ਤਹਿਰਾਨ ਵੱਲੋਂ ਕਾਰਵਾਈ ‘ਅਮਰੀਕਾ ਦੇ ਮੂੰਹ ’ਤੇ ਥੱਪੜ’ ਕਰਾਰ
-
80 ਅਮਰੀਕੀ ਫ਼ੌਜੀ ਮਾਰਨ ਦਾ ਦਾਅਵਾ
-
ਇਰਾਨ ਮੁਤਾਬਕ ਅਲ-ਅਸਦ ਤੇ ਇਰਬਿਲ ਟਿਕਾਣਿਆਂ ਦਾ ਨੁਕਸਾਨ
-
ਇਰਾਕ, ਇਰਾਨ ਤੇ ਖਾੜੀ ਮੁਲਕਾਂ ਉਤੋਂ ਅਮਰੀਕੀ ਉਡਾਨਾਂ ਬੰਦ
-
ਅਮਰੀਕਾ ਵੱਲੋਂ ਜਰਮਨੀ, ਕਤਰ ਤੇ ਕੁਰਦਿਸਤਾਨ ਦੇ ਆਗੂਆਂ ਨਾਲ ਰਾਬਤਾ
ਤਹਿਰਾਨ- ਇਰਾਨ ਨੇ ਅੱਜ ਇਰਾਕ ’ਚ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਦੇ ਫ਼ੌਜੀ ਟਿਕਾਣਿਆਂ ’ਤੇ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗ਼ ਦਿੱਤੀਆਂ ਹਨ। ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੇ ਬੁਲਾਰੇ ਜੋਨਾਥਨ ਹੌਫ਼ਮੈਨ ਨੇ ਕਿਹਾ ਕਿ ਸੱਤ ਜਨਵਰੀ ਨੂੰ ਸ਼ਾਮ ਕਰੀਬ 5.30 ਵਜੇ ਇਰਾਨ ਨੇ ਮਿਜ਼ਾਈਲਾਂ ਦਾਗੀਆਂ ਹਨ ਤੇ ਅਲ-ਅਸਦ ਅਤੇ ਇਰਬਿਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤਹਿਰਾਨ ਨੇ ਇਸ ਕਾਰਵਾਈ ਨੂੰ ‘ਅਮਰੀਕਾ ਦੇ ਮੂੰਹ ’ਤੇ ਚਪੇੜ ਕਰਾਰ ਦਿੱਤਾ ਹੈ।’ ਇਰਾਨ ਦੇ ਸਰਕਾਰੀ ਟੀਵੀ ਮੁਤਾਬਕ ਅਮਰੀਕੀ ਡਰੋਨ ਹਮਲੇ ’ਚ ਮਾਰੇ ਗਏ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੇ ਗਏ ਹਨ। ਇਰਾਨੀ ਟੀਵੀ ਨੇ ਦਾਅਵਾ ਕੀਤਾ ਹੈ ਕਿ ‘ਕਰੀਬ 80 ਦਹਿਸ਼ਤਗਰਦ ਅਮਰੀਕੀ ਫ਼ੌਜੀ’ ਮਾਰੇ ਗਏ ਹਨ। ਇਰਾਕ ਵਿਚ ਅਮਰੀਕਾ ਦੇ ਕਰੀਬ 5000 ਜਵਾਨ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਖ਼ਿਲਾਫ਼ ਕਾਇਮ ਫ਼ੌਜੀ ਗੱਠਜੋੜ ਦਾ ਹਿੱਸਾ ਹਨ। ਇਰਾਕੀ ਫ਼ੌਜ ਦਾ ਕਹਿਣਾ ਹੈ ਕਿ ਕਰੀਬ 22 ਮਿਜ਼ਾਈਲਾਂ ਇਰਾਨ ਨੇ ਦੋ ਟਿਕਾਣਿਆਂ ਵੱਲ ਦਾਗ਼ੀਆਂ ਹਨ ਜਿੱਥੇ ਅਮਰੀਕੀ ਫ਼ੌਜ ਤਾਇਨਾਤ ਹੈ। ਇਰਾਨ ਮੁਤਾਬਕ ਅਮਰੀਕਾ ਦੇ ਕਈ ਹਵਾਈ ਉਪਕਰਨ, ਹੈਲੀਕੌਪਟਰ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਵੀ ਨੁਕਸਾਨਿਆ ਗਿਆ ਹੈ। ਰੈਵੋਲਿਊਸ਼ਨਰੀ ਗਾਰਡਜ਼ ਦੇ ਸੂਤਰ ਮੁਤਾਬਕ ਖਿੱਤੇ ਵਿਚ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ 140 ਟਿਕਾਣਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ‘ਜੇ ਮੁੜ ਅਮਰੀਕਾ ਨੇ ਕੋਈ ਗ਼ਲਤੀ ਕੀਤੀ ਤਾਂ ਹਮਲਾ ਦੁਬਾਰਾ ਕਰਾਂਗੇ।’ ਸੂਤਰਾਂ ਮੁਤਾਬਕ 15 ਮਿਜ਼ਾਈਲਾਂ ਅਲ-ਅਸਦ ਟਿਕਾਣੇ ’ਤੇ ਵੱਜੀਆਂ ਹਨ ਤੇ ਅਮਰੀਕੀ ਰਾਡਾਰ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਰੋਕਣ ਵਿਚ ਨਾਕਾਮ ਰਿਹਾ ਹੈ। ਇਰਾਕੀ ਫ਼ੌਜ ਨੇ ਆਪਣਾ ਕੋਈ ਨੁਕਸਾਨ ਹੋਣ ਤੋਂ ਇਨਕਾਰ ਕੀਤਾ ਹੈ। ਇਰਾਨ ਦੇ ‘ਸੁਪਰੀਮ ਲੀਡਰ’ ਅਯਾਤੁੱਲ੍ਹਾ ਅਲੀ ਖ਼ਮੇਨੀ ਨੇ ਟੀਵੀ ’ਤੇ ਲਾਈਵ ਬਰਾਡਕਾਸਟ ਦੌਰਾਨ ਕਿਹਾ ‘ਪਿਛਲੀ ਰਾਤ ਅਮਰੀਕਾ ਦੇ ਮੂੰਹ ’ਤੇ ਥੱਪੜ ਜੜ ਦਿੱਤਾ ਗਿਆ ਹੈ।’ ਰੈਵੋਲਿਊਸ਼ਨਰੀ ਗਾਰਡਜ਼ ਨੇ ਵਾਸ਼ਿੰਗਟਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਹੋਰ ਜ਼ਿਆਦਾ ਨੁਕਸਾਨ ਹੋਵੇ, ਅਮਰੀਕਾ ਤੇ ਸਹਿਯੋਗੀ ਆਪਣੀ ਫ਼ੌਜਾਂ ਖਿੱਤੇ ਵਿਚੋਂ ਕੱਢ ਲੈਣ। ਉਧਰ ਪੈਂਟਾਗਨ ਦੇ ਬੁਲਾਰੇ ਜੋਨਾਥਨ ਹੌਫ਼ਮੈਨ ਨੇ ਕਿਹਾ ਕਿ ਇਰਾਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਸੁਰੱਖਿਆ ਬਲਾਂ ਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਕਦਮ ਚੁੱਕ ਲਏ ਸਨ। ਇਨ੍ਹਾਂ ਟਿਕਾਣਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਐਵੀਏਸ਼ਨ ਅਥਾਰਿਟੀ ਨੇ ਇਰਾਕ, ਇਰਾਨ ਤੇ ਖਾੜੀ ਉਤੋਂ ਲੰਘਣ ਵਾਲੀਆਂ ਸਾਰੀਆਂ ਨਾਗਰਿਕ ਉਡਾਨਾਂ ਰੋਕ ਦਿੱਤੀਆਂ ਹਨ।