ਤਿਰੂਵਰ (ਤਾਮਿਲਨਾਡੂ) (ਸਮਾਜ ਵੀਕਲੀ) : ਅਮਰੀਕਾ ਵਿੱਚ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੇ ਤਾਮਿਲਨਾਡੂ ਵਿੱਚ ਸਥਿਤ ਜੱਦੀ ਪਿੰਡ ’ਚ ਅੱਜ ਇਸ ਡੈਮੋਕਰੈਟ ਸੈਨੇਟਰ ਦੀ ਸਫ਼ਲਤਾ ’ਤੇ ਖੁਸ਼ੀ ਦਾ ਮਾਹੌਲ ਸੀ ਅਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਧੀ ਦੀ ਜਿੱਤ ਦੀ ਖੁਸ਼ੀ ’ਚ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਮਨਾਈ।
ਕਾਵੇਰੀ ਨਦੀ ਕੰਢੇ ਪੈਂਦੇ ਜ਼ਿਲ੍ਹੇ ਦੇ ਪਿੰਡਾਂ ਤੁਲਾਸੈਂਦਰਾਪੁਰਮ ਅਤੇ ਪਾਇੰਗਾਨਾਡੂ ਵਿੱਚ ਸਥਾਨਕ ਲੋਕਾਂ ਵੱਲੋਂ ਮਿਲ ਕੇ ਕਮਲਾ ਹੈਰਿਸ ਦੀ ਜਿੱਤ ਦੀ ਖੁਸ਼ੀ ਮਨਾਈ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ‘ਆਪਣੀ ਘਰ ਦੀ ਮਹਿਲਾ’ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਹਨ।
ਕਮਲਾ ਹੈਰਿਸ ਦੇ ਨਾਨਕਿਆਂ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬੇਸਬਰੀ ਨਾਲ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਸੀ ਅਤੇ ਜਦੋਂ ਜੋਅ ਬਾਇਡਨ ਨੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ’ਤੇ ਜਿੱਤ ਹਾਸਲ ਕਰ ਲਈ ਤਾਂ ਉਨ੍ਹਾਂ ਨੂੰ ਭਰੋਸਾ ਹੋ ਗਿਆ ਕਿ ਕਮਲਾ ਹੈਰਿਸ ਹੀ ਉਨ੍ਹਾਂ ਦੀ ਉਪ ਰਾਸ਼ਟਰਪਤੀ ਹੋਵੇਗੀ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਹੈਰਿਸ ਦੀ ਜਿੱਤ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਅਤੇ ਇਕ ਵਾਰ ਜਦੋਂ ਨਤੀਜੇ ਸਪੱਸ਼ਟ ਹੋ ਗਏ ਤਾਂ ਉਨ੍ਹਾਂ ਅੱਜ ਪੂਰੇ ਉਤਸ਼ਾਹ ਨਾਲ ਕਮਲਾ ਦੀ ਜਿੱਤ ਦਾ ਜਸ਼ਨ ਮਨਾਇਆ।
ਪਿੰਡ ਵਾਸੀਆਂ ਨੇ ਪਟਾਕੇ ਚਲਾਏ ਅਤੇ ਮਠਿਆਈਆਂ ਵੰਡੀਆਂ। ਮਿਲੀਆਂ ਖ਼ਬਰਾਂ ਅਨੁਸਾਰ ਇਸ ਸਬੰਧੀ ਹੁਣੇ ਹੋਰ ਵਿਸ਼ੇਸ਼ ਪ੍ਰਾਰਥਨਾਵਾਂ ਜਾਂ ਪੂਜਾ ਵੀ ਕੀਤੀ ਜਾਵੇਗੀ। ਪਾਇੰਗਾਨਾਡੂ ਪਿੰਡ ਦੀ ਇਕ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੂੰ ਹੈਰਿਸ ਦੀ ਜਿੱਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਹੈਰਿਸ ਨੂੰ ਪਿੰਡ ਦਾ ਮਾਣ ਦੱਸਦਿਆਂ ਉਸ ਲਈ ਇਕ ਰੰਗ-ਬਿਰੰਗੀ ਰੰਗੋਲੀ ਬਣਾਈ। ਲੋਕਾਂ ਨੇ ਹੈਰਿਸ ਦੀ ਜਿੱਤ ’ਤੇ ਚਲਾਉਣ ਲਈ ਪਟਾਕੇ ਪਹਿਲਾਂ ਹੀ ਤਿਆਰ ਰੱਖੇ ਹੋਏ ਸਨ।
ਜ਼ਿਕਰਯੋਗ ਹੈ ਕਿ ਕਮਲਾ ਦੇ ਨਾਨਾ ਪੀ.ਵੀ. ਗੋਪਾਲਨ ਦਾ ਪਿੰਡ ਤੁਲਾਸੈਂਦਰਾਪੁਰਮ ਸੀ ਜਦੋਂਕਿ ਉਸ ਦੀ ਨਾਨੀ ਪਾਇੰਗਾਨਾਡੂ ਦੀ ਸੀ। ਇਹ ਦੋਵੇਂ ਪਿੰਡ ਨਾਲ ਲੱਗਦੇ ਹਨ।