ਬੱਚਿਆਂ ਦੇ ਸਫਲ ਭਵਿੱਖ ਲਈ ਸਿਰਜਣਾਤਮਕ ਮਾਹੌਲ ਮੁਹੱਈਆ ਕਰਨ ਦੀ ਸਖਤ ਲੋੜ-

ਗਗਨਦੀਪ ਕੌਰ
  (ਸਮਾਜ ਵੀਕਲੀ) – 21ਵੀਂ ਸਦੀ ਵਿਚ ਵਿਿਗਆਨ ਦੀਆਂ ਮਹਾਨ ਕਾਢਾਂ ਨੇ ਮਨੁੱਖ ਲਈ ਧਰਤੀ ਤੇ ਸਵਰਗ ਬਣਾ ਕੇ ਰੱਖ ਦਿੱਤਾ ਹੈ।ਮਨੁੱਖ ਦੀ ਜ਼ਿੰਦਗੀ ਸਰੀਰਕ ਕੰਮ ਕਾਰ ਤੇ ਦਿਮਾਗੀ ਕਸਰਤ ਤੋਂ ਬਹੁਤ ਸੌਖੀ ਅਤੇ ਅਰਾਮਦਾਇਕ ਬਣਾਉਣ ਵਿਚ ਅੱਜ ਦੇ ਮਸ਼ੀਨੀ ਯੁੱਗ ਨੇ ਅਹਿਮ ਰੋਲ ਅਦਾ ਕੀਤਾ ਹੈ। ਜਿੱਥੇ ਮਨੁੱਖ ਦੀ ਜ਼ਿੰਦਗੀ ਸੱੁਖਮਈ ਹੋਈ ਹੈ, ਉਥੇ ਨਾਲ ਹੀ ਮਨੁੱਖ ਨੂੰ ਜਿਉਣਾ ਭੁੱਲ ਗਿਆ ਹੈ।ਬਦਲਾਅ ਵਿਕਾਸ ਦੀ ਨਿਸ਼ਾਨੀ ਹੈ ਅਤੇ ਹਰ ਜਗ੍ਹਾ ਤੇ ਤੁਹਾਡੀ ਸੋਚ ਵਿਚ ਲਚਕੀਲਾਪਣ ਹੋਣਾ ਬਹੁਤ ਜ਼ਰੂਰੀ ਹੈ, ਪਰ ਜੇਕਰ ਬਾਹਰੀ ਰੂਪ ਵਿਚ ਤਬਦੀਲੀ ਤੇਜ਼ੀ ਨਾਲ ਹੋ ਰਹੀ ਹੈ ਤਾਂ ਆਪਣੇ ਮਨ ਦੀਆਂ ਪਰਤਾਂ ਵਿਚ ਵੀ ਤਬਦੀਲੀ ਜਾਂ ਪਰਿਵਰਤਨ ਜ਼ਰੂਰੀ ਹੈ।ਸਾਡੀ ਸੌਖੀ ਅਤੇ ਆਰਾਮਦਾਇਕ ਜ਼ਿੰਦਗੀ ਨੇ ਸਾਡੀਆਂ ਹੋਰ ਸਮੱਸਿਆਵਾਂ ਵਧਾ ਦਿੱਤੀਆਂ ਹਨ।ਅਸੀਂ ਚੀਜਾਂ, ਵਸਤਾਂ, ਦਿਖਾਵੇ ਅਤੇ ਪੈਸੇ ਦੀ ਦੌੜ ਵਿਚ ਖੁਸ਼ੀ ਦੇ ਅਰਥ ਲੱਭਣ ਤੁਰ ਪਏ ਹਾਂ।ਮਨ ਦੀ ਖੁਸ਼ੀ ਸਾਡੇ ਮਨ ਦੁਆਰਾ ਨਵਾਂ ਸਿਰਜਣ ਵਿਚ ਛੁਪੀ ਹੋਈ ਹੈ।
ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਮਸ਼ੀਨੀ ਅਤੇ ਇਨਫਾਰਮੇਸ਼ਨ ਟੈਕਨੋਲੋਜੀ ਰਾਹੀਂ ਪਸਰੇ ਇੰਟਰਨੈਟ ਦੀ ਜੀਵਨ ਵਿਚ ਭੂਮਿਕਾ ਬਹੁਤ ਘੱਟ ਸੀ ਅਤੇ ਮਨੁੱਖ ਕੋਲ ਰਚਨਾਤਮਕਤਾਂ ਦੇ ਹੋਰ ਬਹੁਤ ਤਰੀਕੇ ਸਨ।ਬਚਪਨ ਵਿਚ ਬੱਚਿਆਂ ਨੂੰ ਮਹਿੰਗੇ ਕੱਪੜੇ, ਖੇਡਾਂ, ਮੋਬਾਇਲ ਫੋਨਾਂ, ਮਹਿੰਗੀਆਂ ਥਾਵਾਂ ਤੇ ਘੁੰਮਣ ਜਾਣ ਦੀ ਲੋੜ ਨਹੀਂ ਪੈਂਦੀ ਸੀ ਕਿਉਂਕਿ ਉਹਨਾਂ ਵਲੋਂ ਸਿਰਜਣਾ ਦਾ ਅਜਿਹਾ ਸੰਸਾਰ ਸਿਰਜਿਆ ਜਾਂਦਾ ਸੀ ਜਿਸ ਵਿਚ ਇੱਟਾਂ, ਰੋੜੇ, ਤੀਲਾਂ, ਪਾਲਤੂ ਜਾਨਵਰਾਂ ਦਾ ਪਿਆਰ, ਯਾਰਾਂ ਬੇਲੀਆਂ ਨਾਲ ਖੇਡਣਾਂ ਚੌੜ ਕਰਨੀ ਸ਼ਾਮਿਲ ਸੀ,  ਜੋ ਹਰ ਪਲ ਲੋੜ ਪੈਣ ਤੇ ਨਵੀਂ ਸਿਰਜਣਾ ਕਰਕੇ ਉਹਨਾਂ ਦੀ ਰੂਹ ਨੂੰ ਸੰਤੁਸ਼ਟ ਕਰਦਾ ਸੀ। ਉਦਾਹਰਨ ਵਜੋਂ ਬੱਚੇ ਕੂਕਾਂ ਜਾਂ ਚੀਕਾਂ ਮਾਰ ਕੇ ਜਾਂ ਖੜੇ ਪਾਣੀ ਵਿਚ ਡੀਕਰੀਆਂ ਚਲਾ ਕੇ ਤਾੜੀਆਂ ਮਾਰ ਮਾਰ ਹੱਸਦੇ ਹੀ ਪਾਣੀ ਤੇ ਤੁਰਨ ਦੀ ਸਿਰਜਣਾ ਮਨ ਵਿਚ ਬਣਾ ਲੈਂਦੇ ਸੀ।ਨਾਲ ਹੀ ਰਾਤ ਨੂੰ ਸਾਰੇ ਪਰਿਵਾਰ ਦਾ ਰਲ ਬੈਠਣਾ ਤੇ ਬਾਤਾਂ, ਬੁਝਾਰਤਾਂ ਪਾਉਣੀਆਂ ਬੱਚਿਆਂ ਨੂੰ ਪਰਿਵਾਰ ਨਾਲ ਜੋੜਣ ਦੇ ਨਾਲ ਨਾਲ ਉਹਨਾਂ ਦੀ ਨਵੇਂ ਸ਼ਬਦ ਜਾਣਨ ਦੀ ਜਗਿਆਸਾ ਨੂੰ ਵੀ ਤ੍ਰਿਪਤ ਕਰਦਾ ਸੀ। ਅਕਸਰ ਹੀ ਗਰਮੀਆਂ ਵਿਚ ਹਵਾ ਚਲਾਉਣ ਲਈ ਪੁਰ ਜਾਂ ਗੜ੍ਹ ਪਛੇਤਰ ਲੱਗੇ ਸ਼ਬਦਾਂ ਦੀ ਗਿਣਤੀ ਕਰਨ ਨਾਲ ਬੱਚਿਆਂ ਦੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਸ਼ਹਿਰਾਂ ਦੀ ਜਾਣਕਾਰੀ ਚ ਵਾਧਾ ਕਰ ਦਿੰਦੀ ਸੀ। ਰਾਤ ਨੂੰ  ਮੰਜੇ ਤੇ ਪੈ ਕੇ ਤਾਰਿਆਂ ਦੀ ਗਿਣਤੀ ਕਰਦਿਆਂ, ਵੱਖ ਵੱਖ ਖਿੱਤੀਆਂ ਦੀਆਂ ਸ਼ਕਲਾਂ ਬਣਾਉਦਿਆਂ ਹੀ ਬੱਚਿਆਂ ਨੂੰ ਨੀਂਦ ਆ ਜਾਂਦੀ ਸੀ।ਪਰੰਤੂ ਅਜੋਕੇ ਸਮੇਂ ਦੀ ਮੁਕਾਬਲਾ ਭਰਪੂਰ ਵਿਿਦਆ, ਦਿਖਾਵੇਬਾਜ਼ੀ ਦੀ ਦੁਨੀਆ ਵਿਚ  ਅੱਗੇ ਵਧਣ ਦੀ ਹੋੜ ਕਰਕੇ ਪਿੱਛੇ ਨਾ ਰਹਿ ਜਾਣ ਦੇ ਮਾਪਿਆਂ ਦੇ ਡਰ ਨੇ ਬੱਚਿਆਂ ਨੂੰ ਮਿਲਣ ਵਾਲੀਆਂ ਬਹੁਤ ਸਾਰੀਆਂ ਖੁੱਲਾਂ-ਡੁੱਲਾਂ ਤੋਂ ਰਹਿਤ ਕਰਕੇ  ਮਾਪਿਆਂ ਨੂੰ ਆਜ਼ਾਦ ਵਾਤਾਵਰਨ ਮੁਹੱਈਆ ਕਰਨ ਤੋਂ ਗੁਰੇਜ਼ ਕਰਨ ਲਗਾ ਦਿੱਤਾ ਹੈ।ਮੋਜੂਦਾ ਸਮੇਂ ਵਿਚ ਕਿਹੜਾ ਮਾਂ ਬਾਪ ਆਪਣੇ ਬੱਚਿਆਂ ਨੂੰ ਟੋਬਿਆਂ, ਨਹਿਰਾਂ ਜਾਂ ਨਦੀਆਂ ਦੇ ਕੰਢੇ ਤੇ ਲੈ ਜਾ ਕੇ ਉਹਨਾਂ ਨੂੰ ਪਾਣੀ ਤੇ ਡੀਕਰੀਆਂ ਮਾਰਨ ਕੇ ਹੱਸਣ ਖੇਡਣ ਦੀ ਖੁੱਲ ਦਿੰਦਾ ਹੈ।
ਹੁਣ ਬੱਚੇ ਤਣੇ ਤਣੇ ਮਾਹੌਲ ਵਿਚ ਆਪਣੇ ਸਕੇ ਭੈਣ- ਭਰਾਵਾਂ ਨਾਲ ਲੜਦੇ ਇਕੱਲੇ ਰਹਿਣ ਦੀ ਗੱਲ ਕਰਦੇ ਹਨ ਜਾਂ ਘਰਾਂ ਵਿਚ ਵੱਖਰੇ ਕਮਰਿਆਂ ਦੀ ਮੰਗ ਕਰਦੇ ਹਨ ਤਾਂ ਸਾਨੂੰ ਹੈਰਾਨੀ ਹੁੰਦੀ ਹੈ।ਜਿਸ ਬੱਚੇ ਦੇ ਕਲਾਤਮਕ ਹੱਥਾਂ ਵਿਚ ਬੁਰਸ਼, ਰੰਗ, ਕੈਨਵਸ ਜਾਂ ਮਿੱਟੀ ‘ਚ ਸਿਰਜਣਾ ਕਰਨ ਦੀ ਅਪਾਰ ਸ਼ਕਤੀ ਹੋਣੀ ਚਾਹੀਦੀ ਉਸ ਨੁੰ ਅਸੀਂ ਹੱਥਾਂ ਵਿਚ ਮੋਬਾਇਲ ਫੜਾ ਕੇ ਕਾਰਟੂਨ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਪਾਸੇ ਬਹਿਣਾ ਜ਼ਿਆਦਾ ਪਸੰਦ ਕਰਨ ਲੱਗੇ ਹਾਂ।ਬਹੁਤ ਸਾਰੇ ਘਰਾਂ ਵਿਚ ਨੰਨੇ ਬਾਲਾਂ ਤੋਂ ਲੈਕੇ 10-12 ਸਾਲ ਦੇ ਬੱਚਿਆਂ ਤੱਕ ਨੂੰ ਮਾਵਾਂ ਵਲੋਂ ਹੱਥਾਂ ਵਿਚ ਮੋਬਾਇਲ ਫੜਾ ਕੇ ਰੋਟੀ ਖਵਾਉਦਿਆਂ ਵੇਖਿਆ ਹੈ ਤੇ ਨਾਲ ਹੀ ੁਇਹ ਤਰਕ ਵੀ ਅਕਸਰ ਸੁਣਿਆ ਹੈ ਕਿ ਕੀ ਕਰੀਏ ਮੋਬਾਇਲ ਵਿਖਾਏ ਬਿਨ੍ਹਾਂ ਕੁੱਝ ਖਾਂਦੇ ਹੀ ਨਹੀਂ।ਸਾਡੇ ਵਲੋਂ ਆਪ ਪਵਾਈਆ ਇਹ ਆਦਤਾਂ ਜਦ ਉਹਨਾਂ ਲਈ ਚਿਰ ਸਥਾਈ ਬਣ ਜਾਂਦੀਆ ਹਨ ਤਾਂ ਸਾਡੇ ਲਈ ਇਹ ਸਿਰ ਦਰਦੀ ਦਾ ਸਬੱਬ ਬਣ ਜਾਂਦੀਆ ਹਨ।ਜਦ ਪੜੇ ਲ਼ਿਖੇ ਮਾਤਾ ਪਿਤਾ ਅਜਿਹੀਆਂ ਬੇਧਿਆਨੀ ਵਾਲੀਆਂ ਗੱਲਾਂ ਕਰ ਰਹੇ ਹਨ ਤਾਂ ਅਣਪੜ ਮਾਪੇ ਜਿੰਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਤਾਂ ਉਹ ਕੀ ਕਰ ਸਕਦੇ ਹਨ ਜਾਂ ਜਿੰਨ੍ਹਾਂ ਮਾਪਿਆਂ ਲਈ ਆਰਥਿਕਤਾ ਬਹੁੱਤ ਵੱਡਾ ਮੁੱਦਾ ਹੈ , ਉਹ ਆਪਣੇ ਬੱਚਿਆਂ ਦੇ ਬਾਲਮਨ ਦੀਆਂ ਅਤ੍ਰਿਪਤੀਆਂ ਨੂੰ ਕਿਵੇਂ ਕਲਾ ਰਾਹੀ ਤ੍ਰਿਪਤ ਕਰਵਾਉਣ ਦੇ ਯੋਗ ਹੋਣਗੇ। ਇਹ ਸਾਡੇ ਬੱਚਿਆਂ ਦੇ ਵਿਕਾਸ ਵਿਚ ਬਹੁਤ ਵੱਡੀ ਅੜਚਣ ਹੈ।ਸਾਨੂੰ ਸਾਰਿਆਂ ਨੂੰ ਸੰਜੀਦਾ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਆੁਣ ਵਾਲੀਆਂ ਪੀੜੀਆਂ ਨੂੰ ਨਵਾਂ ਸਿਰਜਣ ਵਾਲੲ ਬਣਾ ਕੇ ਸਿਰਜਣਾਤਮਕਤਾ ਦੇ ਖੰਭ ਲਗਾਉਣੇ ਹਨ ਜਾਂ ਸਾਡੇ ਬੱਚਿਆਂ ਦੇ ਹੱਥਾਂ ਵਿਚ ਡਾਂਗਾਂ , ਪਸਤੌਲ, ਬੰਦੂਕਾਂ ਫੜਾ ਕੇ ਵਿਨਾਸ਼ਕਾਰੀ ਰੁਚੀਆਂ ਦੇ ਭਾਗੀ ਬਣਾਉਣਾ ਹੈ।ਊਰਜਾ ਨੇ ਤਾਂ ਆਪਣੇ ਨਿਕਾਸ ਦਾ ਰਾਹ ਖੋਜਣਾ ਹੀ ਹੈ, ਜੇ ਅੱਜ ਅਸੀਂ ਅੱਗੇ ਲੱਗ ਕੇ ਆਪਣੇ ਬੱਚਿਆਂ ਨੂੰ ਖੋਜ ਦੇ ਨਵੇਂ ਪੰਧਾਂ ਤੇ ਨਹੀਂ ਤੋਰਾਂਗੇ।
ਗਗਨਦੀਪ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤਾਂ ‘ਚ ਕੰਮ ਕਰਦੇ ਸਮੇਂ ਸੱਪ ਦੇ ਡੰਗਣ ਕਾਰਣ ਬਜ਼ੁਰਗ ਵਿਅਕਤੀ ਦੀ ਮੌਤ
Next articleਦਲੇਰ ਪੰਜਾਬ ਸਿਆਂ