ਸਮਾਰਟ ਵਿਲੇਜ ਤਹਿਤ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲਤਾ ਯਕੀਨੀ ਬਣਾਈ ਜਾਵੇ- ਭੁੱਲਰ

ਸੰਯੁਕਤ ਡਾਇਰੈਕਟਰ ਪੇਂਡੂ ਵਿਕਾਸ ਵਲੋਂ ਨਡਾਲਾ ਬਲਾਕ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) :ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ੍ਰ.ਅਵਤਾਰ ਸਿੰਘ ਭੁੱਲਰ ਵਲੋਂ ਅੱਜ ਬਲਾਕ ਨਡਾਲਾ ਦੇ ਪਿੰਡਾਂ ਅੰਦਰ ਸਮਾਰਟ ਵਿਲੇਜ ਯੋਜਨਾ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ।

ਬਲਾਕ ਨਡਾਲਾ ਦੇ ਪਿੰਡਾਂ ਇਬਰਾਹੀਮ ਵਾਲ, ਨੰਗਲ ਲੁਬਾੜਾ, ਤਲਵੰਡੀ ਕੂਕਾਂ ਅਤੇ ਰਾਵਾਂ ਵਿਖੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਸ੍ਰ.ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਸ਼ਹਿਰਾਂ ਵਰਗਾਂ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਸਮਾਰਟ ਵਿਲੇਜ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਿੰਡਾਂ ਅੰਦਰ ਇੰਟਰ ਲਾਕਿੰਗ ਲਾ ਕੇ ਗਲੀਆਂ ਬਣਾਉਣਾ, ਛੱਪੜਾਂ ਦਾ ਨਵੀਨੀਕਰਨ, 100 ਫੀਸਦੀ ਅਬਾਦੀ ਨੂੰ ਸੀਵਰੇਜ ਅਤੇ ਪੀਣ ਵਾਲਾ ਸਾਫ਼ ਪਾਣੀ ਉਪਲਬੱਧ ਕਰਵਾਉਣਾ, ਹਰੇਕ ਬਲਾਕ ਦੇ ਪੰਜ-ਪੰਜ ਪਿੰਡਾਂ ਅੰਦਰ ਖੇਡ ਸਟੇਡੀਅਮ ਦਾ ਨਿਰਮਾਣ ਮੁੱਖ ਰੂਪ ਵਿੱਚ ਸ਼ਾਮਿਲ ਹਨ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਯੋਜਨਾਂ ਦੇ ਮੁਕੰਮਲ ਹੋਣ ਨਾਲ ਪਿੰਡਾਂ ਅੰਦਰ ਸਾਫ਼ ਸੁਥਰਾ ਤੇ ਪ੍ਰਦੂਸ਼ਣ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇਗਾ ਜਿਸ ਨਾਲ ਪੇਂਡੂ ਖੇਤਰਾਂ ਵਿਚੋਂ ਸ਼ਹਿਰਾਂ ਨੂੰ ਪਲਾਇਨ ਰੋਕਣ ਵਿੱਚ ਮਦਦ ਮਿਲੇਗੀ। ਉਨਾਂ ਵੱਖ-ਵੱਖ ਪਿੰਡਾਂ ਅੰਦਰ ਵਿਕਾਸ ਕੰਮਾਂ ਦੀ ਰਫ਼ਤਾਰ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸਰਪੰਚਾਂ-ਪੰਚਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਕੰਮ ਦੀ ਗੁਣਵੱਤਾ ਨਾਲ ਕਿਸੇ ਤਰਾਂ ਦਾ ਸਮਝੌਤਾ ਨਾ ਹੋਵੇ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਫ਼ਤਾਵਾਰੀ ਤੌਰ ‘ਤੇ ਆਪੋ ਆਪਣੇ ਹਲਕਿਆਂ ਅੰਦਰ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਤਾਂ ਜੋ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

ਇਸ ਮੌਕੇ ਬੀ.ਡੀ.ਪੀ.ਓ.ਪਰਮਜੀਤ ਸਿੰਘ, ਜੇ.ਈ ਰਣਜੀਤ ਸਿੰਘ, ਪੰਚਾਇਤ ਸਕੱਤਰ ਜਸਵਿੰਦਰ ਸਿੰਘ ਅਤੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।

Previous articleਪਰਿਵਾਰਕ ਤੇ ਸਮਾਜਿਕ ਗੀਤਾਂ ਦਾ ਸਿਰਨਾਵਾਂ ਕੁਲਵੰਤ ਖਨੌਰੀ
Next articleਮੈਂ ਤਾਂ ਇੱਕ ਕਿਸਾਨ ਆਂ