ਕਰੋਨਾਵਾਇਰਸ: ਚੰਡੀਗੜ੍ਹ ਵਿੱਚ ਸੱਤ ਦਿਨਾਂ ਲਈ ਸਖ਼ਤੀ

ਚੰਡੀਗੜ੍ਹ (ਸਮਾਜ ਵੀਕਲੀ) : ਸ਼ਹਿਰ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੀ ਰੋਕਥਾਮ ਲਈ ਯੂਟੀ ਪ੍ਰਸ਼ਾਸਨ ਨੇ ਪੰਜਾਬ ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ਵੀ ਅਗਲੇ 7 ਦਿਨਾਂ ਲਈ ਸਖਤੀ ਕਰ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ 4 ਮਈ ਸ਼ਾਮ 5 ਵਜੇ ਤੋਂ 11 ਮਈ ਸਵੇਰੇ 5 ਵਜੇ ਤੱਕ ਗੈਰਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦੁੱਧ, ਬਰੈੱਡ, ਸਬਜ਼ੀ, ਫਲ, ਡੇਅਰੀ ਉਤਪਾਦ, ਅੰਡੇ, ਮੀਟ, ਗਰੋਸਰੀ, ਬੇਕਰੀ, ਐਨਕਾਂ ਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਸਾਰੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਸਰਕਾਰੀ ਦਫ਼ਤਰ ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਸਕਣਗੇ ਜਦਕਿ ਦੁਪਹਿਰ 1 ਵਜੇ ਤੋਂ 1.30 ਵਜੇ ਤੱਕ ਲੰਚ ਬ੍ਰੇਕ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਵਿਚਲੀ ਭੀੜ-ਭਾੜ ਵਾਲੀਆਂ ਥਾਂਵਾਂ ਸੁਖਨਾ ਝੀਲ, ਰੌਕ ਗਾਰਡਨ, ਲਾਈਬ੍ਰੇਰੀ ਤੇ ਮਿਊਜ਼ੀਅਮ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਸ਼ਹਿਰ ਵਿੱਚਲੇ ਪਾਰਕਾਂ ਵਿੱਚ ਵੀ ਸਿਰਫ਼ 4 ਘੰਟੇ ਸੈਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਹੁਣ ਪਾਰਕ ਖੁੱਲ੍ਹਣ ਦਾ ਸਮਾਂ ਸਵੇਰੇ 5 ਵਜੇ ਤੋਂ 9 ਵਜੇ ਤੱਕ ਹੋਵੇਗਾ।

ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚਲੇ ਆਰਐੱਲਏ ਅਤੇ ਅਸਟੇਟ ਦਫ਼ਤਰ ਨੂੰ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ। ਹੁਣ 11 ਮਈ ਤੱਕ ਸਾਰੇ ਸੰਪਰਕ ਸੈਂਟਰ ਵੀ ਬੰਦ ਕਰ ਦਿੱਤੇ ਗੲੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਚੰਡੀਗੜ੍ਹ ਪੁਲੀਸ ਨੂੰ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਸਿਨੇਮਾ ਹਾਲ, ਜਿਮ, ਬਾਰ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸੁਖਨਾ ਝੀਲ, ਰੌਕ ਗਾਰਡਨ ਤੇ ਲਾਈਬ੍ਰੇਰੀ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਪਾਰਕ ਵੀ ਸਵੇਰੇ 5 ਵਜੇ ਤੋਂ 9 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਜਨਤਕ ਟਰਾਂਸਪੋਰਟ ਨੂੰ 50 ਫ਼ੀਸਦ ਸਵਾਰੀਆਂ ਨੂੰ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਵਿੱਚ 50 ਅਤੇ ਸਸਕਾਰ ਵਿੱਚ 20 ਜਣੇ ਸ਼ਾਮਲ ਹੋ ਸਕਣਗੇ। ਸ੍ਰੀ ਪਰੀਦਾ ਨੇ ਦੱਸਿਆ ਕਿ ਹੋਟਲ, ਰੈਸਟੋਰੇਂਟ ਅਤੇ ਹੋਣ ਖਾਣ ਵਾਲੀਆਂ ਦੁਕਾਨਾਂ ਤੋਂ ਸਿਰਫ਼ ਹੋਮ ਡਿਲਿਵਰੀ ਹੀ ਕੀਤੀ ਜਾਵੇਗੀ। ਸਰਕਾਰੀ ਦਫ਼ਤਰਾਂ ਵਿੱਚ ਵੀ 50 ਫ਼ੀਸਦ ਸਟਾਫ਼ ਹਾਜ਼ਰ ਹੋਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਵੱਲੋਂ ਤੇਲ ਕੀਮਤਾਂ ’ਚ ਵਾਧੇ ਦੀ ਖੇਡ ਸ਼ੁਰੂ: ਅੱਜ ਪੈਟਰੋਲ 19 ਪੈਸੇ ਤੇ ਡੀਜ਼ਲ 21 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ
Next articleਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼