ਅਦਬੀ ਜਗਤ ਤੇ ਸਾਹਿਤ ਖੇਤਰ ਵਿੱਚ ਮਲ਼ੀਨਤਾ ਭਾਰੂ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਕਲਮ ਆਪਣੇ ਆਪ ਵਿੱਚ ਲੇਖਕਾਂ, ਬੁੱਧੀਜੀਵੀਆਂ ਦੇ ਹੱਥ ਦਾ ਇਕੋ-ਇਕ ਤੇਜ਼ਧਾਰ ਹਥਿਆਰ ਹੈ, ਜੋ ਆਪਣੇ ਲਈ ਨਹੀਂ ਬਲਕਿ ਨਿਰਦੋਸ਼, ਕਮਜ਼ੋਰ, ਜੁਲਮ-ਜਬਰ ਦਾ ਸ਼ਿਕਾਰ ਹੋ ਰਹੇ, ਲਿਤਾੜੇ ਲੋਕਾਂ ਦੇ ਹੱਕਾਂ ਲਈ ਉਠਾਇਆ ਜਾਂਦਾ ਹੈ। ਸਰਕਾਰੀ-ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਹੋ ਰਹੀਆਂ ਬੇ-ਨਿਯਮੀਆਂ ਦਾ ਪੁਲੰਦਾ ਆਮ ਜਨਤਾ ਅੱਗੇ ਖੋਲਦੀ ਹੈ। ਮਾਫ਼ੀਆ ਗ੍ਰੋਹਾਂ ਦੇ ਪਰਦੇਫ਼ਾਸ਼ ਕਰਦੀ ਹੈ।ਵੋਟਾਂ ਲਈ ਡੇਰਾਵਾਦ ਅੰਦਰ ਹੁੰਦੇ ਸਿਆਸੀ ਸਮੀਕਰਨਾ ਤੇ ਸੌਦੇਬਾਜ਼ੀਆ ਨੂੰ ਆਵਾਮ ਅੱਗੇ ਉਜਾਗਰ ਕਰਦੀ ਹੈ।ਕਲਮ ਆਪ ਸੰਵਾਦ ਰਚਦੀ ਹੈ, ਰਚਾਉਂਦੀ ਹੈ।ਇਹ ਸੰਵਾਦ ਦਾ ਮਹੌਲ ਗਰਮ ਕਰਕੇ ਸਮਾਜ ਦੀ ਪ੍ਰਤੀਨਿਧਤਾ ਕਰਦੀ ਹੈ। ਰੌਸ਼ਨੀ ਦੀ ਮੱਘ ਰਹੀ ਮਸਾਲ ਹੈ।

ਕਲਮ ਲੋਕ ਹਿੱਤਾਂ ਦੀ ਰਖ਼ਵਾਲੀ ਕਰਨ ਵਾਲੀ ਅਹਿੰਸਕ ਮਹਾਂ-ਸ਼ਕਤੀ ਹੈ।ਦਸ ਲੀਟਰ ਦੁੱਧ ਨੂੰ ਦਹੀਂ ਦਾ ਇੱਕ ਚਮਚ ਕਿਰਿਆਸ਼ੀਲ ਕਰਕੇ ਦਹੀਂ ਬਣਾ ਲੈਂਦਾ ਹੈ। ਚੇਤਨ ਕਲਮ ਦੀ ਨੋਕ ਵਿੱਚੋਂ ਚਿੰਤਨ ਦੇ ਵਿਸ਼ੇ ਤੇ ਇੱਕ ਇੱਕ ਸ਼ਬਦ ਦੁਨੀਆ ਵਿਚ ਰਾਕਟ-ਲਾਂਚਰ ਬਣ ਤਰਥੱਲੀ ਮਚਾ ਦਿੰਦਾ ਹੈ। ਕਲਮ ਲੋਕ ਆਵਾਜ਼ ਦਾ ਇਕ ਸਿਖਿਆਤ ਸਾਧਨ ਹੈ। ਸਮਾਜ ਵਿੱਚ ਫੈਲ਼ ਰਹੀ ਅਨੈਤਿਕਾ, ਭ੍ਰਿਸ਼ਟਾਚਾਰ, ਅਪਰਾਧ, ਅਰਾਜਕਤਾ, ਬੇ-ਇਮਾਨੀ, ਅਸੱਭਿਅਕਤਾ ਦੀ ਗੰਦਗ਼ੀ, ਮਲੀਨਤਾ ਨੂੰ ਸਾਫ਼ ਕਰਨ ਵਾਲਾ ਝਾੜੂ ਵੀ ਹੈ। ਇਹ ਝਾੜੂ ਸਹੁੱਨਰੀ ਤੇ ਸੁਸ਼ੀਲ ਹੱਥਾਂ ਵਿੱਚ ਹੋਵੇ ਤਾਂ ਸਾਫ਼ ਸੁਥਰਾ ਆਲਾ-ਦੁਆਲਾ ਤੇ ਵਾਤਾਵਰਣ ਹੋਵੇਗਾ। ਜੇਕਰ ਕਿਸੇ ਸਿੱਧਰੀ -ਸ਼ਦੈਣ ਦੇ ਹੱਥ ਆ ਜਾਵੇ ਤਾਂ ਸਾਫ਼-ਸੁਥਰੀ ਥਾਂ ਵੀ ਮਲੀਨ ਹੋ ਜਾਵੇਗੀ।

ਕਹਿਣ ਦਾ ਮਕਸੱਦ ਸਮਾਜ ਨੂੰ ਇਮਾਨਦਾਰ, ਜੁਝਾਰੂ, ਨੇਕ-ਨੀਅਤ, ਉਦਾਰਵਾਦੀ ਸੋਚ, ਗਹਿਰਾਈ ਵਾਲੀ ਚੇਤੰਨ-ਚੇਤਨਾ ਲੋਕ ਹਿੱਤਾਂ ਦੀ ਪੈਰਵੀ ਕਰ ਸਕਦੀ ਹੈ। ਤਾਨਾਸ਼ਾਹੀ ਸਰਕਾਰਾਂ ਤੋਂ ਮਨੁੱਖਤਾ ਦੇ ਹੱਕਾਂ ਦੀ ਰਖਵਾਲੀ ਅਤੇ ਪੈਰਵੀ ਕਰਨਾ ਕਲਮ, ਕਾਲਮ ਨਵੀਸਾਂ, ਪੱਤਰਕਾਰ, ਸਾਹਿਤਕਾਰਾਂ ਦਾ ਫਰਜ਼ ਹੈ। ਮਨੁੱਖੀ ਕਦਰਾਂ ਕੀਮਤਾਂ, ਸਮਾਜਿਕ ਨੈਤਕਿਤਾ ਦੀ ਪਹਿਰਾਦਾਰੀ ਇਹਨਾਂ ਲੇਖਕਾਂ, ਪੱਤਰਕਾਰਾਂ , ਅਖ਼ਵਾਰਾਂ ਤੇ ਸੰਚਾਰ ਮੀਡੀਆ , ਸੰਚਾਰ ਵਿਭਾਗ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਦੂਸਰੇ ਸਰਕਾਰੀ, ਅਰਧ-ਸਰਕਾਰੀ ਅਦਾਰਿਆਂ ਵਾਂਗ ਕੁੱਝ ਕੁ ਮਲੀਨ ਸੋਚ ਦੇ ਮਲੀਨ ਲੋਕ ਵਿੱਦਿਅਕ, ਸਾਹਿਤ ਤੇ ਪੱਤਰਕਾਰੀ ਅਦਾਰਿਆਂ ਵਿੱਚ ਘੁਸਪੈਠ ਕਰ ਚੁੱਕੇ ਹਨ।

ਰਾਜਨੀਤਿਕ ਦਲਾਂ ਦੇ ਗੰਦੇ ਟੋਭਿਆਂ ਦੀ ਸਿਆਸਤ ਦੇ ਡੱਡੂਆਂ ਨੇ ਸਿੱਧੇ-ਅਸਿੱਧੇ ਤਰੀਕੇ ਅਪਨਾ ਕੇ ਪ੍ਰੈਸ ਕਲੱਬਾਂ ਤੇ ਸਾਹਤਿਕ ਸੰਸਥਾਵਾਂ ਦੇ ਅਹੁਦਿਆਂ ਤੇ ਆਪਣੀ ਪਕੜ ਇਸ ਤਰ੍ਹਾਂ ਮਜਬੂਤ ਕਰ ਰੱਖੀ ਹੈ ਕਿ ਅਦਾਰੇ ਦੀ ਪ੍ਰਧਾਨਗੀ ਉਹਨਾਂ ਦੇ ਨਾਮ ਹੀ ਰਹੇ। ਇਹ ਸਾਹਿਤਕ ਮਾਫ਼ੀਆ ਆਪਣੇ ਪੈਰ ਅਦਾਰਿਆਂ ਵਿੱਚ ਜਮਾ ਕੇ ਸਰਕਾਰੀ ਤੰਤਰ ਦਾ ਪਿੱਠੂ ਬਣ ਚੁੱਕਾ ਹੈ। ਲੋਕ ਹਿੱਤਾਂ ਦੀ ਅਗਵਾਈ ਕਰਨ ਤੋਂ ਅਪਾਹਜ ਹੋ ਗਿਆ ਹੈ। ਲੋਕ ਸੰਘਰਸ ਦੇ ਪੱਖ ਪੂਰਨਾ ਤਾਂ ਇਕ ਪਾਸੇ ਇਹ ਗੂੰਗਾ ਤੇ ਬਹਿਰਾ ਵੀ ਹੋ ਗਿਆ ਹੈ।

ਗੈਰ ਸੰਵਿਧਾਨਿਕ ਤੇ ਅਨੈਤਿਕ ਤਰੀਕੇ ਅਪਨਾ ਕੇ ਕਲੱਬਾਂ, ਅਦਾਰਿਆਂ ਤੇ ਕਾਬਿਜ਼ ਰਹਿਣਾ ਗੈਰ-ਸੰਵਿਧਾਨਕ ਹੈ। ਇਹ ਲੋਕਤੰਤਰਿਕ ਪ੍ਰਣਾਲੀ ਦੀ ਪਿੱਠ ‘ਚ ਛੁਰਾ ਮਾਰਨ ਦੇ ਤੁਲ ਹੈ। ਅਫ਼ਸੋਸ ਕੁੱਝ ਸਾਹਿਤਕਾਰ ਤੇ ਪੱਤਰਕਾਰ ਵੀ ਇਸ ਰਾਹ ਤੇ ਤੁਰ ਪਏ ਹਨ। ਮਾਨ-ਸਨਮਾਨ ਪ੍ਰਾਪਤੀ ਦੇ ਰਾਹ ਤੇ ਸਰਕਾਰੇ -ਦਰਬਾਰੇ ਆਪਣੀ ਦਿੱਖ ਦੀ ਸ਼ਾਨ ਬਣਾਈ ਰੱਖਣ ਦੀ ਇਹ ਪਗਡੰਡੀ ਇਕ ਦਿਨ ਸ਼ਾਹ-ਮਾਰਗ ਬਣ ਜਾਵੇਗੀ, ਇਹ ਖਦਸ਼ਾ ਬਣ ਰਿਹਾ ਹੈ।

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਸਮੇਂ ਵੀ ਸਾਰਿਆਂ ਜਿਲਿ੍ਆਂ ਦੇ ਦੂਰ ਦੂਰ ਦਿਆਂ ਪਿੰਡਾਂ-ਕਸਬਿਆਂ ਤੇ ਸ਼ਹਿਰਾਂ ਤੋਂ ਚੱਲ ਕੇ ਆਏ ਨਵੇਂ ਸਾਹਿਤਕਾਰ ਸਾਥੀ ਆਪਣੀਆਂ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਦੀ ਉਂਗਲ ਫੜ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਪਹੁੰਚਦੇ ਹਨ ਤਾਂ ਬੰਦ ਕਮਰੇ ਦੀ ਆਪਸੀ ਮੀਟਿੰਗ ਕਰ ਕੇ ਮਾਮਲਾ ਖਤਮ ਕਰ ਦਿੱਤਾ ਜਾਂਦਾ ਹੈ। ਚੁਣੀ ਕਮੇਟੀ ਜਾਂ ਪ੍ਧਾਨ ਤੋਂ ਜਿਆਦਾਤਰ ਲੇਖਕ ਨਾ-ਵਾਕਿਫ਼ ਹੁੰਦੇ ਹਨ। ਖੂਹ ਦੇ ਡੱਡੂ ਬਣੇ ਲੇਖਕ ਬੇ-ਵਕੂਫ਼ ਬਣੇ ਘਰਾਂ ਨੂੰ ਪਰਤ ਆਉਂਦੇ ਹਨ।

ਕਲਮ ਸਾਹਿਤ ਨੂੰ ਸਿਰਜਣ ਵਾਲੀ ਹੈ। ਪੱਤਰਕਾਰੀ ਕਰ ਕੇ ਲੋਕ ਆਵਾਜ਼ ਬੁਲੰਦ ਕਰਦੀ ਹੈ। ਇਹ ਲੋਕਤੰਤਰ ਦਾ ਚੌਥਾ ਥੰਮ ਹੈ। ਕਲਮ ਦੀ ਆਜ਼ਾਦੀ , ਬੋਲਣ ਤੇ ਆਪਣੇ ਵਿਚਾਰ ਪ੍ਗਟਾਉਣ ਦੀ ਆਜ਼ਾਦੀ ਦੇ ਅਧਿਕਾਰ ਤੋਂ ਬਿਨਾਂ ਲੋਕਤੰਤਰ ਅਸੰਭਵ ਅਤੇ ਬੇ-ਬੁਨਿਆਦ ਹੈ। ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨਾ ਕਲਮ ਦੇ ਕਾਲਮ ਤੇ ਨਿਰਪੱਖ ਪੱਤਰਕਾਰੀ ਤੋਂ ਬਿਨਾਂ ਬਿਲਕੁਲ ਅਸੰਭਵ ਹੈ । ਆਵਾਮ ਨੂੰ ਆਪਣੀ ਬੁੱਕਲ਼ ਵਿੱਚ ਇਕ ਮਾਂ ਦੀ ਤਰ੍ਹਾਂ ਲੈ ਕੇ ਚੱਲਣ ਵਾਲੀ ਕਲਮ ਪੱਤਰਕਾਰੀ ਦੀ ਬੁਨਿਆਦ ਹੈ।

ਸਾਹਿਤ ਹੀ ਸੱਭਿਅਕ ਸਮਾਜ ਦਾ ਦਰਪਣ ਹੈ।ਸਾਹਿਤਕ ਮਾਫ਼ੀਆ ਪੰਜਾਬੀ ਭਾਸ਼ਾ ਦੇ ਅਦਾਰਿਆਂ, ਸੰਸਥਾਵਾਂ ਦੀਆਂ ਕਾਰਜ ਪੑਣਾਲੀਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪਣੀ ਮਰਜ਼ੀ ਮੁਤਾਬਿਕ ਤੋਰ ਰਿਹਾ ਹੈ। ਕਿਸ ਨੂੰ ਮਾਨ-ਸਨਮਾਨ ਦੇਣੇ ਹਨ, ਕਿਸ ਨੂੰ ਨਹੀਂ । ਸਨਮਾਨੇ ਜਾਣ ਵਾਲੇ ਲੇਖਕਾਂ ਦੀ ਸੂਚੀ ਸਿਫ਼ਾਰਸ਼ਾਂ ਦੇ ਨਾਲ ਪੂਰਣ ਹੁੰਦੀ ਹੈ।ਕੇਂਦਰੀ ਕਲਾ ਪਰਿਸ਼ਦ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਦੀਆਂ ਚੋਣਾਂ ਦੀ ਪ੍ਰਕਿਰਿਆ ਵੀ ਪਾਰਦਰਸ਼ੀ ਸੀ। ਕੋਈ ਵੀ ਸਾਹਿਤਕਾਰ ਮੈਂਬਰ ਦੋ ਵਾਰ ਇਸ ਦੇ ਪ੍ਰਧਾਨਗੀ ਅਹੁਦੇ ਤੇ ਨਹੀਂ ਰਿਹਾ , ਸਗੋਂ ਹਰ ਵਾਰ ਤਬਦੀਲੀ ਹੁੰਦੀ ਰਹੀ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਹੁੰਦਾ ਰਿਹਾ। ਪਰ ਪਿਛਲੇ ਸਮੇਂ ਤੋਂ ਇੱਥੇ ਵੀ ਅਹੁਦਿਆਂ ਦਾ ਮੋਹ ਸੰਸਥਾਂ ਦੀਆਂ ਗਤੀਵਿਧੀਆਂ ਨੂੰ ਪ੍ਭਾਵਤ ਕਰ ਗਿਐ। ਕੁੱਝ ਸਾਹਿਤ ਦੇ ਅਲੰਬੜਦਾਰਾਂ ਨੇ ਰੋਜ਼ਾਨਾ ਛਪਦੇ ਪੰਜਾਬੀ ਦੇ ਅਖਵਾਰਾਂ ਦੇ ਸੰਪਾਦਕਾਂ ਨਾਲ਼ ਮਿਲ ਕੇ ਆਪਣੀ ਅਜਾਰੇਦਾਰੀ ਨੂੰ ਸਿਖਰਾਂ ਤੇ ਪਹੁੰਚਾਇਆ ਹੈ। ਇਹ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਰਾਹਾਂ ਵਿੱਚ ਕੰਡੇ ਵਿਛਾਉਣ ਵਾਲੀ ਗੱਲ ਹੈ।

ਪੰਜਾਬ ਦੇ ਹਰ ਜਿਲੇ ਵਿੱਚ ਪ੍ਰੈਸ ਕਾਨਫਰੰਸਾਂ ਤੇ ਪ੍ਰੈਸ ਮੀਟਿੰਗਾਂ ਤੇ ਪੱਤਰਕਾਰਾਂ ਦੇ ਤਾਲਮੇਲ ਲਈ ਪ੍ਰੈਸ ਕਲੱਬ ਹੋਂਦ ਵਿੱਚ ਲਿਆਂਦੇ ਗਏ ਸਨ। ਅਖ਼ਵਾਰਾਂ ਤੇ ਦੂਰਦਰਸ਼ਨ ਨੂੰ ਖਬਰਾਂ ਆਪਣੀ ਪੂਰੀ ਜਿੰਮੇਵਾਰੀ ਨਾਲ਼ ਪਹੁੰਚਾਉਣ ਵਾਲੇ ਪੱਤਰਕਾਰਾਂ ਨੇ ਇਸ ਨੂੰ ਸੰਸਥਾ ਵਜੋਂ ਹੋਂਦ ਵਿੱਚ ਲਿਆਂਦਾ। ਲੋਕਤੰਤਰੀ ਤਰੀਕਿਆਂ ਨਾਲ ਸਹਿਮਤੀ ਜਾਂ ਵੋਟਾਂ ਨਾਲ਼ ਪ੍ਰਧਾਨ ਚੁਣੇ ਜਾਂਦੇ ਰਹੇ ਹਨ। ਪ੍ਧਾਨ ਦੇ ਨਾਲ ਇੱਕ ਕਾਰਜਕਰਨੀ ਕਮੇਟੀ ਚੁਣੀ ਜਾਂਦੀ ਰਹੀ ਹੈ।

ਇਸ ਵਾਰ ਅਖ਼ਵਾਰਾਂ ਦੇ ਸ਼ਹਿਰ ਵਿੱਚ ਹੀ ਇਸ ਲੋਕਤੰਤਰੀ ਚੋਣ ਪ੍ਕਿਰਿਆ ਨੂੰ ਤਿਲਾਂਜਲੀ ਦੇ ਕੇ ਇਕ ਗਰੁੱਪ ਨੇ ਧੱਕੇਸ਼ਾਹੀ ਨਾਲ ਉਸ ਦੇ ਸਥਾਪਿਤ ਪ੍ਧਾਨ ਨੇ ਆਪਣੀ ਜੁੰਡਲੀ ਦੇ ਯਾਰ ਨੂੰ ਖੁਦ ਹੀ ਅਗਲਾ ਪ੍ਰਧਾਨ ਬਣਾ ਕੇ ਸਾਰੀ ਕਾਨੂੰਨੀ ਪ੍ਰਕਿਰਿਆ ਧੂੜ ਵਿੱਚ ਉੜਾ ਦਿੱਤੀ।

ਅਖ਼ਵਾਰਾਂ ਵਿੱਚ ਚੋਣ ਲਈ ਕੋਈ ਨੋਟਿਸ, ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇਸ ਪ੍ਰੈਸ ਕਲੱਬ ਦਾ ਆਮ ਇਜਲਾਸ 16 ਅਕਤੂਬਰ 2021 ਨੂੰ ਰੱਖਿਆ ਗਿਆ। 22ਅਕਤੂਬਰ ਨੂੰ ਨਾਮਜਦਗ਼ੀ ਪੱਤਰ-ਦਾਖਲ ਕਰਨੇ ਸਨ ।29 ਅਕਤੂਬਰ ਨੂੰ ਸਹਿਮਤੀ ਜਾਂ ਚੋਣ ਰਾਹੀਂ ਪ੍ਧਾਨ ਦੀ ਨਿਯੁਕਤੀ ਕਰਨੀ ਸੀ। ਖਬਰਾਂ ਰਾਹੀਂ ਪਤਾ ਲੱਗਿਆ ਹੈ ਕਿ 248 ਮੈਂਬਰਾਂ ਦੇ ਵਿਚੋਂ 30 ਮੈਂਬਰਾ ਦੇ ਹੱਥ ਖੜੇ ਹੋਣ ਨਾਲ ਹੀ ਮੁੜ ਪਹਿਲਾਂ ਵਾਲਾ ਪ੍ਰਧਾਨ ਪਹਿਲਾਂ ਹੀ ਕਾਬਿਜ਼ ਹੋ ਗਿਆ ਹੈ। ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਕੁੱਝ ਇਹੋ ਜਿਹੇ ਮੈਂਬਰ ਵੀ ਸਨ ਜਿਹਨਾਂ ਆਪਣੇ ਦੋਵੇਂ ਹੱਥ ਖੜੇ ਕਰਕੇ ਗਿਣਤੀ ਨੂੰ ਹੇਰਾਫ਼ੇਰੀ ਨਾਲ਼ ਵਧਾਇਆ ਹੈ।

ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਜਲੰਧਰ ਦੇ ਪ੍ਰੈਸ ਕਲੱਬ ਦੇ ਮੈਂਬਰਾਂ ਦੀ ਵੋਟ ਲਿਸਟ ਵਿੱਚ ਅਜਿਹੇ ਮੈਂਬਰਾਂ ਦੀ ਬਹੁਤਾਤ ਹੈ ਜੋ ਦੂਰਦਰਸ਼ਨ ਤੋਂ ਰਿਟਾਇਰ ਵੀ ਹੋ ਚੁੱਕੇ ਹਨ। ਅਜਿਹੇ ਮੈਂਬਰ ਵੀ ਹਨ ਜੋ ਖਬਰ ਵਿਭਾਗ ਜਾਂ ਪੱਤਰਕਾਰੀ ਨਾਲ ਸਬੰਧਤ ਹੀ ਨਹੀਂ ਹਨ।ਉਹ ਕਿਸੇ ਅਖਵਾਰ, ਕਿਸੇ ਦੂਰਦਰਸ਼ਨ, ਕਿਸੇ ਪ੍ਰਾਈਵੇਟ ਯਾਣੀ ਨਿੱਜੀ ਚੈਨਲ ਨਾਲ ਵੀ ਸੰਬੰਧਤ ਨਹੀਂ ਹਨ, ਆਪਣੇ ਨਿੱਜੀ ਹਿੱਤਾਂ ਲਈ ਉਹਨਾਂ ਦੀ ਵੀ ਵੋਟ ਬਣਾ ਰੱਖੀ ਹੈ । ਕਈ ਅਜਿਹੇ ਮੈਂਬਰ ਵੀ ਲਿਸਟ ਵਿੱਚ ਹਨ ਜਿਹਨਾਂ ਨੂੰ ਇਹ ਵੀ ਮਾਲੂਮ ਨਹੀਂ ਕਿ ਉਹਨਾਂ ਦੀ ਪ੍ਰੈਸ ਕਲੱਬ ਵਿੱਚ ਵੋਟ ਬਣੀ ਹੋਈ ਹੈ ।

ਕੀ ਇਹ ਅਨੈਤਿਕ ਤੇ ਗੈਰ-ਸੰਵਿਧਾਨਕ ਨਹੀਂ ਹੈ। ਕੀ ਇਹੋ ਜਿਹੇ ਅਦਾਰੇ, ਇਹੋ ਜਿਹੇ ਪੱਤਰਕਾਰ, ਇਹੋ ਜਿਹੇ ਸਾਹਿਤਕਾਰ ਸਾਡੇ ਸਮਾਜ ਨੂੰ ਕੀ ਦੇਣ ਦੇ ਰਹੇ ਹਨ ? ਕੀ ਦੇਣਗੇ ? ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਕੀ ਇਹ ਗੰਦੀ ਰਾਜਨੀਤੀ, ਮਲੀਨ ਸੋਚ ਦੀ ਵਸੀਅਤ ਨਹੀਂ ਹੈ ? ਕਿਸੇ ਹੋਰ ਅਦਾਰਿਆਂ , ਯੂਨੀਅਨਾਂ ਦੀ ਚੋਣ ਵਿੱਚ ਇਹੋ ਜਿਹੀ ਅਨੈਤਿਕਤਾ ਸਮਝ ਆ ਸਕਦੀ ਹੈ ਪਰ ਚੇਤਨਤਾ ਨਾਲ਼ ਜੁੜੇ ਲੋਕ, ਸਾਹਿਤ ਦੀ ਪਰਿਭਾਸ਼ਾ ਤਹਿ ਕਰਨ ਵਾਲੇ ਕਲਮਕਾਰ ਕਿਸ ਰਾਹ ਤੇ ਚੱਲ ਪਏ ਹਨ ? ਕੀ ਇਹ ਕਲਮਕਾਰ ਸਾਡੀ ਮਾਰਗਦਰਸ਼ਨਾ ਕਰਨ ਦੇ ਯੋਗ ਹਨ ?

ਬਲਜਿੰਦਰ ਸਿੰਘ ਬਾਲੀ ਰੇਤਗੜੵ

00919465129168 ਵਟਸਐਪ

00917087629168

baljinderbali68@gmail.com

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੱਪੇ
Next articleਪੁਣਛ ਆਪਰੇਸ਼ਨ: ਅਤਿਵਾਦੀਆਂ ਵੱਲੋਂ ਕੀਤੀ ਸੱਜਰੀ ਗੋਲੀਬਾਰੀ ’ਚ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਤੇ ਗ੍ਰਿਫ਼ਤਾਰ ਪਾਕਿ ਦਹਿਸ਼ਤਗਰਦ ਜ਼ਖ਼ਮੀ