ਧੀਆਂ

(ਸਮਾਜ ਵੀਕਲੀ)

ਮੈਂ ਸ਼ਾਮ ਨੂੰ ਕੰਮ ਤੋਂ ਘਰ ਆਇਆ । ਮੋਟਰ ਸਾਈਕਲ ਬਰਾਂਡੇ ਵਿੱਚ ਖੜ੍ਹਾ ਕੇ ਅੰਦਰ ਗਿਆ ਤਾਂ ਦੇਖਿਆ ਘਰਵਾਲੀ ਹੁਬਕੀ ਹੁਬਕੀ ਰੋ ਰਹੀ ਸੀ । ਮੈਂ ਉਹਨੂੰ ਪੁੱਛਿਆ “ਕੀ ਗੱਲ ਹੋ ਗਈ ਸਭ ਠੀਕ ਤਾਂ ਹੈ ” ਉਹ ਮੇਰੀ ਆਵਾਜ਼ ਸੁਣਦਿਆਂ ਭਰੇ ਹੋਏ ਫੋੜੇ ਵਾਂਗ ਫੇਰ ਫਿੱਸ ਪਈ, ਮੈਂ ਆਪਣੀ ਛੋਟੀ ਧੀ ਲਾਜ ਨੂੰ ਕੁੱਛੜ ਚੁੱਕ ਲਿਆ ਜਿਹੜੀ ਮਾਂ ਨੂੰ ਰੋਂਦਿਆਂ ਦੇਖ ਬੁੱਲ ਟੇਰ ਟੇਰ ਕੇ ਰੋਈ ਜਾਂਦੀ ਸੀ। ਜਿਹਨੂੰ ਹਾਲੇ ਚੰਗੀ ਤਰ੍ਹਾਂ ਬੋਲਣਾਂ ਵੀ ਨਹੀਂ ਆਉਂਦਾ ਸੀ।

ਦੂਜੀ ਕੁੜੀ ਟਿਊਸ਼ਨ ਤੋਂ ਹਾਲੇ ਘਰ ਨਹੀਂ ਆਈ ਸੀ। ਮੈਂ ਕਿਹਾ ” ਪੁੱਤ ਮੰਮੀ ਨੂੰ ਕੀ ਹੋਇਆ, ਕੁੜੀ ਮੇਰੇ ਮੋਢੇ ਨਾਲ ਲੱਗ ਰੋਣ ਲੱਗੀ। ਏਨੇ ਨੂੰ ਘਰਵਾਲੀ ਦਾ ਮਨ ਕੁਝ ਸਥਿਰ ਹੋਇਆ ਤਾਂ ਫੇਰ ਉਹਨੂੰ ਪੁੱਛਿਆ “ਕੀ ਗੱਲ ਹੋਈ ਏ , ਤਾਂ ਉਹ ਭਰੇ ਹੋਏ ਮਨ ਨਾਲ ਕਹਿਣ ਲੱਗੀ , ” ਗੱਲ ਕੀ ਹੋਣੀ ਸੀ ਜੀ ਵੀਰਪਾਲ ਭੈਣ ਛੋਟੇ ਮੁੰਡੇ ਨੂੰ ਬਾਹਲਾ ਕੁੱਟੀ ਜਾਂਦੀ ਸੀ, ਮੁੰਡਾ ਵਿਚਾਰਾ ਅੱਗੋਂ ਬੂ-ਦੁਹਾਈ ਕਰਦਾ ਮੈਥੋਂ ਝੱਲਿਆ ਨਹੀਂ ਗਿਆ ਮੈਂ ਉਨ੍ਹਾਂ ਦੇ ਘਰ ਛੁੜਾਉਣ ਜਾ ਵੜੀ , ਜਦੋਂ ਮੈਂ ਕਿਹਾ ਨਾ ਭੈਣੇ ਕਿਉਂ ਐਨਾ ਕੁੱਟੀ ਜਾਨੀ ਏ, ਮੁੰਡਾ ਸਹਿਮ ਕੇ ਮੇਰੀ ਬੁੱਕਲ ਵਿੱਚ ਆ ਗਿਆ, ਮੁੰਡੇ ਦਾ ਸਾਹ ਨਾਲ ਸਾਹ ਨੀ ਰਲਦਾ ਸੀ ਡੰਡਾ ਚੱਕੀ ਫਿਰਦੀ ਸੀ , ਮੇਰੇ ਕੋਲੋਂ ਮੁੰਡਾ ਖਿੱਚ ਕੇ ਲੈ ਗਈ, ਅਖੇ ਮੇਰਾ ਮੁੰਡਾ ਮੈਂ ਮਾਰਾਂ ਕੁੱਟਾਂ ਤੈਨੂੰ ਕੀ , ਤੂੰ ਆਵਦੀਆਂ ਸਾਂਭ ਜਾ ਕੇ , ਜਿਹੜੀਆਂ ਦੋ ਜੰਮ ਕੇ ਬੈਠੀਂ ਏਂ।”

ਮੈਂ ਤਾਂ ਉਹਦੇ ਬੋਲ ਪਾਣੀ ਵਾਂਗ ਪੀ ਘਰ ਆ ਗਈ ।ਮੈਂ ਆਵਦੀ ਕਿਸਮਤ ਨੂੰ ਰੋਂਦੀ ਸੀ ਬਈ ਇੱਕ ਪੁੱਤ ਮੈਨੂੰ ਵੀ ਦੇ ਦਿੰਦਾਂ ਇਹਨਾਂ ਸ਼ਰੀਕਣੀਆਂ ਦੇ ਮੂੰਹ ਬੰਦ ਹੋ ਜਾਂਦੇ। ਹੁਣ ਮੇਰੀ ਦੂਜੀ ਧੀ ਵੀ ਟਿਊਸ਼ਨ ਤੋਂ ਆ ਗਈ ਸੀ ਮੈਂ ਦੋਹਾਂ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, ਇਹ ਵੀ ਮੇਰੇ ਪੁੱਤ ਹੀ ਆ।”

ਫੇਰ ਇੱਕ ਦਿਨ ਵੱਡੀ ਕੁੜੀ ਜਿਹੜੀ ਚੋਥੀ ਜਮਾਤ ਵਿੱਚ ਪੜ੍ਹਦੀ ਸੀ ਘਰ ਆ ਰੋਣ ਲੱਗੀ ਕਿ ਦੂਜੇ ਮੁੰਡੇ ਉਹਦੀ ਰੋਟੀ ਕੱਢ ਕੇ ਖਾ ਜਾਂਦੇ ਐ , ਮੈਨੂੰ ਵੀ ਕੁੱਝ ਗ਼ੁੱਸਾ ਆਇਆ ਤੇ ਅਗਲੇ ਦਿਨ ਸਕੂਲ ਚਲਾ ਗਿਆ ਜਾ ਕੇ ਉਹਦੀ ਮੈਡਮ ਨੂੰ ਪੁੱਛਿਆ ਕਿ ਮੈਡਮ ਕੁੜੀ ਦੀ ਰੋਟੀ ਦੂਜੇ ਜਵਾਕ ਖੋਹ ਕੇ ਖਾ ਜਾਂਦੇ ਐ ਤਾਂ ਮੈਡਮ ਕਹਿਣ ਲੱਗੀ , “ਵੀਰ ਜੀ ਰਸਿਸ ਟਾਇਮ ਅਸੀਂ ਵੀ ਲੰਚ ਕਰਨਾਂ ਹੁੰਦਾ ਕੀ ਕਰੀਏ , ਤੁਸੀਂ ਇਹਦਾ ਕੋਈ ਭਰਾ ਹੈ ਨੀ ਉਹਨੂੰ ਕਹਿ ਕੇ ਜਾਉ।” ਕੀ ਦੱਸਾਂ ਵੀ ਸਕਾ ਭਰਾ ਤਾਂ ਕੋਈ ਹੈਨੀ ਤਾਏ ਦੇ ਮੁੰਡੇ ਏ , ਉਹਨਾਂ ਨੂੰ ਕਾਹਦਾ ਫ਼ਿਕਰ, ਚਲੋਂ ਮੈਂ ਜਮਾਤ ਵਿੱਚ ਬੱਚਿਆਂ ਨੂੰ ਕਹਿ-ਕਹਾ ਕੇ ਮੁੜ ਆਇਆ। ਉਂਜ ਮੈਡਮ ਦੀ ਇਹਦੇ ਭਰਾ ਹੈਂਨੀ ਵਾਲੀ ਗੱਲ ਨੇ ਮੈਨੂੰ ਪ੍ਰੇਸ਼ਾਨ ਕਰੀ ਰੱਖਿਆ। ਫਿਰ ਚਲੋਂ ਆਪਣੇ ਕੰਮ ਧੰਦਿਆਂ ‘ਚ ਗੁਆਚ ਗਏ।

ਸਮਾਂ ਨਿਰੰਤਰ ਆਪਣੀ ਚਾਲੇ ਚੱਲਦਾ ਗਿਆ ਇੱਕ ਦਿਨ ਸਵੇਰੇ ਮੇਰੀ ਵੱਡੀ ਧੀ ਜਿਹੜੀ ਪਿਛਲੇ ਸਾਲ ਪੜ੍ਹਾਈ ਕਰਕੇ ਕੈਨੇਡਾ ਚਲੀ ਗਈ ਸੀ ਦਾ ਫੋਨ ਆਇਆ ਹੋਇਆ ਸੀ ਮੇਰੀ ਪਤਨੀ ਉਹਦੇ ਨਾਲ਼ ਫ਼ੋਨ ‘ਤੇ ਗੱਲ ਕਰ ਰਹੀ ਸੀ ਅਚਾਨਕ ਮੇਰੇ ਵੱਡੇ ਭਾਈ ਦੇ ਘਰੋਂ ਉਹਦੇ ਘਰਵਾਲੀ ਦੇ ਰੋਣ ਦੀ ਆਵਾਜ਼ ਆਉਣ ਲੱਗੀ ਘਰਵਾਲੀ ਨੇ ਇਹ ਕਹਿ ਕਿ ਫੋਨ ਕੱਟ ਦਿੱਤਾ ਪੁੱਤ ਰੁੱਕ ਕੇ ਫੋਨ ਕਰਦੀ ਹਾਂ ਤੇਰੀ ਤਾਈ ਨੂੰ ਪਤਾ ਨਹੀਂ ਕੀ ਹੋ ਗਿਆ ਰੋਈ ਜਾਂਦੀ ਏ ਅਸੀਂ ਦੋਵੇਂ ਜੀ ਕਾਹਲੀ ਨਾਲ ਬੂਹਾ ਖੋਲ ਉਨਾਂ ਦੇ ਘਰ ਗਏ ਤਾਂ ਅੱਗੋਂ ਦੇਖਿਆ ਉਹਦਾ ਵੱਡਾ ਮੁੰਡਾ ਨਸ਼ੇ ਵਿੱਚ ਧੁੱਤ ਹੋਇਆ ਆਪਣੀ ਮਾਂ ਦੇ ਮਾਰਨ ਨੂੰ ਡਾਂਗ ਚੱਕੀ ਖੜ੍ਹਾ ਸੀ ਕਿ ਮੈਨੂੰ ਪੈਸੇ ਦੇ ਨਹੀਂ ਪਾੜ ਦਿਉਂ ਤੇਰਾ ਸਿਰ , ਅੱਗੋਂ ਮਾਂ ਰੋਂਦੀ ਹੋਈ ਕਹਿ ਰਹਿ ਸੀ ,” ਵੇ ਥੋਡੇ ਨਾਲੋਂ ਤਾਂ ਮੇਰੇ ਦੋ ਕੁੜੀਆਂ ਹੀ ਹੋ ਜਾਂਦੀਆਂ, ਸਿਰ ਸਾੜਨਾ ਸੀ ਮੈਂ ਇਹੋ ਜਿਹੇ ਪੁਤਾਂ ਦਾ ।” ਮੇਰੀ ਪਤਨੀ ਨੇ ਉਹਦੇ ਸਿਰ ‘ਤੇ ਚੁੰਨੀ ਦੇ ਕੇ ਉਹਨੂੰ ਚੁੱਪ ਕਰਾਉਣ ਲੱਗੀ। ਮੈਂ ਡਿੱਕ ਡੋਲੇ ਖਾਂਦੇ ਮੁੰਡੇ ਦੇ ਹੱਥੋਂ ਸੋਟੀ ਫੜ੍ਹ ਉਹਨੂੰ ਬਾਹੋਂ ਫੜ੍ਹ ਮੰਜੇ ‘ਤੇ ਪਾ ਦਿੱਤਾ ਤੇ ਮਨ ਵਿੱਚ ਰੱਬ ਦਾ ਸ਼ੁਕਰ ਕਰਨ ਲੱਗਾ ਕਿ ਚੰਗਾ ਹੋਇਆ ਮੈਨੂੰ ਇਹੋ ਜਿਹੇ ਪੁੱਤਾਂ ਨਾਲੋਂ ਦੋ ਧੀਆਂ ਦੇ ਦਿੱਤੀਆਂ।

ਸਤਨਾਮ ਸ਼ਦੀਦ
99142-98580

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ
Next articleਤਹਿਸੀਲ ਪੱਧਰੀ ਖੇਡਾਂ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ