ਸਮਾਜ ਵੀਕਲੀ
ਮੂਲ ਚੰਦ ਰੰਚਣਾ ਵਾਲਾ ਪੁਰਾਣੇ ਗੀਤਕਾਰਾਂ ਵਿੱਚੋਂ ਇੱਕ ਜਾਣਿਆ ਪਛਾਣਿਆ ਨਾਮ ਹੈ ।ਮੂਲ ਚੰਦ ਸ਼ਰਮਾ ਗੀਤਕਾਰ, ਲੋਕ ਕਵੀ, ਚਿੱਤਰਕਾਰ , ਸਮਾਜ- ਸੇਵੀ, ਕਹਾਣੀਕਾਰ ਕੁੱਲ ਮਿਲਾ ਕੇ ਬਹੁ ਕਲਾਵਾਂ ਦੀ ਮਾਲਕ ਇਹ ਨੇਕ ਸ਼ਖ਼ਸੀਅਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਜਿੰਦਰਾਪੁਰੀ “ਰੰਚਣਾ” ਜੋ ਕਿ ਭਸੌੜ ਤੋਂ ਲਗਪਗ ਤਿੰਨ ਕਿਲੋਮੀਟਰ ਨਹਿਰ ਦੇ ਕੰਢੇ ਵਸਿਆ ਹੋਇਆ ਹੈ ਦਾ ਰਹਿਣ ਵਾਲਾ ਹੈ ।ਉਹ ਪਿਤਾ ਸ਼੍ਰੀ ਗੌਰੀਸ਼ੰਕਰ ਮਾਤਾ ਯਸ਼ੋਧਾ ਦੇਵੀ ਦੇ ਘਰ ਪੈਦਾ ਹੋਇਆ ।ਸਕੂਲ ਤੋਂ ਹੀ ਉਸ ਨੂੰ ਗਾਇਕੀ ਦਾ ਸ਼ੌਕ ਸੀ ਪਰ ਘਰ ਦੇ ਮਾਹੌਲ ਕਾਰਨ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ ।ਸਕੂਲ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਅਧਿਆਪਕਾਂ ਵੱਲੋਂ ਪ੍ਰਾਰਥਨਾ ਵਿੱਚ ਕੁਝ ਨਾ ਕੁੱਝ ਬੋਲਣ ਲਈ ਅਕਸਰ ਹੀ ਕਿਹਾ ਜਾਂਦਾ ਤੇ ਉਹ ਗੀਤ ਕਵਿਤਾਵਾਂ ਤਿਆਰ ਕਰਕੇ ਪ੍ਰਾਰਥਨਾ ਵਿਚ ਬੋਲਿਆ ਕਰਦੇ ।
ਪਰ ਫਿਰ ਇੱਕ ਦਿਨ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਆਪਣਾ ਖ਼ੁਦ ਦਾ ਗੀਤ ਲਿਖ ਕੇ ਗਾਇਆ ਜਾਵੇ ਤਾਂ ਉਨ੍ਹਾਂ ਨੇ ਨੌੰਵੀਂ ਜਮਾਤ ਵਿੱਚ ਪੜ੍ਹਦਿਆਂ 1969 “ਭੁੱਲ ਸਕਦੇ ਨਾ ਲੋਕੀਂ ਨਾਨਕੀ ਦੇ ਵੀਰ ਨੂੰ” ਲਿਖਿਆ । ਬਾਬੇ ਨਾਨਕ ਦੇ ਲਿਖੇ ਇਸ ਪਹਿਲੇ ਗੀਤ ਤੋਂ ਉਨ੍ਹਾਂ ਦੀ ਅਜਿਹੀ ਸ਼ੁਰੂਆਤ ਹੋਈ ਕਿ ਗੀਤਕਾਰੀ ਦੀ ਦੁਨੀਆ ਵਿਚ ਅੱਜ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਉਹ ਮੇਲਾ ਦੇਖਣ ਜਾਂਦੇ ਤਾਂ ਆਮ ਬੱਚਿਆਂ ਦੀ ਤਰ੍ਹਾਂ ਉਥੋਂ ਖਿਡਾਉਣੇ ਨਹੀਂ ਸਗੋਂ ਕਿਤਾਬਾਂ ਖਰੀਦਦੇ ।ਸ਼ੁਰੂਆਤੀ ਦੌਰ ਵਿੱਚ ਉਹ ਮੇਲਿਆਂ ਵਿੱਚੋਂ ਕਿੱਸੇ ਖ਼ਰੀਦ ਕੇ ਪੜ੍ਹਦੇ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਗੀਤ ਲਿਖਦੇ ।ਉਨ੍ਹਾਂ ਨੇ ਹਰਨੇਕ ਸੋਹੀ ਜੀ ਨੂੰ ਆਪਣਾ ਉਸਤਾਦ ਧਾਰ ਕੇ ਗੀਤਕਾਰੀ ਦੀਆਂ ਬਰੀਕੀਆਂ ਸਿੱਖੀਆਂ ।
ਉਨ੍ਹਾਂ ਦਾ ਲਿਖਿਆ ਪਹਿਲਾ ਗੀਤ ਗਾਇਕ ਜੋੜੀ ਕੇ.ਐਸ ਪਰਦੇਸੀ ਤੇ ਨਿਰਮਲ ਕੌਰ ਨਿੰਮੀ ਦੀ ਆਵਾਜ਼ ਵਿੱਚ ਵਰਮਾ ਰਿਕਾਰਡਿੰਗ ਕੰਪਨੀ ਮੋਗਾ ‘ਚ ਆਇਆ ਉਸ ਤੋਂ ਬਾਅਦ ਗੁਰਦਿਆਲ ਨਿਰਮਾਣ, ਕੇ.ਐਸ. ਪ੍ਰਦੇਸੀ, ਨਿਰਮਲ ਕੌਰ ਨਿੰਮੀ ,ਕੁਲਦੀਪ ਮਾਣਕ, ਬਲਜੀਤ ਬੱਲੀ, ਤਰਸੇਮ ਸੇਮੀ ਲਵਲੀ ਨਿਰਮਾਣ, ਅਨੀਤਾ ਸਮਾਣਾ, ਚਰਨਜੀਤ ਮਾਨ ਆਦਿ ਕਲਾਕਾਰਾਂ ਦੀਆਂ ਆਵਾਜ਼ਾਂ ਵਿਚ ਮੂਲ ਚੰਦ ਜੀ ਦੇ ਗੀਤ ਰਿਕਾਰਡ ਹੋਏ ।ਉਨ੍ਹਾਂ ਸਮਿਆਂ ਵਿਚ ਮੂਲ ਚੰਦ ਜੀ ਨੂੰ ਐਚ ਐਮ. ਵੀ ਕੰਪਨੀ ਵੱਲੋਂ ਗੀਤਾਂ ਦੀ ਰਾਇਲਟੀ ਵੀ ਮਿਲਦੀ ਰਹੀ ਹੈ ।
ਉਨ੍ਹਾਂ ਦੇ ਚਰਚਿਤ ਗਾਣਿਆਂ ਵਿੱਚੋਂ ਕੁਝ ਗੀਤ ਇਸ ਪ੍ਰਕਾਰ ਹਨ – ਕੌਲੀ ਵਿੱਚ ਸਬਜ਼ੀ ਪਾ ਦੇ , ਪਾਣੀ ਦਾ ਜਗ ਫੜਾ ਦੇ ਅਤੇ ਕੀਮਾ ਮਲਕੀ (ਗੁਰਦਿਆਲ ਨਿਰਮਾਣ -ਹਰਵਿੰਦਰ ਬੀਬਾ )ਸੁਣ ਹਾਣਦੀਏ ਮੁਟਿਆਰੇ ਅਤੇ ਚਾਦਰ ਤੇ ਪੁੱਟੇ ਪਾਉਂਦੀ ਨੂੰ (ਲਵਲੀ ਨਿਰਮਾਣ ) ਅਤੇ ਹੁਣ ਗਾਇਕ ਮਨਿੰਦਰ ਪ੍ਰੀਤ ਵੱਲੋਂ ਪਿਛਲੇ ਸਾਲ ਉਨ੍ਹਾਂ ਵੱਲੋਂ ਲਿਖਿਆ ” ਕੀ ਆਖਿਆ ਬਾਬੇ ਨਾਨਕ ਨੇ” ਅਤੇ ਇਸ ਸਾਲ
ਲਿਖਿਆ “ਬੰਬੀਹਾ” ਗਾਇਆ ਜੋ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ।
ਗੀਤਕਾਰੀ ਦੇ ਨਾਲ ਨਾਲ ਹਰਨੇਕ ਸੋਹੀ ਨੇ ਮੂਲ ਚੰਦ ਨੂੰ ਪੂਰੀ ਸਾਹਿਤ ਸਭਾ ਨਾਲ ਵੀ ਜੁੜਿਆ ਜਿੱਥੇ ਉਸ ਨੇ ਕਹਾਣੀ ਕਵਿਤਾਵਾਂ ਤੇ ਗ਼ਜ਼ਲ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀ ਕੀਤੀ ।
ਉਸ ਦੇ ਸੈਂਕੜੇ ਗੀਤ ਅਖਬਾਰਾਂ-ਰਸਾਲਿਆਂ ਅਤੇ ਸੰਪਾਦਿਤ ਪੁਸਤਕਾਂ ਵਿੱਚ ਛੱਪ ਚੁੱਕੇ ਹਨ। ਉਸ ਦੇ ਗੀਤਾਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹਰ ਰੰਗ ਹੈ। ਉਹ ਪੰਜਾਬੀ ਸਾਹਿਤ ਸਭਾ, ਧੂਰੀ ਦਾ ਮੈਂਬਰ ਬਣਿਆ ਤੇ ਪਿਛਲੇ ਪੈਂਤੀ ਸਾਲਾਂ ਵਿੱਚ ਸਧਾਰਨ ਮੈਂਬਰ ਤੋਂ ਸ਼ੁਰੂ ਹੋ ਕੇ ਅੱਜ ਉਹ ਸਭਾ ਦਾ ਪ੍ਰਧਾਨ ਹੈ। ਰੇਡਿਓ ਤੇ ਦੂਰਦਰਸ਼ਨ ਦੇ ਕਵੀ-ਦਰਬਾਰਾਂ ਵਿੱਚ ਵੀ ਉਹ ਕਈ ਵਾਰ ਹਿੱਸਾ ਲੈ ਚੁੱਕਾ ਹੈ।
ਸਾਲ 2014 ਵਿੱਚ ਮੂਲ ਚੰਦ ਸ਼ਰਮਾ ਦਾ ਕਾਵਿ-ਸੰਗ੍ਰਹਿ ‘ਪੱਥਰ ‘ਤੇ ਲਕੀਰਾਂ’ ਛਪਿਆ। ਪਾਠਕਾਂ, ਲੇਖਕਾਂ ਅਤੇ ਆਲੋਚਕਾਂ ਵੱਲੋਂ ਕਾਫੀ ਸਲਾਹਿਆ ਗਿਆ। ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ ਪੁਸਤਕ ਮੁਕਾਬਲੇ ਵਿੱਚ ‘ਜਸਵੰਤ ਸਿੰਘ ਧਮੋਟ ਯਾਦਗਰੀ ਐਵਾਰਡ’ ਨਾਲ ਉਸਨੂੰ ਨਿਵਾਜਿਆ ਗਿਆ। ਉਸ ਦੀ ਜਨਮ-ਭੂਮੀ ਰੰਚਣਾ ਦੇ ਲੋਕਾਂ ਨੇ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਰਾਹੀਂ ਉਸ ਨੂੰ ‘ਪਿੰਡ ਦਾ ਮਾਣ ਐਵਾਰਡ’ ਨਾਲ ਸਨਮਾਨਿਤ ਕੀਤਾ।
ਅੱਜਕੱਲ੍ਹ ਮੂਲ ਚੰਦ ਸ਼ਰਮਾ ਜੀ ਦਾ ਇੱਕ ਵੱਖਰਾ ਹੀ ਇਨਕਲਾਬੀ ਰੰਗ ਸਾਨੂੰ ਨਿੱਤ ਦਿਨ ਅਖ਼ਬਾਰਾਂ ਰਸਾਲਿਆਂ ਮੈਗਜ਼ੀਨਾਂ ਵਿੱਚ ਪੜ੍ਹਨ ਨੂੰ ਮਿਲ ਰਿਹਾ ਹੈ ।ਰੁਲਦੂ ਬੱਕਰੀਆਂ ਵਾਲੇ ਦੇ ਪਾਤਰ ਵਿਚੋਂ ਸਰਕਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ ਉਨ੍ਹਾਂ ਦੀਆਂ ਕੁੱਝ ਰਚਨਾਵਾਂ ਇਸ ਤਰ੍ਹਾਂ ਹਨ –
ਬਾਜ ਵਰਗੇ ਪੰਜਾਬੀ ਅੰਨਦਾਤੇ
================
ਮੂੰਹ ਜ਼ੁਬਾਨੀਂ ਹੁਕਮ ਭੇਜ ਕੇ ,
ਬੰਦ ਕਰਾ ‘ਤੀਆਂ ਰੇਲਾਂ ।
ਬਲ਼ਦੀ ਅੱਗ ਨੂੰ ਹੋਰ ਬਾਲ਼ ‘ਤਾ ,
ਬਿਨ ਡੀਜਲ ਤੇ ਤੇਲਾਂ ।
ਹੁਣ ਪੰਜਾਬ ਇਕੱਲਾ ਨਹੀਓਂ ,
ਦੇਸ਼ ਨਾਲ਼ ਹੈ ਸਾਡੇ ,
ਜਦੋਂ ਅਚਿੰਤੇ ਬਾਜ ਪਏ ,
ਤਾਂ ਵਿੱਸਰ ਜਾਣੀਆਂ ਕੇਲਾਂ ।
ਰੁਲਦੂ ਬੱਕਰੀਆਂ ਵਾਲ਼ਾ ।
ਇਸ ਸਮੇਂ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ ਉਨ੍ਹਾਂ ਦੀ ਕਲਮ ਕਿਰਤੀਆਂ, ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਵਿਚ ਪੈਰ ਧਰਨ ਲਈ ਲੋਕਾਂ ਨੂੰ ਪ੍ਰੇਰਤ ਅਤੇ ਜਾਗਰੂਕ ਵੀ ਕਰ ਰਹੀ ਹੈ ।
ਕਿਸਾਨ ਆਗੂਆਂ ਨੂੰ
===========
ਦਿੱਲੀ ਦੇ ਵੱਲ ਜਾਂਦਿਓ ਵੀਰੋ ,
ਅਸੀਂ ਤੁਹਾਡੇ ਨਾਲ਼ ਖੜੇ੍ ਹਾਂ .
ਅੱਗੇ ਤੋਂ ਵੀ ਲੜਦੇ ਰਹਾਂਗੇ ,
ਜਿੱਦਾਂ ਹਾਲੇ ਤੱਕ ਲੜੇ ਹਾਂ .
ਜੇ ਕੋਈ ਗੱਲ ਸਿਰੇ ਨਾ ਲੱਗੀ,
ਹਾਕਮਾਂ ਤਾਈਂ ਦੱਸ ਕੇ ਆਇਓ,
ਹੁਣ ਸਾਡੇ ‘ਚੋਂ ਹਵਾ ਨਾ ਲੰਘਣੀਂ,
ਕਿਓਂਕਿ ਫਾਨੇਂ ਵਾਂਗ ਅੜੇ ਹਾਂ ।।
ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਬੁਲੰਦ ਹੌਸਲਿਆਂ ਨਾਲ ਲਿਖਣ ਵਾਲੀ ਇਹ ਕਲਮ ਇਸੀ ਤਰ੍ਹਾਂ ਇਨਕਲਾਬ ਦੇ ਰਾਹ ਤੇ ਤੁਰਦਿਆਂ ਆਪਣੀਆਂ ਸਾਹਿਤਕ, ਸੱਭਿਆਚਾਰਕ ਅਤੇ ਲਿਖਤਾਂ ਨਾਲ ਪੰਜਾਬੀ ਮਾਂ- ਬੋਲੀ ਦੇ ਵਿਹੜੇ ਨੂੰ ਰੁਸ਼ਨਾਉੰਦੀ ਅਤੇ ਲੋਕ ਅਵਾਜ਼ ਨੂੰ ਬੁਲੰਦ ਕਰਦੀ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਅਤੇ ਲੰਮੀਆਂ ਉਮਰਾਂ ਮਾਣੇ ।
9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly