ਵਿਧਾਨ ਸਭਾ ਸਪੀਕਰ ਪ੍ਰਜਾਪਤੀ ਨੇ ਕਰੋਨਾਵਾਇਰਸ ਦਾ ਹਵਾਲਾ ਦੇ ਕੇ ਸਦਨ 26 ਤੱਕ ਉਠਾਇਆ
ਭੋਪਾਲ– ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੇ ਮੁੱਖ ਮੰਤਰੀ ਕਮਲ ਨਾਥ ਨੂੰ ਭਲਕੇ ਵਿਧਾਨ ਸਭਾ ਵਿਚ ਬਹੁਮਤ ਸਾਬਿਤ ਕਰਨ ਲਈ ਕਿਹਾ ਹੈ। ਦੋ ਦਿਨ ਪਹਿਲਾਂ ਵੀ ਟੰਡਨ ਨੇ ਨਾਥ ਨੂੰ ਸੋਮਵਾਰ ਨੂੰ ਵਿਧਾਨ ਸਭਾ ’ਚ ਭਰੋਸੇ ਦੀ ਵੋਟ ਹਾਸਲ ਕਰਨ ਤੇ ਵਿਧਾਇਕਾਂ ਦਾ ਸਮਰਥਨ ਸਾਬਿਤ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਸੂਬਾ ਸਰਕਾਰ ਦਾ ਫ਼ਿਲਹਾਲ ਬਜਟ ਸੈਸ਼ਨ ਚੱਲ ਰਿਹਾ ਹੈ। ਇਨ੍ਹਾਂ ਹਦਾਇਤਾਂ ’ਤੇ ਹਾਲਾਂਕਿ ਅੱਜ ਕੋਈ ਅਮਲ ਨਹੀਂ ਕੀਤਾ ਗਿਆ ਤੇ ਸਦਨ ਨੂੰ ਕਰੋਨਾਵਾਇਰਸ ਦਾ ਹਵਾਲਾ ਦੇ ਕੇ 26 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਭਾਜਪਾ ਵੱਲੋਂ ਲਗਾਤਾਰ ਰਾਜਪਾਲ ਦੇ ਹੁਕਮਾਂ ਮੁਤਾਬਕ ਕਾਂਗਰਸ ਸਰਕਾਰ ਤੋਂ ਬਹੁਮੱਤ ਸਾਬਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਨ ਸਭਾ ਨਾਲ ਜੁੜੇ ਮਾਮਲਿਆਂ ਬਾਰੇ ਮੰਤਰੀ ਗੋਵਿੰਦ ਸਿੰਘ ਨੇ ਸਦਨ ਵਿਚ ਕਰੋਨਾਵਾਇਰਸ ਦੇ ਖ਼ਤਰੇ ਦਾ ਮੁੱਦਾ ਚੁੱਕਿਆ ਤੇ ਸਪੀਕਰ ਐੱਨ.ਪੀ. ਪ੍ਰਜਾਪਤੀ ਨੇ ਕਾਰਵਾਈ ਮੁਲਤਵੀ ਕਰ ਦਿੱਤੀ। ਅੱਜ ਵਿਧਾਨ ਸਭਾ ਵਿਚ ਜਿਵੇਂ ਹੀ ਰਾਜਪਾਲ ਨੇ ਆਪਣਾ ਭਾਸ਼ਣ ਮੁਕਾਇਆ ਤਾਂ ਮੰਤਰੀ ਗੋਵਿੰਦ ਨੇ ਕਿਹਾ ‘ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ-19 (ਕਰੋਨਾਵਾਇਰਸ) ਕਾਰਨ ਰਾਜਸਥਾਨ, ਪੰਜਾਬ, ਉੜੀਸਾ, ਛੱਤੀਸਗੜ੍ਹ ਤੇ ਮਹਾਰਾਸ਼ਟਰ ਦੇ ਵਿਧਾਨ ਸਭਾ ਸੈਸ਼ਨ ਮੁਲਤਵੀ ਕਰ ਦਿੱਤੇ ਗਏ ਹਨ।’ ਵਿਧਾਨ ਸਭਾ ਵਿਚ ਭਾਜਪਾ ਦੇ ਮੁੱਖ ਵ੍ਹਿਪ ਨਰੋਤਮ ਮਿਸ਼ਰਾ ਨੇ ਕਿਹਾ ਕਿ ਕਮਲ ਨਾਥ ਨੂੰ ਰਾਜਪਾਲ ਦੇ ਹੁਕਮਾਂ ਮੁਤਾਬਕ ਅੱਜ ਹੀ ਬਹੁਮਤ ਸਾਬਿਤ ਕਰ ਕੇ ਦਿਖਾਉਣਾ ਚਾਹੀਦਾ ਹੈ। ਮਿਸ਼ਰਾ ਦੀ ਟਿੱਪਣੀ ’ਤੇ ਕਾਂਗਰਸ ਵਿਧਾਇਕਾਂ ਨੇ ਕਾਫ਼ੀ ਹੰਗਾਮਾ ਕੀਤਾ। ਇਸ ਮੌਕੇ ਸਪੀਕਰ ਪ੍ਰਜਾਪਤੀ ਨੇ ਰਾਜਪਾਲ ਨਾਲ ਗੱਲ ਕੀਤੀ, ਜਿਨ੍ਹਾਂ ਮੈਂਬਰਾਂ ਨੂੰ ਸ਼ਾਂਤ ਹੋਣ ਲਈ ਕਿਹਾ।
ਵਿਰੋਧੀ ਧਿਰ ਦੇ ਆਗੂ ਗੋਪਾਲ ਭਾਰਗਵ ਨੇ ਕਿਹਾ ਕਿ ਬਹੁਮੱਤ ਸਾਬਿਤ ਕਰਨ ਦੀ ਕਾਰਵਾਈ ਅੱਜ ਹੀ ਹੋਣੀ ਚਾਹੀਦੀ ਹੈ, ਇਸ ’ਤੇ ਪ੍ਰਜਾਪਤੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਇਸ ਬਾਰੇ ਸਪੀਕਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਇਸ ਮਗਰੋਂ ਸੱਤਾਧਾਰੀਆਂ ਤੇ ਵਿਰੋਧੀਆਂ ਨੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਪੀਕਰ ਸਦਨ ’ਚੋਂ ਬਾਹਰ ਚਲੇ ਗਏ। ਇਸੇ ਦੌਰਾਨ ਸਪੀਕਰ ਜਦ ਵਾਪਸ ਪਰਤੇ ਤਾਂ ਮੰਤਰੀ ਨੇ ਕਰੋਨਾਵਾਇਰਸ ਦਾ ਜ਼ਿਕਰ ਕੀਤਾ। ਸਪੀਕਰ ਪ੍ਰਜਾਪਤੀ ਨੇ ਮਗਰੋਂ ਸਦਨ ਨੂੰ 26 ਮਾਰਚ ਤੱਕ ਉਠਾ ਦਿੱਤਾ। ਕਾਰਵਾਈ ਮੁਲਤਵੀ ਹੋਣ ਮਗਰੋਂ ਚੌਹਾਨ ਦੀ ਅਗਵਾਈ ਵਿਚ 106 ਭਾਜਪਾ ਵਿਧਾਇਕ ਰਾਜਪਾਲ ਦੀ ਰਿਹਾਇਸ਼ ’ਤੇ ਪਹੁੰਚ ਗਏ ਤੇ ਤੁਰੰਤ ਵੋਟਿੰਗ ਕਰਵਾਉਣ ਦੀ ਮੰਗ ਕੀਤੀ। ਕਈ ਵਿਧਾਇਕਾਂ ਨੇ ਅੱਜ ਮੂੰਹ ’ਤੇ ਮਾਸਕ ਪਾਏ ਹੋਏ ਸਨ ਜੋ ਸਕੱਤਰੇਤ ਨੇ ਉਪਲੱਬਧ ਕਰਵਾਏ ਸਨ।