ਕਰਤਾਰਪੁਰ: ਅਮਰੀਕੀ-ਸਿੱਖਾਂ ਵੱਲੋਂ ਭਾਰਤੀ ਰਾਜਦੂਤ ਨੂੰ ਯਾਦ-ਪੱਤਰ

ਭਾਰਤ-ਪਾਕਿ ਕਸ਼ੀਦਗੀ ਦਾ ਕਰਤਾਰਪੁਰ ਲਾਂਘੇ ’ਤੇ ਅਸਰ ਨਾ ਪੈਣ ਦੇਣ ਦੀ ਅਪੀਲ

ਅਮਰੀਕਾ ਰਹਿੰਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆਈ ਤਲਖੀ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਅਸਰਅੰਦਾਜ਼ ਨਾ ਹੋਵੇ। ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਇਕੱਤਰ ਹੋਏ ਉੱਘੇ ਸਿੱਖ-ਅਮਰੀਕੀਆਂ ਦੇ ਇਕ ਵਫ਼ਦ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਯਾਦ-ਪੱਤਰ ਦਿੱਤਾ। ਕੈਲੀਫੋਰਨੀਆ ਆਧਾਰਿਤ ਯੂਨਾਈਟਿਡ ਸਿੱਖ ਮਿਸ਼ਨ ਦੇ ਬੈਨਰ ਹੇਠ ਇਕੱਤਰ ਸਿੱਖਾਂ ਦੇ ਇਸ ਵਫ਼ਦ ਨੇ ਦੋ ਸੈਨੇਟਰਾਂ ਤੇ ਕਾਂਗਰਸਮੈਨ ਗਰੈੱਗ ਪੈਂਸ(ਜੋ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਵੱਡੇ ਭਰਾ ਹਨ) ਸਮੇਤ ਦਰਜਨ ਦੇ ਕਰੀਬ ਕਾਨੂੰਨਘਾੜਿਆਂ ਨਾਲ ਵੀ ਮੁਲਾਕਾਤ ਕੀਤੀ। ਵਫ਼ਦ ਨੇ ਕਾਨੂੰਨਘਾੜਿਆਂ ਨੂੰ ਅਪੀਲ ਕੀਤੀ ਕਿ ਉਹ ਖਿੱਤੇ ਵਿੱਚ ਅਮਨ ਯਕੀਨੀ ਬਣਾਉਣ ਲਈ ਅਮਰੀਕਾ ਅਹਿਮ ਭੂਮਿਕਾ ਨਿਭਾਏ। ਭਾਰਤੀ ਅੰਬੈਸੀ ਨੂੰ ਯਾਦ-ਪੱਤਰ ਦੇਣ ਵਾਲੇ ਸਿੱਖ ਵਫ਼ਦ ਵਿੱਚ ਜਿਨ੍ਹਾਂ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ, ਉਨ੍ਹਾਂ ਵਿੱਚ ਇੰਡਿਆਨਾ ਤੋਂ ਸਿੱਖਜ਼ਪੀਏਸੀ, ਓਰੇਗਨ ਦੀ ਗਦਰ ਮੈਮੋਰੀਅਲ ਫਾਊਂਡੇਸ਼ਨ, ਵਰਜੀਨੀਆ ਦੀ ਸਿੱਖ ਸੇਵਾ, ਇਲੀਨੌਇਸ ਦੀ ਸਿੱਖ ਰਿਲੀਜੀਅਸ ਸੁਸਾਇਟੀ, ਨਿਊ ਜਰਸੀ ਦੀ ਲੈਟ’ਸ ਸ਼ੇਅਰ ਏ ਮੀਲ ਤੇ ਵੱਖ ਵੱਖ ਗੁਰਦੁਆਰਿਆਂ ਦੇ ਮੈਂਬਰ ਸ਼ਾਮਲ ਸਨ। ਯੂਨਾਈਟਿਡ ਸਿੱਖ ਮਿਸ਼ਨ ਦੇ ਬਾਨੀ ਰਸ਼ਪਾਲ ਸਿੰਘ ਢੀਂਡਸਾ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਸ਼੍ਰਿੰਗਲਾ ਨੂੰ ਯਾਦ-ਪੱਤਰ ਦਿੰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਕਸ਼ੀਦਗੀ ਕਰਕੇ ਕਰਤਾਰਪੁਰ ਲਾਂਘੇ ਦੇ ਕੰਮ ਦੀ ਰਫ਼ਤਾਰ ਮੱਧਮ ਨਾ ਪਏ। ਯਾਦ-ਪੱਤਰ ਵਿੱਚ ਲਾਂਘਾ ਖੋਲ੍ਹਣ ਦੀ ਦਿੱਤੀ ਪ੍ਰਵਾਨਗੀ ਨੂੰ ਸਹੀ ਦਿਸ਼ਾ ਵਿੱਚ ਚੁੱਕਿਆ ਸਿਰੇ ਦਾ ਕਦਮ ਦਸਦਿਆਂ ਕਿਹਾ ਗਿਆ ਹੈ ਕਿ ਹੁਣ ਸਮਾਂ ਹੈ ਜਦੋਂ ਲਗਾਤਾਰ ਯਤਨ ਕਰਕੇ ਮੌਜੂਦਾ ਹਾਲਾਤ ਦਾ ਕੋਈ ਸ਼ਾਂਤੀਪੂਰਵਕ ਹੱਲ ਕੱਢਿਆ ਜਾਵੇ।

Previous articleਚੀਨ ਵਲੋਂ ਮਸੂਦ ਅਜ਼ਹਰ ਦਾ ਚੌਥੀ ਵਾਰ ਬਚਾਅ
Next articleਸੂਬਾਈ ਪੁਲੀਸ ਮੁਖੀਆਂ ਦੀ ਨਿਯੁਕਤੀ ਬਾਰੇ ਸੁਪਰੀਮ ਕੋਰਟ ਵਲੋਂ ਨਵੇਂ ਆਦੇਸ਼