“ਇਸ ਹਿਸਾਬ ਨਾਲ ਤਾਂ ਰਾਜਨੀਤੀ ਬਦਮਾਸ਼ੀ ਤੋਂ ਵੀ ਵੱਧ ਖਤਰਨਾਕ ਹੋਈ….?”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਪੰਜਾਬ ਦੀ ਪਵਿੱਤਰ ਧਰਤੀ,ਜਿੱਥੇ ਦੀ ਹਵਾ ਪਵਿੱਤਰ ਬਾਣੀ ਨਾਲ ਭਰੀ ਪਈ ਹੈ,ਇਸ ਦੇ ਪਾਣੀ ਅੰਮ੍ਰਿਤ ਵਰਗੇ ਹਨ ਤੇ ਇਸ ਦੀ ਮਿੱਟੀ ਸ਼ਹੀਦ ਯੋਧੇ ਸੂਰਵੀਰਾਂ ਦੇ ਲਹੂ ਨਾਲ ਸਿੰਜੀ ਹੋਈ ਹੈ। ਹਰ ਧਰਮ ਹਰ ਵਰਗ ਦੇ ਲੋਕ ਅਦਬ ਸਤਿਕਾਰ ਨਾਲ ਰਹਿਕੇ ਸਾਂਝੀਵਾਲਤਾ ਦੀ ਅਨੋਖੀ ਮਿਸਾਲ ਦਿੰਦੇ ਹਨ, ਬੇਸ਼ੱਕ ਇਤਿਹਾਸਕ ਪਿਛੋਕੜ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਉੱਪਰ ਲੱਖਾਂ ਹਮਲੇ,ਤਸ਼ੱਦਦ ਹੋਏ,ਪਰ! ਪੰਜਾਬ ਇੱਕ ਹੋਕੇ ਲੜਿਆ।1947 ਦੌਰਾਨ ਵੀ ਪੰਜਾਬ ਵੰਡਿਆ ਗਿਆ,ਪਰ! ਇਸ ਵੰਡ ਬਾਵਜੂਦ ਵੀ ਪੰਜਾਬ ਮੁੜ ਸੁਰਜੀਤ ਹੋਇਆ।ਫਿਰ 1984 ਦੌਰਾਨ ਨਸਲੀ ਹਿੰਸਾ ਹੋਈ ਪਰ! ਅੱਜ ਵੀ ਮੁੜ ਪੰਜਾਬ ਸਭ ਨਾਲ ਸਾਂਝੀਵਾਲਤਾ ਦਾ ਸੁਨੇਹਾ ਦੇ ਰਿਹਾ ਹੈ। ਹਰ ਧਰਮ ਦੇ ਲੋਕ ਬਾਕੀ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਦੇ ਹਨ। ਪਰ! 2015 ਵਿੱਚ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਸਾਡੇ ਇਤਿਹਾਸ ਦਾ ਇੱਕ ਕਾਲਾ ਪੰਨਾ ਬਣ ਗਈਆਂ। ਪਵਿੱਤਰ ਗ੍ਰੰਥਾਂ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਾਕ ਕੁਰਾਨ ਸ਼ਰੀਫ, ਅਤੇ ਭਗਵਤ ਗੀਤਾ ਦੇ ਅੰਗਾਂ ਨੂੰ ਪਾੜਕੇ ਗਲ਼ੀਆਂ ਵਿੱਚ ਸੁੱਟਿਆ ਗਿਆ।ਉਸ ਸਮੇਂ ਪੰਜਾਬ ਵਿੱਚ ਪੰਥਕ ਹਿਤੈਸ਼ੀ ਰਾਜਨੀਤਕ ਪਾਰਟੀ ਸੱਤਾ ਵਿੱਚ ਸੀ । ਘਟਨਾ ਇੱਕ ਜਗ੍ਹਾ ਨਹੀਂ, ਬਾਰ ਬਾਰ ਕਈ ਥਾਵਾਂ ਉੱਪਰ ਹੋਈ।

ਦਰਅਸਲ ਉਸ ਸਮੇਂ ‘ਜੱਟ ਕਿਸਾਨ’ ਆਪਣੀਆਂ ਮੰਗਾਂ ਨੂੰ ਲੈਕੇ ਸੱਤਾਧਾਰੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ,ਮੰਗ ਸੀ ਮਿਰਚਾਂ ਦਾ ਢੁਕਵਾਂ ਮੁੱਲ,ਨਕਲੀ ਦਵਾਈਆਂ ਕਾਰਨ ਬਰਬਾਦ ਹੋਈਆਂ ਮਿਰਚਾਂ,ਨਰਮਾ ਆਦਿ ਦਾ ਮੁਆਵਜ਼ਾ ਅਤੇ ਨਕਲੀ ਦਵਾਈ ਪਾਸ ਕਰਨ ਵਾਲੇ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ…ਕਿਸਾਨ ਲਗਾਤਾਰ ਧਰਨੇ ਉੱਪਰ ਸਨ, ਪਰ! ਉਸੇ ਸਮੇਂ ਅਜਿਹੀਆਂ ਘਟਨਾਵਾਂ ਹੋਈਆਂ,ਕਿ ਸਾਰੀਆਂ ਮੰਗਾਂ ਭੁੱਲਕੇ ਜੱਟ ਸਿੱਖ ਕਿਸਾਨ ਪਵਿੱਤਰ ਗ੍ਰੰਥਾਂ ਦੀ ਬੇਅਦਬੀਆਂ ਕਰਨ ਵਾਲੇ ਲੋਕਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲੱਗੇ। ਰਾਜਨੀਤੀ ਆਪਣਾ ਹੁਕਮ ਦਾ ਇੱਕਾ ਖੇਡ ਗਈ,ਕਿਉਂਕਿ ਰਾਜਨੀਤਿਕ ਲੋਕ ਜਾਣਦੇ ਸਨ,ਇਹ ਮੰਨਦੇ ਵੀ ਸਨ ਕਿ ਪੰਜਾਬ ਵਿੱਚ ਸਿੱਖ ਸਿਰਫ ਜੱਟ ਸਿੱਖ ਹਨ,ਉਹ ਹੀ ਲੋਕ ਧਰਨੇ ਵਿੱਚ ਸਰਕਾਰ ਦਾ ਵਿਰੋਧ ਕਰ ਰਹੇ ਸਨ,ਅਜਿਹਾ ਹੋਣ ਨਾਲ ਸਾਰੇ ਕਿਸਾਨ ਧਰਨੇ ਤੋਂ ਉੱਠ ਖੜੇ ਹੋਏ ਤੇ ਆਪਣੀਆਂ ਮੰਗਾਂ ਭੁੱਲ ਬੈਠੇ।14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਪੁਲਿਸ ਦੀ ਝੜਪ ਹੋਈ ਤੇ ਪੁਲਿਸ ਵੱਲੋਂ ਲਾਠੀਚਾਰਜ ਅਤੇ ਗੋਲੀਬਾਰੀ ਕੀਤੀ ਗਈ,ਜਿਸ ਵਿੱਚ ਦੋ ਨਿਸਰੋਸ਼ ਸਿੱਖ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ।

ਗਲੋਕਾਂਡ ਅਤੇ ਬੇਅਦਬੀ ਕਾਂਡ ਬਾਅਦ ਪੰਜਾਬ ਪੁਲਿਸ ਦੇ ਕਈ ਆਲਾ ਅਧਿਕਾਰੀਆਂ ਦਾ ਇਸ ਪੂਰੇ ਘਟਨਾਕ੍ਰਮ ਵਿੱਚ ਨਾਮ ਸਾਹਮਣੇ ਆਇਆ।ਜਿਸ ਕਾਰਨ ਉਸ ਸਮੇ ਦੇ ਮੌਜੂਦਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ DGP ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਮਾਮਲੇ ਦੀ ਜਾਂਚ ਲਈ ਅਕਾਲੀ ਦਲ ਦੀ ਸਰਕਾਰ ਨੇ SIT ਬਣਾਈ ,ਜਿਸ ਵਿੱਚ ADGP ਇਕਬਾਲਪ੍ਰੀਤ ਸਹੋਤਾ,ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ CBI ਦੀ ਜਾਂਚ ਸ਼ਾਮਿਲ ਸੀ। 30 ਜੂਨ ਨੂੰ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਸੌਂਪੀ ਪਰ! ਸਰਕਾਰ ਵੱਲੋਂ ਕਮਿਸ਼ਨ ਦੀਆਂ ਤਜਵੀਜ਼ਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ।2017 ਦੀ ਨਵੀਂ ਬਣੀ ਪੰਜਾਬ ਰਾਜ ਦੀ ਸਰਕਾਰ ਕਾਂਗਰਸ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14ਅਪ੍ਰੈਲ,2017 ਨੂੰ ਇੱਕ ਹੋਰ ਕਮਿਸ਼ਨ ਦਾ ਗਠਨ ਕੀਤਾ ਜਿਸਦੀ ਅਗਵਾਈ ਜਸਟਿਸ ਰਣਜੀਤ ਸਿੰਘ ਕਰ ਰਹੇ ਸਨ।

ਜਿਸਨੇ ਕਿ 2018 ਵਿੱਚ ਆਪਣੀ 182 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਜਿਸਦੇ ਤਰਕ ਉੱਪਰ ਹੀ ਸੁਮੇਧ ਸੈਣੀ ਪੂਰਬ DGP, ਆਈ ਜੀ ਪਰਮਰਾਜ ਸਿੰਘ ਉਮਰਾਨੰਗਲ,SSP ਚਰਨਜੀਤ ਸਿੰਘ, ਇੰਸਪੈਕਟਰ ਗੁਰਦੀਪ ਪੰਧੇਰ ਆਦਿ ਖ਼ਿਲਾਫ਼ ਵਿਭਾਗੀ ਕਾਰਵਾਈ ਅਤੇ ਦੋਸ਼ੀਆਂ ਵਜੋਂ ਅਦਾਲਤ ਵਿੱਚ ਨਾਮਜ਼ਦ ਕੀਤਾ ਗਿਆ।ਫਿਰ ਸਰਕਾਰ ਦੁਆਰਾ ਨਵੀਂ ਜਾਂਚ ਸੀ ਬੀ ਆਈ ਨੂੰ ਸੌਂਪੀ ਗਈ,ਫਿਰ ADGP ਪ੍ਰਮੋਧ ਬਾਨ ਦੀ SIT ਬਣੀ। ਪਰ ਵਿਧਾਨ ਸਭਾ ਵਿੱਚ ਇਸ ਮਸਲੇ ਉਪਰ ਬਹਿਸ ਹੋਈ ਅਤੇ ਆਲਾ ਅਧਿਕਾਰੀਆਂ ਦੇ ਦੋਸ਼ੀ ਧਿਰਾਂ ਨਾਲ ਸਬੰਧਾਂ ਦੇ ਚੱਲਦੇ SIT ਦਾ ਮੁਖੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਗਾਇਆ ਗਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਦੇ ਸਮੇਂ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਦਾ ਬਾਈਕਾਟ ਕੀਤਾ ਗਿਆ। ਪਰ!ਇਸ ਦੌਰਾਨ ਸੱਤਾਧਾਰੀ ਕਾਂਗਰਸ ਦੇ ਮੰਤਰੀਆਂ ਵੱਲੋਂ ਵਿਧਾਨ ਸਭਾ ਵਿੱਚ ਇਸ ਮਾਮਲੇ ਦੀ ਪੂਰਨ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਆਪਣੇ ਪੱਲੇ ਅੱਡ ਅੱਡ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ।

ਫਿਰ! ਸਰਕਾਰ ਦੁਆਰਾ ਜਾਂਚ ਸੀਬੀਆਈ ਨੂੰ ਸੌਂਪੀ ਜਾਂਦੀ ਹੈ ਅਤੇ ਫਿਰ ਯੂ ਟਰਨ ਲੈਕੇ ਪੰਜਾਬ ਪੁਲਿਸ ਦੀ SIT ਨੂੰ ਦੁਬਾਰਾ ਲਾਮਬੰਦ ਕੀਤਾ ਜਾਂਦਾ ਹੈ। ਇਸ ਕਾਲੇ ਘਟਨਾਕ੍ਰਮ ਸਬੰਧੀ ਸਿੱਟ ਨੇ 2018 ਵਿੱਚ ਡੇਰਾ ਪ੍ਰੇਮੀਆਂ,ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ ਅਤੇ ਅਭਿਨੇਤਾ ਅਕਸ਼ੇ ਕੁਮਾਰ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰਕੇ ਸੱਦਿਆ ਗਿਆ। 82 ਪੰਨਿਆਂ ਦੀ ਮੁਕੱਮਲ ਜਾਂਚ ਜਦੋਂ ਸਿੱਟ ਮੁਖੀ ਨੇ ਪੇਸ਼ ਕੀਤੀ ਤਾਂ ਮਾਣਯੋਗ ਹਾਈ ਕੋਰਟ ਪੰਜਾਬ ਵੱਲੋਂ ਸਿੱਟ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ ਗਿਆ। 6 ਵਰ੍ਹਿਆਂ ਬਾਅਦ ਵੀ ਸਰਕਾਰੀ ਤੰਤਰ ਅਜਿਹੇ ਘਿਨੌਣੇ ਅਪਰਾਧਾਂ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀ ਮੁਕੱਮਲ ਜਾਂਚ ਤੱਕ ਨਹੀਂ ਕਰ ਸਕੇ।

ਸਿੱਟ ਮੁੱਖੀ ਜੋ ਗੈਰ ਸਿੱਖ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਧਰਮ ਪਿਤਾ ਮੰਨਦਾ ਹੈ ,ਨੇ ਆਪਣਾ ਧਰਮ ਬਾਖੂਬੀ ਨਿਭਾਇਆ ਹੈ ।ਉਸਨੇ ਤੇ ਉਸਦੀ ਟੀਮ ਨੇ 82 ਪੰਨਿਆਂ ਦੀ ਚਲਾਨ ਜਾਂਚ ਅਦਾਲਤ ਨੂੰ ਸੌਂਪੀ ਸੀ।ਜਿਸ ਵਿੱਚ ਇਸ ਪੂਰੇ ਘਟਨਾਕ੍ਰਮ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਗਿਆ ਹੈ,ਜਿਸ ਵਿੱਚ 23 ਅਹਿਮ ਗਵਾਹਾਂ ਦੀਆਂ ਗਵਾਹੀਆਂ ਬਾਰੀਕੀ ਦਰਜ਼ ਹਨ,ਦੋਸ਼ੀਆਂ ਦੇ ਦੋਸ਼ ਦਰਜ਼ ਹਨ,ਅਤੇ ਦੋਸ਼ੀ ਧਿਰ ਨੂੰ ਸਜ਼ਾ ਦਵਾਉਣ ਦੀਆਂ ਤਜ਼ਵੀਜਾਂ ਦਰਜ ਹਨ।ਨੂੰ ਖਾਰਜ ਕਰਦਿਆਂ ਹਾਈ ਕੋਰਟ ਨੇ ਸਿੱਟ ਮੁੱਖੀ ਨੂੰ ਹਟਾਕੇ ਨਵੀਂ ਸਿੱਟ ਬਣਾਉਣ ਲਈ ਕਿਹਾ ਹੈ। ਇਸ ਘਟਨਾਕ੍ਰਮ ਦੇ ਚੱਲਦਿਆਂ ਹੀ ਸਿੱਟ ਮੁਖੀ ਦੁਆਰਾ ਪੁਲਿਸ ਦੇ ਉੱਚ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਅਤੇ ਸਰਕਾਰ ਨੂੰ ਇਹ ਸਵਾਲ ਕੀਤਾ ਗਿਆ ਕਿ ਦੋਸ਼ੀ ਕੌਣ ਹਨ,ਅਤੇ ਉਨ੍ਹਾਂ ਨੂੰ ਬਚਾ ਕੌਣ ਰਿਹਾ ਹੈ….?

ਹੁਣ ਨਵੀਂ ਸਿੱਟ ਬਣੇਗੀ,ਫਿਰ ਜਾਂਚ ਹੋਵੇਗੀ, ਜਦ ਤੱਕ ਸਰਕਾਰ ਬਦਲ ਜਾਵੇਗੀ..ਅੱਗੇ ਨਵੀਂ ਸਰਕਾਰ ਸਿੱਟ ਭੰਗ ਕਰਕੇ ਨਵੀਂ ਸਿੱਟ ਬਣਾਏਗੀ,ਉਸਤੋਂ ਬਾਅਦ ਫਿਰ ਨਵੀਂ…ਪਰ ਇਨਸਾਫ ਨਹੀਂ ਮਿਲੇਗਾ।ਇਹ ਰਾਜਨੀਤੀ ਦਾ ਹੀ ਤਾਂ ਹਿੱਸਾ ਹੈ।ਲੱਭਣ ਨੂੰ ਤਾਂ ਸਰਕਾਰੀ ਤੰਤਰ ਕਿਸੇ ਮੰਤਰੀ ਦਾ ਗਵਾਚਿਆ ਕੁੱਤਾ ਲੱਭ ਦਿੰਦੇ ਹਨ,ਪਰ! ਅਜਿਹੇ ਮਾਮਲੇ ਜਿਸ ਵਿੱਚ ਸੱਤਾ ਦੀਆਂ ਰੋਟੀਆਂ ਸੇਕੀਆਂ ਜਾਣ ਨੂੰ ਹੱਲ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੇ। ਸਾਢੇ ਚਾਰ ਸਾਲ ਰਾਜ ਕਰਨ ਬਾਅਦ,ਸੱਤਾ ਵਿੱਚ ਹਕੂਮਤ ਚਲਾਉਣ ਬਾਅਦ,ਬੇਅਦਬੀ ਮਾਮਲੇ ਉੱਪਰ ਸੱਤਾ ਹਾਸਿਲ ਕਰਨ ਵਾਲੇ ਲੋਕ ਹੁਣ ਮੰਤਰੀ ਅਹੁਦਿਆਂ ਤੋਂ ਅਸਤੀਫੇ ਦੇਕੇ ਆਉਣ ਵਾਲੀਆਂ 2022 ਦੀਆਂ ਵੋਟਾਂ ਲਈ ਰਾਹ ਪੱਧਰਾ ਕਰ ਰਹੇ ਹਨ। ਝੋਲੀ ਅੱਡਣ ਵਾਲੇ ਹੁਣ 4ਸਾਲ ਮੌਨ ਧਾਰਨ ਕਰਨ ਉਪਰੰਤ ਲਗਾਤਾਰ ਆਪਣੇ ਹੀ ਮੁੱਖੀ ਅਤੇ ਸਰਕਾਰ ਵਿਰੁੱਧ ਬਿਆਨ ਦਾਗ਼ ਰਹੇ ਹਨ।

ਅਤੇ ਮੁੱਖੀ ਦੁਆਰਾ ਆਪਣੀ ਕੁਰਸੀ ਦੇ ਉੱਪ ਅਧਿਕਾਰੀ ਨੂੰ ਇਹ ਕਹਿਕੇ ਉਕਸਾਇਆ ਜਾ ਰਿਹਾ ਹੈ ਕਿ ਉਹ ਪੰਜਾਬ ਦੀ ਰਾਜਸੀ ਸੀਟ ਤੋਂ ਮੇਰੇ ਖਿਲਾਫ ਚੋਣ ਲੜਨ। ਇਹ ਸਭ ਰਾਜਨੀਤੀ ਦੇ ਬ੍ਰਹਮਾਸਤਰ ਹਨ ਜੋ ਸੱਤਾ ਦਾ ਰਾਹ ਪੱਧਰਾ ਕਰਨ ਲਈ ਮਹਾਂਭਾਰਤ ਵਾਂਗ ਆਪਣੇ ਮੰਤਰੀ ਸੰਤਰੀਆਂ ਉੱਪਰ ਦਾਗੇ ਜਾ ਰਹੇ ਹਨ।ਬੇਸ਼ੱਕ ਇਸ ਕੇਸ ਦਾ ਹੁਣ ਕੁੱਝ ਨਹੀਂ ਬਣੇਗਾ,ਜਦੋਂ ਤੱਕ ਜਾਂਚ ਮੁੰਕਮਲ ਹੋਵੇਗੀ, ਉਦੋਂ ਤੱਕ ਦੋਸ਼ੀ ਕੁਦਰਤੀ ਮੌਤ ਮਰ ਜਾਣਗੇ।ਜਾਂ ਇਹ ਦੇਸ਼ ਛੱਡ ਜਾਣਗੇ।ਪਰ! ਉਹ ਦੋ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਵੀ ਬਲ ਰਹੀਆਂ ਹਨ,ਜਿਸ ਦੀ ਚਿਖਾ ਉੱਪਰ ਸੱਤਾ ਧਿਰ,ਸਿਆਸੀ ਲੋਕ ,ਧਾਰਮਿਕ ਲੋਕ ਰੋਟੀ ਸੇਕ ਕੇ ਆਪਣਾ ਢਿੱਡ ਭਰ ਰਹੇ ਹਨ। ਇਨਸਾਫ ਸਾਲਾਂ ਬਾਅਦ ਮਿਲੇ ਤਾਂ ਉਸਦੇ ਕੋਈ ਅਰਥ ਨਹੀਂ ।

ਅੰਗਰੇਜ਼ੀ ਦੀ ਇੱਕ ਕਹਾਵਤ ਹੈ “If Justice Is Delayed,Then Justice Is Denied” ਜਿਸਦਾ ਅਰਥ ਹੈ ਕਿ ” ਜੇਕਰ ਨਿਆਂ ਮਿਲਣ ਵਿੱਚ ਦੇਰ ਹੁੰਦੀ ਹੈ ਤਾਂ ਨਿਆਂ ਮੰਨਣਯੋਗ ਨਹੀਂ ਹੁੰਦਾ”।ਲੋਕਾਂ ਨੂੰ ਫਿਰ ਕਿਸੇ ਚੱਕਰਵਿਊ ਦਾ ਹਿੱਸਾ ਬਣਾਕੇ ਸਿਆਸੀ ਧਿਰ ਫਿਰ ਆਪਣਾ ਹੁੱਕਮ ਦਾ ਇੱਕਾ ਖੇਡ ਚੁੱਕੀ ਹੈ।ਲੋਕ ਹੁਣ ਬੇਅਦਬੀ ਭੁੱਲ ਕੇ,ਬਹਿਬਲ ਵਿੱਚ ਹੋਏ ਸਿਆਸੀ ਕਤਲਾਂ ਨੂੰ ਭੁੱਲ ਕੇ,ਦੋਸ਼ੀਆਂ ਨੂੰ ਭੁੱਲਕੇ,ਦੋਸ਼ੀਆਂ ਨੂੰ ਲਗਾਤਾਰ ਬਚਾਉਣ ਵਾਲੇ ਲੋਕ ਜੋ ਇਸ ਘਟਨਾ ਲਈ ਬਰਾਬਰ ਜਿੰਮੇਵਾਰ ਹਨ ਨੂੰ ਭੁੱਲਕੇ, ਪਟਿਆਲਾ ਅੰਮ੍ਰਿਤਸਰ ਵਿਧਾਨ ਸਭਾ ਦੇ ਵਿਧਾਇਕਾਂ ਦੇ ਇੱਕ ਦੂਜੇ ਖਿਲਾਫ ਚੋਣਾਂ ਲੜਨ ਦੀਆਂ ਸਰਗਰਮੀਆਂ ਅਤੇ ਸੱਤਾਧਾਰੀਆਂ ਦੇ ਅਸਤੀਫਿਆਂ ਵਿੱਚ ਉਲਝਦੇ ਨਜ਼ਰ ਆ ਰਹੇ ਹਨ।

ਇਹੀ ਸਿਆਸੀ ਧਿਰਾਂ ਚਾਹੁੰਦੀਆਂ ਹਨ। ਦੀਪੇ ਬਾਈ ਨਾਂ ਦੇ ਕਿਰਦਾਰ ਦਾ ‘ਜੋਰਾ ਦਾ ਸੈਕੰਡ ਚੈਪਟਰ’ ਵਿੱਚ ਜੋਰੇ ਨੂੰ ਬੋਲਿਆ ਡਾਇਲਾਗ ਯਾਦ ਹੈ ਕਿ ‘ਜੋਰਿਆ ਇਸ ਹਿਸਾਬ ਨਾਲ ਤਾਂ ਰਾਜਨੀਤੀ ਆਪਣੀ ਬਦਮਾਸ਼ੀ ਤੋਂ ਵੀ ਵੱਧ ਖਤਰਨਾਕ ਹੋਈ….!’ ਵਾਕਿਆ ਹੀ ਰਾਜਨੀਤੀ ਬਦਮਾਸ਼ੀ ਤੋਂ ਵੀ ਵੱਧ ਖਤਰਨਾਕ ਹੈ,ਬਦਮਾਸ਼ ਲੋਕ ਅਰਜਨ ਅਤੇ ਕਰਨ ਵਾਂਗ ਮੈਦਾਨ ਸਾਂਭਦੇ ਹਨ,ਜਦਕਿ ਰਾਜਨੀਤਿਕ ਲੋਕ ਮਹਾਂਭਾਰਤ ਕਰਵਾਕੇ ‘ਦੁਰਯੋਧਨ ਅਤੇ ਸ਼ਕੁਨੀ ਬਣਕੇ ਲੂੰਬੜ ਚਾਲਾਂ ਚੱਲਕੇ ਭਾਈ ਭਾਈ ਨੂੰ ਹੀ ਆਪਸ ਵਿੱਚ ਲੜਾਉਂਦੇ ਹਨ ਤਾਂ ਕਿ ਉਨ੍ਹਾਂ ਦੀ ਸੱਤਾ ਕਾਇਮ ਰਹਿ ਸਕੇ….!!”

ਹਰਕਮਲ ਧਾਲੀਵਾਲ
ਸੰਪਰਕ:- 8437403720

Previous article577 teachers on panchayat poll duty died: Unions
Next articleਬਖ਼ਸ਼ ਲਈਂ ਦਾਤਿਆ……