ਜਿਨਪਿੰਗ ਵੱਲੋਂ ਚੀਨ-ਤਿੱਬਤ ਨੂੰ ਜੋੜਦੀ ਰੇਲ ਪਟੜੀ ਦੀ ਉਸਾਰੀ ਤੇਜ਼ ਕਰਨ ਦੇ ਹੁਕਮ

ਪੇਈਚਿੰਗ (ਸਮਾਜ ਵੀਕਲੀ) : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਅਧਿਕਾਰੀਆਂ ਨੂੰ ਤਿੱਬਤ ਵਿਚ ਰੇਲ ਪਟੜੀ ਦਾ ਨਿਰਮਾਣ ਤੇਜ਼ੀ ਨਾਲ ਕਰਨ ਲਈ ਕਿਹਾ ਹੈ। 47.8 ਬਿਲੀਅਨ ਡਾਲਰ (319.8 ਬਿਲੀਅਨ ਯੁਆਨ) ਦਾ ਇਹ ਪ੍ਰਾਜੈਕਟ ਮੁਲਕ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਨੂੰ ਤਿੱਬਤ ਦੇ ਲਿੰਨਝੀ ਨਾਲ ਜੋੜੇਗਾ ਜੋ ਕਿ ਭਾਰਤੀ ਸਰਹੱਦ ਦੇ ਕਾਫ਼ੀ ਨੇੜੇ ਹੈ। ਇਹ ਭਾਰਤੀ ਸੂਬੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਹੈ।

ਜਿਨਪਿੰਗ ਨੇ ਕਿਹਾ ਕਿ ਰੇਲ ਲਾਈਨ ਦੇ ਨਿਰਮਾਣ ਨਾਲ ਸਰਹੱਦੀ ਇਲਾਕਿਆਂ ਵਿਚ ਸਥਿਰਤਾ ਕਾਇਮ ਰੱਖਣ ਵਿਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਇਕ ਹੋਰ ਰੇਲ ਪ੍ਰਾਜੈਕਟ ਵੀ ਉਸਾਰਿਆ ਜਾ ਰਿਹਾ ਹੈ। ਇਹ ਕਿੰਘਈ ਸੂਬੇ ਤੋਂ ਤਿੱਬਤ ਦੇ ਪਠਾਰ ਤੱਕ ਜਾਵੇਗਾ ਜੋ ਕਿ ਭੂਗੋਲਿਕ ਤੌਰ ’ਤੇ ਵਿਸ਼ਵ ਦੇ ਸਭ ਤੋਂ ਸਰਗਰਮ ਇਲਾਕਿਆਂ ਵਿਚੋਂ ਇਕ ਹੈ। ਸਿਚੁਆਨ ਦੀ ਰਾਜਧਾਨੀ ਚੇਂਗਦੂ ਤੋਂ ਸ਼ੁਰੂ ਹੋ ਕੇ ਰੇਲ ਪਟੜੀ ਕੈਮਦੋ ਰਾਹੀਂ ਤਿੱਬਤ ਵਿਚ ਦਾਖ਼ਲ ਹੋਵੇਗੀ। ਇਸ ਨਾਲ ਚੇਂਗਦੂ ਤੋਂ ਲਹਾਸਾ ਤੱਕ ਸਫ਼ਰ 48 ਘੰਟੇ ਤੋਂ ਘੱਟ ਕੇ ਸਿਰਫ਼ 13 ਘੰਟੇ ਰਹਿ ਜਾਵੇਗਾ। ਭਾਰਤ ਤੇ ਚੀਨ ਵਿਚਾਲੇ 3488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਬਾਰੇ ਵਿਵਾਦ ਬਰਕਰਾਰ ਹੈ।

ਚੀਨ ਅਰੁਣਾਚਲ ਪ੍ਰਦੇਸ਼ ਨੂੰ ਵੀ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ ਜਦਕਿ ਭਾਰਤ ਨੇ ਇਸ ਨੂੰ ਸਖ਼ਤੀ ਨਾਲ ਖਾਰਜ ਕੀਤਾ ਹੈ। ਲਿੰਨਝੀ ਵਿਚ ਹਵਾਈ ਅੱਡਾ ਵੀ ਹੈ। ਚੀਨ ਨੇ ਹਿਮਾਲਿਆ ਖਿੱਤੇ ਵਿਚ ਪੰਜ ਹਵਾਈ ਅੱਡੇ ਉਸਾਰੇ ਹਨ। ਉਸਾਰੀ ਜਾਣ ਵਾਲੀ ਰੇਲ ਪੱਟੜੀ 1011 ਕਿਲੋਮੀਟਰ ਲੰਮੀ ਹੈ ਤੇ ਇਸ ਵਿਚ 26 ਸਟੇਸ਼ਨ ਹੋਣਗੇ। ਰੇਲਗੱਡੀ 120-200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜੇਗੀ। ਇਕ ਵੀਡੀਓ ਕਾਨਫ਼ਰੰਸ ਵਿਚ ਸ਼ੀ ਜਿਨਪਿੰਗ ਨੇ ਪ੍ਰਾਜੈਕਟ ਦੀ ਉਸਾਰੀ ਨੂੰ ਮਹੱਤਵਪੂਰਨ ਦੱਸਿਆ ਤੇ ਕਿਹਾ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਇਸ ਉਸਾਰੀ ਨਾਲ ਤਿੱਬਤ ’ਤੇ ਸ਼ਾਸਨ ਕਰਨ ਵਿਚ ਮਦਦ ਮਿਲੇਗੀ।

Previous articleਕਰੋਨਾਵਾਇਰਸ: ਭਾਰਤ ’ਚ ਕੇਸਾਂ ਦੀ ਗਿਣਤੀ 85 ਲੱਖ ਤੋਂ ਪਾਰ
Next articleਕਮਲਾ ਹੈਰਿਸ ਦੀ ਜਿੱਤ ’ਤੇ ਨਾਨਕੇ ਪਿੰਡਾਂ ਵਿੱਚ ਜ਼ਸ਼ਨ