ਪਟਿਆਲਾ (ਸਮਾਜ ਵੀਕਲੀ) : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਦੋ ਨੌਜਵਾਨਾ ਦਰਮਿਆਨ ਹੋਏ ਮੁਕਾਬਲੇ ਦੌਰਾਨ ਇੱਕ ਨੌਜਵਾਨ ਦੇ ਮਾਰੇ ਜਾਣ ਮਗਰੋਂ ਆਤਮ ਸਮਰਪਣ ਕਰਨ ਵਾਲਾ ਨੌਜਵਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੀ ਟੈੱਕ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਇਸ ਸਬੰਧੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਹੋ ਸਕੀ, ਪਰ ਵੱਖ ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਨਸ਼ਰ ਹੋਣ ਮਗਰੋਂ ਪਟਿਆਲਾ ਪੁਲੀਸ ਸਮੇਤ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ। ਇਸ ਦੌਰਾਨ ਪੁਲੀਸ ਨੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਰਾਬਤਾ ਬਣਾ ਕੇ ਕੈਂਪਸ ਦਾ ਦੌਰਾ ਕੀਤਾ ਅਤੇ ਯੂੂਨਵਰਸਿਟੀ ਪ੍ਰਸ਼ਾਸਨ ਵੀ ਜਾਂਚ ਕਰ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਫੜੇ ਗਏ ਨੌਜਵਾਨ ਦੇ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਣ ਬਾਰੇ ਦੇਰ ਰਾਤ ਤੱਕ ਪੁਸ਼ਟੀ ਨਹੀਂ ਹੋ ਸਕੀ।
ਰਿਪੋਰਟਾਂ ਮੁਤਾਬਕ, ਜੰਮੂ ਕਸ਼ਮੀਰ ਦੇ ਅਵਾਂਤੀਪੁਰਾ ਖੇਤਰ ਵਿਚ ਸੋਮਵਾਰ ਨੂੰ ਦੋ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਨੌਜਵਾਨ ਦੇ ਮਾਰੇ ਜਾਣ ਮਗਰੋਂ ਦੂਜੇ ਨੇ ਆਤਮ ਸਮਰਪਣ ਕਰ ਦਿੱਤਾ, ਜਿਸ ਦਾ ਸਬੰਧ ਪੰਜਾਬੀ ਯੂਨੀਵਰਸਿਟੀ ਨਾਲ ਦੱਸਿਆ ਜਾ ਰਿਹਾ ਹੈ। ਪਟਿਆਲਾ ਦੇ ਡੀਐੱਸਪੀ ਸਿਟੀ-2 ਸੌਰਵ ਜਿੰਦਲ ਅਤੇ ਇਲਾਕੇ ਦੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਨੇ ਵੀ ਅਜਿਹੀ ਚਰਚਾ ਮੀਡੀਆ ’ਚ ਹੀ ਸੁਣੀ ਹੈ, ਜਿਸ ਮਗਰੋਂ ਉਨ੍ਹਾਂ ਨੇ ਯੂਨੀਵਰਸਿਟੀ ਨਾਲ ਰਾਬਤਾ ਬਣਾਇਆ ਹੈ, ਪਰ ਦੇਰ ਰਾਤ ਤੱਕ ਇਨ੍ਹਾਂ ਰਿਪੋਰਟਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।
ਯੂਨੀਵਰਸਿਟੀ ਪ੍ਰਸ਼ਾਸਨ ਦੇ ਹਵਾਲੇ ਨਾਲ਼ ਪਟਿਆਲਾ ਪੁਲੀਸ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਨਾਲ਼ ਸਬੰਧਤ ਇਥੇ ਬੀ ਟੈੱਕ ਦੇ ਨਾ ਮਾਤਰ ਹੀ ਵਿਦਿਆਰਥੀ ਹਨ, ਜੋ ਲੌਕਡਾਊਨ ਦੌਰਾਨ ਮਾਰਚ ਮਹੀਨੇ ਇਥੋਂ ਚਲੇ ਗਏ ਸਨ। ਫਿਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।