ ਸਹੂਲਤਾਂ ਤੋਂ ਵਾਂਝੀ ਹੈ ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ
Next articleਧੀਆਂ