“ਤਕਨੀਕੀ ਅਤੇ ਕਿੱਤਾਮੁਖੀ ਕੋਰਸ ਸਮੇਂ ਦੀ ਲੋੜ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਹਰ ਵਿਕਸਤ ਦੇਸ਼ ਦੀ ਤਰੱਕੀ ਪਿਛੇ ਉਥੋਂ ਦੀ ਚੰਗੀ ਸਿੱਖਿਆ ਪ੍ਰਣਾਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੁਨੀਆਂ ਵਿੱਚ ਜਿੰਨੇ ਵੀ ਵਿਕਸਤ ਦੇਸ਼ ਹੋਏ ਹਨ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਤਕਨੀਕ ਨਾਲ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਨੇ ਵਿਗਿਆਨਕ, ਖੋਜ , ਕਿੱਤਾਮੁੱਖੀ ਅਤੇ ਤਕਨੀਕੀ ਸਿੱਖਿਆ ਤੇ ਜ਼ੋਰ ਦਿੱਤਾ ਹੈ ਪਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਇਨ੍ਹਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਹੈ ਇਥੇ ਵੀ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਦੀ ਪਹਿਚਾਣ ਵੀ ਬਣੇ ਅਤੇ ਰੁਜ਼ਗਾਰ ਦਾ ਸਾਧਨ ਵੀ ਮਿਲ ਸਕੇ। ਅਜੋਕੀ ਤੇਜ਼ ਤਰਾਰ ਜ਼ਿੰਦਗੀ ਵਿਚ ਸਿੱਖਿਆ ਨੂੰ ਕਿੱਤਾਮੁਖੀ ਬਣਾਉਣਾ ਲਾਜ਼ਮੀ ਹੈ।

ਜਿਸ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਸੌਟ-ਟਰਮ ਤੇ ਲੌਂਗ ਟਰਮ / ਸਰਟੀਫਾਈਡ ਕੋਰਸ ਕਰਵਾਏ ਜਾ ਰਹੇ ਹਨ। ਜੇਕਰ ਪੰਜਾਬ ਵਿੱਚ (ITI) ਆਈ.ਟੀ.ਆਈ. ਦੇ ਕਿੱਤਾਮੁਖੀ ਕੋਰਸਾਂ ਬਾਰੇ ਵਿਚਾਰ ਕਰੀਏ ਤਾਂ ਇਥੇ ਵੀ ਬਹੁਤ ਸਾਰੇ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।
(I.T.I) ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਜੋ ਕਿ 1950 ਵਿਚ ਸ਼ੁਰੂ ਹੋਈ ਅਤੇ ਇਹ (MSDE) ਮਨਿਸਟਰੀ ਆੱਫ਼ ਸਕਿੱਲ ਡਿਵੈਲਪਮੈਂਟ ਅਤੇ ਇੰਟਰਪ੍ਰੀਨਿਉਰਸ਼ਿਪ ਅਧੀਨ ਆਉਂਦੀ ਹੈ। ਆਈ.ਟੀ.ਆਈ. ਅਧੀਨ ਬਹੁਤ ਸਾਰੇ ਤਕਨੀਕੀ ਕੋਰਸਾਂ ਨੂੰ ਰੱਖਿਆ ਜਾਂਦਾ ਹੈ। ਜਿਸ ਵਿਚ ਕਰੀਬ ਛੇ ਮਹੀਨੇ ਤੋਂ ਲੈਕੇ ਦੋ ਜਾਂ ਤਿੰਨ ਸਾਲ ਦੇ ਅਰਸੇ ਵਾਲੇ ਕੋਰਸ ਆ ਜਾਂਦੇ ਹਨ।

8ਵੀਂ ਪਾਸ ਵਿਦਿਆਰਥੀਆਂ ਕੋਲ ਵੀ ਕਿੱਤਾਮੁਖੀ ਕੋਰਸਾਂ ਦੀਆਂ ਬਹੁਤ ਸਾਰੀਆਂ ਆਪਸ਼ਨਾ ਹਨ ਜਿਵੇਂ ਕਿ ਪਲੰਬਰ ਦਾ ਕੋਰਸ, ਟਰੈਕਟਰ, ਮਕੈਨਿਕ , ਵੁੱਡ ਵਰਕ (ਲੱਕੜ ਖਰਾਦ), ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ (ਬਿਜਲੀ ਤੇ ਗੈਸ), ਕਾਰਪੇਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਜੇਕਰ ਦੋ ਸਾਲਾ ਕਿੱਤਾ ਕੋਰਸ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦੇ ਹਨ। 10ਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਵੀ ਆਈ.ਟੀ.ਆਈ. ਸੰਸਥਾਵਾਂ ਵੱਲੋਂ ਵੱਖ-ਵੱਖ ਸੁਵਿਧਾਵਾਂ ਅਤੇ ਸਕੌਲਰਸ਼ਿੱਪਸ ਅਧੀਨ ਪੰਜਾਬ ਵਿਚ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ ਜਿਵੇਂ ਕਿ ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਡੀਜ਼ਲ ਮਕੈਨਿਕ, ਸੀਟ ਮੈਂਟਲ ਵਰਕਰ ਕਟਿੰਗ ਟੇਲਰਿੰਗ, ਡਰੈਸ ਮੇਕਿੰਗ ਹੈਂਡ ਕੰਪੋਜ਼ਿਟਰ ,ਕੰਪਿਊਟਰ ਹਾਰਡਵੇਅਰ, ਕਾਰਪੇਂਟਰ, ਟਰੈਕਟਰ ਮਕੈਨਿਕ ਆਦਿ ਇਸੇ ਤਰ੍ਹਾਂ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਦੋ ਸਾਲਾਂ ਕੋਰਸ ਵੀ ਕਰ ਸਕਦੇ ਹਨ ਜਿਵੇਂ ਕਿ ਡਰਾਫਟਸਮੈਨ, ਸਿਵਲ ਜਾਂ ਮਕੈਨੀਕਲ, ਫ਼ਿਟਰ, ਟਰਨਰ, ਇਲੈਕਟ੍ਰਿਸੀਅਨ, ਮੋਟਰ ਮਕੈਨਿਕ, ਸਰਵੇਅਰ, ਰੈਫਰੀਜਰੇਟਰ, ਅਤੇ ਮਕੈਨੀਕਲ ਇਨਸਟੂਮੈਟ ਆਦਿ ਇਹ ਕੋਰਸ ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ। ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਦਾਖ਼ਲਾ ਫੀਸਾਂ ਲਗਭਗ ਨਾ-ਮਾਤਰ ਹੀ ਹੁੰਦੀਆਂ ਹਨ।

ਆਈ.ਟੀ.ਆਈ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਿਊਰੀ ਨਾਲੋਂ ਪ੍ਰੈਕਟੀਕਲ ਵਰਕ ਜ਼ਿਆਦਾ ਕਰਵਾਇਆ ਜਾਂਦਾ ਹੈ। .ਟੀ.ਆਈ. ਸੰਸਥਾ ਵਿਚ ਦਾਖ਼ਲਾ ਲੈਣਾ ਬਹੁਤ ਆਸਾਨ ਹੈ, ਜਿਸ ਲਈ ਆਨ-ਲਾਈਨ ਫਾਰਮ ਭਰਿਆ ਜਾ ਸਕਦਾ ਹੈ ਆਈ.ਟੀ.ਆਈ. ਕੋਰਸ ਕਰਨ ਉਪਰੰਤ ਵਿਦਿਆਰਥੀ ਆਰਮੀ ਦੇ ਟੈਕਨੀਕਲ ਵਿੰਗ ( ਜਿਵੇਂ : ਵੈਲਡਰ, ਫਿਟਰ, ਪਲੰਬਰ, ਇਲੈਕਟ੍ਰੀਸ਼ਅਨ, ਕਾਰਪੇਂਟਰ, ਹੇਅਰ ਕਟਰ ਅਤੇ ਡਰੈੱਸ ਡਿਜ਼ਾਈਨਰ ਆਦਿ) ਵਿਚ ਆਪਣੀਆਂ ਸੇਵਾਵਾਂ ਦੇਣ ਦੇ ਯੋਗ ਬਣ ਸਕਦੇ ਹਨ । ਇਸੇ ਤਰ੍ਹਾਂ ਰੇਲਵੇ ਵਿਚ ਵੀ ਟੈਕਨੀਕਲ ਅਸਾਮੀਆਂ ਵਾਸਤੇ ਯੋਗਤਾ ਬਣ ਜਾਂਦੀ ਹੈ ।

ਮਸਲਨ, ਕਿ ਵਿਦਿਆਰਥੀ ਥੋੜੀ ਜਿਹੀ ਜਾਣਕਾਰੀ ਅਤੇ ਮਿਹਨਤ ਨਾਲ ਆਪਣੇ ਹੁਨਰ ਦਾ ਆਪ ਮੁੱਲ ਪਵਾ ਸਕਦੇ ਹਨ। ਜਿੰਨ੍ਹੀ ਵਿਦਿਆਰਥੀਆਂ ਦੇ ਹੱਥ ਵਿਚ ਸਫ਼ਾਈ ਤੇ ਕਲਾ ਹੋਵੇਗੀ ਉਨ੍ਹਾਂ ਹੀ ਵਧੀਆ ਰੁਜ਼ਗਾਰ ਹਾਸਲ ਕਰ ਸਕਦੇ ਹਨ। ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਜਾਣਕਾਰੀ ਦੀ ਘਾਟ ਕਰਕੇ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਬਿਨਾ ਕਿਸੇ ਕਿੱਤਾ ਮੁੱਖੀ ਕੋਰਸ ਦੇ ਰੁਜ਼ਗਾਰ ਲੈਣ ਲਈ ਬੜੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਦਿਹਾਤੀ ਖੇਤਰ ਦੇ ਵਿਦਿਆਰਥੀ ਸਹੀ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਰੁਜ਼ਗਾਰ ਨਾ ਮਿਲਣ ਕਰਕੇ ਨਿਰਾਸ਼ਾ ਵੱਲ ਤੁਰ ਪੈਂਦੇ ਹਨ ਜੋ ਹੌਲੀ ਹੌਲੀ ਨਸ਼ਿਆਂ ਦਾ ਕਾਰਨ ਵੀ ਬਣ ਜਾਂਦੀ ਹੈ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਭਾਅ…
Next articleਜਦੋਂ ਇਰਾਦਾ ਹੋਵੇ…