(ਸਮਾਜ ਵੀਕਲੀ): ਬਠਿੰਡਾ ਟੀਮ ਕਾਫ਼ਲਾ ਅਤੇ ਨੌਜਵਾਨ ਸਾਹਿਤ ਸਭਾ, ਬਠਿੰਡਾ ਵਲੋਂ ਹਰ ਹਫ਼ਤੇ ਦੇ ਸ਼ਨੀਵਾਰ ਨੂੰ ਪੰਜਾਬੀ ਦੇ ਸਮਰੱਥ ਤੇ ਚਰਚਿਤ ਕਹਾਣੀਕਾਰਾਂ ਨਾਲ ਆਨਲਾਈਨ ਰੂ-ਬ-ਰੂ ਦੀ ਲੜੀ ਆਰੰਭੀ ਗਈ ਹੈ। “ਕਹਾਣੀਕਾਰਾਂ ਦੇ ਅੰਗ-ਸੰਗ” ਸਿਰਲੇਖ ਤਹਿਤ ਇਸ ਲੜੀ ਦੀ ਸ਼ੁਰੂਆਤ ਦਿਨ ਸ਼ਨੀਵਾਰ 21 ਨਵੰਬਰ ਨੂੰ ਆਪਣੀ ਕਹਾਣੀ ਵਿਚ ਹਾਸ਼ੀਆਗਤ ਸਮੂਹਾਂ ਦੀ ਬਾਤ ਪਾਉਣ ਵਾਲੇ ਸਮਰੱਥ ਤੇ ਨਾਮਵਰ ਕਹਾਣੀਕਾਰ ਗੁਰਮੀਤ ਕੜਿਆਲਵੀ ਤੋਂ ਕੀਤੀ ਗਈ।
ਜਿਸਨੂੰ ਵੱਡੀ ਗਿਣਤੀ ਸਾਹਿਤ ਪ੍ਰੇਮੀਆਂ ਤੇ ਸਾਹਿਤ ਰਸੀਆਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਗੁਰਮੀਤ ਕੜਿਆਲਵੀ ਨੇ ਕਿਹਾ ਕਿ ਮੇਰੀਆਂ ਕਹਾਣੀਆਂ ਦੇ ਪਾਤਰ ਮੇਰੇ ਆਲੇ ਦੁਆਲੇ ਵਿਚਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੇਖਕ ਕਿਸੇ ਅਹੁਦੇ ‘ਤੇ ਹੁੰਦਾ ਹੈ ਤਾਂ ਉਹ ਲੋਕਾਂ ਨਾਲ ਦਿਆਨਤਦਾਰੀ ਨਾਲ ਵਿਚਰਦਾ ਹੈ। ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਬੜੀ ਖੂਬਸੂਰਤੀ ਨਾਲ ਦਿੱਤੇ। ਸਮਾਗਮ ਦਾ ਸੰਚਾਲਨ ਪ੍ਰੋ. ਪਰਗਟ ਬਰਾੜ (ਜ. ਸਕੱਤਰ) ਨੇ ਬੜੀ ਕੁਸ਼ਲਤਾ ਨਾਲ ਕੀਤਾ।
ਪ੍ਰੋ. ਬਲਵਿੰਦਰ ਚਹਿਲ ਨੇ ਮਹਿਮਾਨ ਲੇਖਕ ਤੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਵੀ ਕੀਤਾ। ਸਭਾ ਦੇ ਪ੍ਰਧਾਨ ਦਿਨੇਸ਼ ਨੰਦੀ ਨੇ ਕਿਹਾ ਕਿ ਇਸ ਲੜੀ ‘ਚ ਪੰਜਾਬੀ ਕਹਾਣੀ ਵਿਚ ਵੱਖਰੇ ਮੁਹਾਂਦਰੇ ਤੇ ਲੋਕ ਚੇਤਨਾ ਵਾਲੀ ਕਥਾ ਸਿਰਜਣ ਵਾਲੇ ਕਹਾਣੀਕਾਰਾਂ ਨੂੰ ਦਰਸ਼ਕਾਂ ਦੇ ਸਾਹਵੇਂ ਪੇਸ਼ ਕੀਤਾ ਜਾਵੇਗਾ। ਇਸ ਆਨਾਇਨ ਸਮਾਗਮ ‘ਚ ਪ੍ਰੋ. ਰਵਿੰਦਰ ਸੰਧੂ, ਪ੍ਰੋ. ਹਰਿੰਦਰ ਬਰਾੜ, ਪ੍ਰੋ. ਸੁਨੀਤਾ ਸਿੰਗਲਾ, ਡਾ. ਸੁਖਵੀਰ ਕੌਰ ਸੁਖਨ, ਕੁਲਵਿੰਦਰ ਚਾਨੀ, ਹਰਦੀਪ ਢਿੱਲੋਂ, ਪਰਦੀਪ ਰੱਖੜਾ ਅਤੇ ਹੋਰ ਵੱਡੀ ਗਿਣਤੀ ‘ਚ ਸਰੋਤੇ ਮੌਜੂਦ ਸਨ।
ਰਮੇਸ਼ਵਰ ਸਿੰਘ ਸੰਪਰਕ ਨੰਬਰ 9914880392